ਬਲਾਕ MP ਨੂੰ ਨਸਲਵਾਦੀ ਕਹਿਣ 'ਤੇ ਡੁਸੇਪੇ ਦਾ ਜਗਮੀਤ ਸਿੰਘ 'ਤੇ ਨਿਸ਼ਾਨਾ

06/21/2020 4:02:01 PM

ਓਟਾਵਾ— ਸਾਬਕਾ ਬਲਾਕ ਕਿਊੂਬਿਕੋਇਸ ਨੇਤਾ ਗਿਲਲਸ ਡੁਸੇਪੇ ਨੇ ਜਗਮੀਤ ਸਿੰਘ ਵੱਲੋਂ ਇਕ ਸੰਸਦ ਮੈਂਬਰ (ਐੱਮ. ਪੀ.) ਨੂੰ ਨਸਲਵਾਦੀ ਕਹਿਣ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਕਿਹਾ ਕਿ ਉਹ ਬਲਾਕ ਸੰਸਦ ਮੈਂਬਰ ਨੂੰ ਨਸਲਵਾਦੀ ਕਹਿ ਕੇ 'ਸਸਤੀ ਰਾਜਨੀਤੀ' ਖੇਡ ਰਹੇ ਹਨ।

ਡੁਸੇਪੇ ਨੇ ਕਿਹਾ ਕਿ ਸੰਸਦ 'ਚ ਬਲਾਕ ਐੱਮ. ਪੀ. ਵੱਲੋਂ ਪੁਲਸ ਪ੍ਰਣਾਲੀ 'ਚ ਨਸਲਵਾਦ ਖਿਲਾਫ ਨਿੰਦਾ ਪ੍ਰਸਤਾਵ ਦਾ ਸਮਰਥਨ ਨਾ ਕਰਨ ਕਾਰਨ ਜਗਮੀਤ ਸਿੰਘ ਉਸ ਨੂੰ ਨਸਲਵਾਦੀ ਕਹਿ ਕੇ 'ਸਸਤੀ ਰਾਜਨੀਤੀ' ਖੇਡ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਪ੍ਰਸਤਾਵ 'ਤੇ ਸਹਿਮਤੀ ਤੋਂ ਇਨਕਾਰ ਕਰਨ 'ਤੇ ਜਗਮੀਤ ਸਿੰਘ ਦਾ ਸੰਸਦ 'ਚ ਬਲਾਕ ਕਿਊਬਿਕੋਇਸ ਹਾਊਸ ਨੇਤਾ ਅਲੇਨ ਥੈਰਿਨ ਨੂੰ ਨਸਲਵਾਦੀ ਕਹਿਣਾ ਗਲਤ ਸੀ।

PunjabKesari
ਸਿੰਘ ਵੱਲੋਂ ਰੱਖੇ ਪ੍ਰਸਤਾਵ 'ਚ ਰਾਇਲ ਕੈਨੇਡੀਅਨ ਮਾਊਂਟੇਡ ਪੁਲਸ (ਆਰ. ਸੀ. ਐੱਮ. ਪੀ.) ਦੇ ਬਜਟ ਦੀ ਸਮੀਖਿਆ ਅਤੇ ਇਸ ਦੇ ਮੁਲਾਜ਼ਮਾਂ ਵੱਲੋਂ ਤਾਕਤ ਦੇ ਇਸਤੇਮਾਲ ਦੀ ਸਮੀਖਿਆ ਦੇ ਨਾਲ-ਨਾਲ ਰਾਸ਼ਟਰੀ ਫੋਰਸ ਨੂੰ ਚਲਾਉਣ ਵਾਲੇ ਕਾਨੂੰਨ ਦੀ ਵੀ ਸਮੀਖਿਆ ਕਰਨ ਦੀ ਮੰਗ ਕੀਤੀ ਗਈ ਸੀ। ਇਸ 'ਤੇ ਅੱਗੇ ਵਧਣ ਲਈ ਇਸ ਨੂੰ ਸਾਰੇ ਸੰਸਦ ਮੈਂਬਰਾਂ ਤੋਂ ਸਰਬਸੰਮਤੀ ਦੀ ਲੋੜ ਸੀ ਪਰ ਥੈਰਿਨ ਨੇ ਇਸ 'ਤੇ ਸਹਿਮਤੀ ਤੋਂ ਇਨਕਾਰ ਕਰ ਦਿੱਤਾ। ਇਸ 'ਤੇ ਸਿੰਘ ਨੇ ਥੈਰਿਨ ਨੂੰ ਨਸਲਵਾਦੀ ਕਿਹਾ ਅਤੇ ਮਾਫੀ ਮੰਗਣ ਤੋਂ ਵੀ ਨਾਂਹ ਕਰ ਦਿੱਤੀ, ਜਿਸ ਕਾਰਨ ਸਪੀਕਰ ਨੇ ਗਲਤ ਸ਼ਬਦਾਵਲੀ ਵਰਤਣ 'ਤੇ ਜਗਮੀਤ ਸਿੰਘ ਨੂੰ ਸੰਸਦ ਦੀ ਕਾਰਵਾਈ ਤੋਂ ਬਾਹਰ ਕਰ ਦਿੱਤਾ ਸੀ।

ਜ਼ਿਕਰਯੋਗ ਹੈ ਕਿ ਅਮਰੀਕਾ 'ਚ ਜਾਰਜ ਫਲਾਇਡ ਦੀ ਮੌਤ ਮਗਰੋਂ ਵਿਸ਼ਵ ਪੱਧਰ 'ਤੇ ਪੁਲਸ ਪ੍ਰਣਾਲੀ 'ਚ ਸੁਧਾਰਾਂ ਦੀ ਮੰਗ ਉੱਠ ਰਹੀ ਹੈ। ਗ੍ਰਿਫਤਾਰੀ ਦੌਰਾਨ ਇਕ ਪੁਲਸ ਅਧਿਕਾਰੀ ਵੱਲੋਂ ਜਾਰਜ ਫਲਾਇਡ ਦੀ ਗਰਦਨ ਗੋਡੇ ਨਾਲ ਤਕਰੀਬਨ 9 ਮਿੰਟ ਤੱਕ ਦਬਾਈ ਰੱਖਣ ਨਾਲ ਉਸ ਦੀ ਮੌਤ ਹੋ ਗਈ ਸੀ। ਕੈਨੇਡਾ 'ਚ ਵੀ ਪੁਲਸ 'ਚ ਵਿਵਸਥਾਵਾਦੀ ਨਸਲਵਾਦ ਖਿਲਾਫ ਜਗ੍ਹਾ-ਜਗ੍ਹਾ ਪ੍ਰਦਰਸ਼ਨ ਹੋਏ ਹਨ।


Sanjeev

Content Editor

Related News