ਚੀਨ ਦੀ ਤਬਾਹਕੁੰਨ ਮਿਜ਼ਾਇਲ ਨਾਲ ਨਜਿੱਠਣ ਲਈ ਤਿਆਰ ਜਪਾਨ
Wednesday, Oct 20, 2021 - 06:26 PM (IST)
ਟੋਕੀਓ– ਜਪਾਨ ਨੇ ਚੀਨ ਦੀ ਦਾਦਾਗਿਰੀ ਦਾ ਮੁੰਹਤੋੜ ਜਵਾਬ ਦੇਣ ਲਈ ਉਸ ਦੀ ਪੁਲਾੜ ਤੋਂ ਦਾਗੀ ਜਾਣ ਵਾਲੀ ਤਬਾਹਕੁੰਨ ਹਾਈਪਰਸੋਨਿਕ ਮਿਜ਼ਾਇਲ ਨਾਲ ਨਜਿੱਠਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਜਪਾਨ ਨੇ ਆਪਣੀ ਮਿਜ਼ਾਇਲ ਰੱਖਿਆ ਸਮਰੱਥਾ ਨੂੰ ਮਜ਼ਬੂਤ ਕਰਨ ਦਾ ਸੰਕੇਤ ਦਿੱਤਾ ਹੈ। ਜਪਾਨ ਨੇ ਇਹ ਐਲਾਨ ਅਜਿਹੇ ਸਮੇਂ ’ਤੇ ਕੀਤਾ ਹੈ ਜਦੋਂ ਚੀਨ ਨੇ ਹਾਈਪਰਸੋਨਿਕ ਪ੍ਰਮਾਣੂ ਮਿਜ਼ਾਇਲ ਦਾ ਪੁਲਾੜ ਤੋਂ ਧਰਤੀ ’ਤੇ ਹਮਲਾ ਕਰਨ ਲਈ ਪ੍ਰੀਖਣ ਕੀਤਾ ਹੈ। ਜਪਾਨ ਬੁਲਾਰੇ ਨੇ ਇਸ ਦੌਰਾਨ ਚੀਨ ਦੇ ਪ੍ਰੀਖਣ ਦਾ ਵੀ ਜ਼ਿਕਰ ਕੀਤਾ।
ਜਪਾਨ ਸਰਕਾਰ ਦੇ ਮੁਖ ਕੈਬਨਿਟ ਸੈਕਟਰੀ ਮਤਸੂਨੋ ਹਿਰੋਕਾਜੂ ਨੇ ਕਿਹਾ ਕਿ ਚੀਨ ਦੁਨੀਆ ਭਰ ਦੇ ਮਿਜ਼ਾਇਨ ਡਿਫੈਂਸ ਸਿਸਟਮ ਨੂੰ ਤਬਾਹ ਕਰਨ ’ਚ ਸਮਰੱਥ ਅਤੇ ਪ੍ਰਮਾਣੂ ਹਥਿਆਰ ਲਿਜਾਉਣ ਵਾਲੀ ਹਾਈਪਰਸੋਨਿਕ ਮਿਜ਼ਾਇਲ ਦਾ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਚੀਨ ਲਗਾਤਾਰ ਵਧਦੇ ਆਪਣੇ ਰੱਖਿਆ ਖਰਚ ਨੂੰ ਲੈ ਕੇ ਪਾਰਦਰਸ਼ੀ ਨਹੀਂ ਹੈ। ਮਤਸੂਨੋ ਨੇ ਕਿਹਾ ਕਿ ਚੀਨ ਲਗਾਤਾਰ ਆਪਣੇ ਪ੍ਰਮਾਣੂ ਹਥਿਆਰਾਂ ਅਤੇ ਮਿਜ਼ਾਇਲਾਂ ਦੀ ਸਮਰੱਥਾ ਅਤੇ ਗਿਣਤੀ ਵਧਾ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਚੀਨ ਦਾ ਸਮੁੰਦਰ ਅਤੇ ਹਵਾ ’ਚ ਤੇਜ਼ੀ ਨਾਲ ਫੌਜੀ ਗਤੀਵਿਧੀਆਂ ਦਾ ਵਿਸਤਾਰ ਖੇਤਰੀ ਅਤੇ ਗਲੋਬਲ ਭਾਈਚਾਰੇ ਲਈ ਵੱਡੀ ਸੁਰੱਖਿਆ ਚਿੰਤਾ ਦਾ ਵਿਸ਼ਾ ਹੈ।