1 ਘੰਟੇ ''ਚ 2 ਵਾਰ ਭੂਚਾਲ ਦੇ ਝਟਕਿਆਂ ਨਾਲ ਕੰਬਿਆ ਜਾਪਾਨ
Tuesday, May 19, 2020 - 02:08 PM (IST)
ਟੋਕੀਓ : ਜਾਪਾਨ ਦੇ ਸਭ ਤੋਂ ਵੱਡੇ ਹੋਂਸ਼ੁ ਟਾਪੂ 'ਤੇ ਇਕ ਘੰਟੇ ਵਿਚ ਭੂਚਾਲ ਦੇ 2 ਝਟਕੇ ਮਹਿਸੂਸ ਕੀਤੇ ਗਏ ਪਰ ਇਨ੍ਹਾਂ ਵਿਚ ਜਾਨ-ਮਾਲ ਦੇ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਕੇਂਦਰੀ ਮੌਸਮ ਏਜੰਸੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਏਜੰਸੀ ਮੁਤਾਬਕ ਹੋਂਸ਼ੁ ਟਾਪੂ ਦੇ ਪੂਰਬੀ ਤੱਟ 'ਤੇ ਫੁਕੁਸ਼ਿਮਾ ਸੂਬੇ ਵਿਚ ਸਥਾਨਕ ਸਮੇਂ ਮੁਤਾਬਕ 12.17 ਵਜੇ ਭੂਚਾਲ ਦਾ ਝਟਕਾ ਮਹਿਸੂਸ ਕੀਤਾ ਗਿਆ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.3 ਮਾਪੀ ਗਈ ਅਤੇ ਇਸ ਦਾ ਕੇਂਦਰ 50 ਕਿਲੋਮੀਟਰ ਦੀ ਡੂੰਘਾਈ 'ਚ ਸਥਿਤ ਸੀ। ਭੂਚਾਲ ਦਾ ਦੂਜਾ ਝਟਕਾ ਹੋਂਸ਼ੁ ਟਾਪੂ ਦੇ ਪੱਛਮੀ ਤੱਟ 'ਤੇ ਗਿਫੁ ਸੂਬੇ ਵਿਚ ਮਹਿਸੂਸ ਕੀਤਾ ਗਿਆ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ ਵੀ 5.3 ਮਾਪੀ ਗਈ ਅਤੇ ਇਸ ਦਾ ਕੇਂਦਰ 10 ਕਿਲੋਮੀਟਰ ਦੀ ਡੂੰਘਾਈ ਵਿਚ ਸਥਿਤ ਸੀ। ਦੋਵਾਂ ਸਥਾਨਾਂ 'ਤੇ ਕਿਸੇ ਵੀ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਰਿਪੋਰਟ ਨਹੀਂ ਹੈ। ਮੌਸਮ ਵਿਭਾਗ ਨੇ ਸੁਨਾਮੀ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਹੈ।