ਕਲਾਈਮੇਟ ਚੇਂਜ ਨੂੰ ਲੈ ਕੇ ਜਗਮੀਤ ਸਿੰਘ ਨੇ ਟਰੂਡੋ ਨੂੰ ਲਿਆ ਲੰਮੇ ਹੱਥੀਂ

05/09/2019 7:03:40 PM

ਸਰੀ (ਏਜੰਸੀ)- ਵਾਤਾਵਰਣ 'ਚ ਬਦਲਾਅ ਅਜੋਕੇ ਸਮੇਂ ਦਾ ਸਭ ਤੋਂ ਵੱਡਾ ਖਤਰਾ ਹੈ, ਜਿਸ ਦਾ ਅਸੀਂ ਸਾਹਮਣਾ ਕਰ ਰਹੇ ਹਾਂ ਇਹ ਕਹਿਣਾ ਹੈ ਐਨ.ਡੀ.ਪੀ. ਆਗੂ ਜਗਮੀਤ ਸਿੰਘ ਦਾ। ਉਨ੍ਹਾਂ ਨੇ ਆਪਣੇ ਟਵਿੱਟਰ ਅਕਾਉਂਟ 'ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 'ਤੇ ਵਰ੍ਹਦਿਆਂ ਲਿਖਿਆ ਕਿ ਪ੍ਰਧਾਨ ਮੰਤਰੀ ਟਰੂਡੋ ਫੋਸਿਲ ਫਿਊਲ ਸਬਸਿਡੀ 'ਤੇ ਅਰਬਾਂ ਡਾਲਰ ਖਰਚ ਕਰ ਰਹੇ ਹਨ, ਜਦੋਂ ਕਿ ਕੰਜ਼ਰਵੇਟਿਵ ਪਾਰਟੀ ਵਲੋਂ ਨਿਰਧਾਰਤ ਕਮਜ਼ੋਰ ਨਿਕਾਸੀ ਟੀਚੇ ਇਸ ਨੂੰ ਰੋਕਣ 'ਚ ਅਸਫਲ ਰਹੇ। ਸਾਨੂੰ ਉਤਸਰਜਨ ਨੂੰ ਘੱਟ ਕਰਨ ਲਈ ਅਤੇ ਇਕ ਸਵੱਛ ਊਰਜਾ ਭਵਿੱਖ ਦਾ ਨਿਰਮਾਣ ਕਰਨ ਲਈ ਵੱਡੀ ਕਾਰਵਾਈ ਦੀ ਲੋੜ ਹੈ।

ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਕੈਬਨਿਟ ਮੀਟਿੰਗ ਤੋਂ ਪਹਿਲਾਂ ਟਰੂਡੋ ਨੇ ਵਾਤਾਵਰਣ ਵਿੱਚ ਹੋਣ ਵਾਲੀਆਂ ਤਬਦੀਲੀਆਂ ਸਬੰਧੀ ਕੋਈ ਕਾਰਵਾਈ ਕਰਨ ਦੇ ਸੰਕੇਤ ਨਹੀਂ ਦਿੱਤੇ। ਟਰੂਡੋ ਨੇ ਆਖਿਆ ਕਿ ਅਹਿਮ ਗੱਲ ਇਹ ਹੈ ਕਿ ਕੈਨੇਡੀਅਨਾਂ ਨੂੰ ਇਸ ਸਾਲ ਦੇ ਅੰਤ ਵਿੱਚ ਉਹੀ ਸਰਕਾਰ ਚੁਣਨੀ ਚਾਹੀਦੀ ਹੈ ਜਿਹੜੀ ਵਾਤਾਵਰਣ ਸਬੰਧੀ ਕਾਰਵਾਈ ਕਰਨ ਲਈ ਵਚਨਬੱਧ ਹੋਵੇ। ਅਸੀਂ ਇਹ ਨੁਕਤਾ ਚੋਣ ਮੁਹਿੰਮ ਵਿੱਚ ਵੀ ਉਠਾਵਾਂਗੇ। ਇੱਥੇ ਦੱਸਣਾ ਬਣਦਾ ਹੈ ਕਿ ਕਾਰਬਨ ਟੈਕਸ ਦੇ ਮੁੱਦੇ ਉੱਤੇ ਪ੍ਰਧਾਨ ਮੰਤਰੀ ਟਰੂਡੋ ਨੂੰ ਐਂਡਰਿਊ ਸ਼ੀਅਰ ਦੇ ਫੈਡਰਲ ਟੋਰੀਜ਼ ਦੇ ਨਾਲ-ਨਾਲ ਸਸਕੈਚਵਨ ਦੇ ਪ੍ਰੀਮੀਅਰ ਸਕੌਟ ਮੋਏ, ਅਲਬਰਟਾ ਦੇ ਪ੍ਰੀਮੀਅਰ ਜੇਸਨ ਕੇਨੀ ਤੇ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਤੋਂ ਸਖ਼ਤ ਖਿਲਾਫਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


Sunny Mehra

Content Editor

Related News