ਤਾਲਿਬਾਨ ਲਈ ਪਾਕਿਸਤਾਨ ਦਾ ਸਮਰਥਨ ਰੋਕਣ ’ਚ ਨਾਕਾਮ ਰਿਹਾ ਅਮਰੀਕਾ : ਸੈਨੇਟਰ

Wednesday, Sep 29, 2021 - 05:21 PM (IST)

ਤਾਲਿਬਾਨ ਲਈ ਪਾਕਿਸਤਾਨ ਦਾ ਸਮਰਥਨ ਰੋਕਣ ’ਚ ਨਾਕਾਮ ਰਿਹਾ ਅਮਰੀਕਾ : ਸੈਨੇਟਰ

ਵਾਸ਼ਿੰਗਟਨ (ਬਿਊਰੋ)– ਅਮਰੀਕਾ ਦੇ ਇਕ ਚੋਟੀ ਦੇ ਸੰਸਦ ਮੈਂਬਰ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਤਾਲਿਬਾਨ ਲਈ ਪਾਕਿਸਤਾਨ ਦਾ ਸਮਰਥਨ ਰੋਕਣ ’ਚ ਨਾਕਾਮ ਰਿਹਾ ਤੇ ਇਹ ਅਫਗਾਨਿਸਤਾਨ ’ਚ ‘ਅਮਰੀਕਾ ਦੀ ਨਾਕਾਮਯਾਬੀ’ ਦੇ ਮੁੱਖ ਕਾਰਨਾਂ ’ਚੋਂ ਇਕ ਹੈ।

ਸੈਨੇਟਰ ਜੈਕ ਰੀਡ ਨੇ ਅਫਗਾਨਿਸਤਾਨ ’ਤੇ ਕਾਂਗਰਸ ਦੀ ਬਹਿਸ ਦੌਰਾਨ ਮੰਗਲਵਾਰ ਨੂੰ ਕਿਹਾ, ‘ਅਮਰੀਕੀ ਫੌਜ ਦੀ ਵਾਪਸੀ ਤੇ ਉਸ ਦੇ ਆਲੇ-ਦੁਆਲੇ ਦੀਆਂ ਘਟਨਾਵਾਂ ਬਾਹਰੀ ਪ੍ਰਭਾਵਾਂ ਤੋਂ ਅਲੱਗ ਨਹੀਂ ਸਨ। ਇਰਾਕ ’ਚ ਜੋ ਕੁਝ ਸਾਡੇ ਨਾਲ ਹੋਇਆ, ਤਾਲਿਬਾਨ ਲਈ ਪਾਕਿਸਤਾਨ ਦੇ ਸਮਰਥਨ ਨਾਲ ਨਜਿੱਠਣ ਲਈ ਸਾਡੀ ਨਾਕਾਮੀ ਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਕੀਤੇ ਗਏ ਦੋਹਾ ਸਮਝੌਤੇ ਨੇ ਅਫਗਾਨਿਸਤਾਨ ’ਚ ਸਾਡੀ ਅਸਫਲਤਾ ਦੀ ਰਾਹ ਬਣਾਈ।’

ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਸਰਕਾਰ ਦੀ ਅਗਵਾਈ ਹੁਣ ਅੱਤਵਾਦੀ ਕਰ ਰਹੇ ਹਨ, ਜਿਨ੍ਹਾਂ ਦਾ ਲੰਮੇ ਸਮੇਂ ਤੋਂ ਅਲ-ਕਾਇਦਾ ਨਾਲ ਸਬੰਧ ਰਿਹਾ ਹੈ। ਉਨ੍ਹਾਂ ਕਿਹਾ, ‘ਅਸੀਂ ਅਫਗਾਨਿਸਤਾਨ ਹਵਾਈ ਖੇਤਰ ’ਚ ਦਾਖ਼ਲੇ ਲਈ ਪਾਕਿਸਤਾਨ ਸਰਕਾਰ ਦੀ ਦਯਾ ’ਤੇ ਨਿਰਭਰ ਹਾਂ। ਜੇਕਰ ਅਸੀਂ ਉਥੇ ਦਾਖ਼ਲ ਵੀ ਹੋ ਜਾਈਏ ਤਾਂ ਅਸੀਂ ਅਫਗਾਨਿਸਤਾਨ ’ਚ ਅਲ-ਕਾਇਦਾ ’ਤੇ ਹਮਲਾ ਨਹੀਂ ਕਰ ਸਕਦੇ ਕਿਉਂਕਿ ਸਾਨੂੰ ਚਿੰਤਾ ਹੈ ਕਿ ਤਾਲਿਬਾਨ ਉਥੇ ਮੌਜੂਦ ਅਮਰੀਕੀਆਂ ਨਾਲ ਕੀ ਕਰੇਗਾ।’

ਉਨ੍ਹਾਂ ਕਿਹਾ, ‘ਪ੍ਰਸ਼ਾਸਨ ਨੂੰ ਈਮਾਨਦਾਰ ਹੋਣਾ ਚਾਹੀਦਾ ਹੈ। ਰਾਸ਼ਟਰਪਤੀ ਜੋ ਬਾਇਡੇਨ ਦੇ ਤਬਾਹਕੁੰਨ ਫ਼ੈਸਲੇ ਕਾਰਨ ਅਮਰੀਕੀ ਪਰਿਵਾਰਾਂ ’ਤੇ ਅੱਤਵਾਦੀ ਖਤਰਾ ਵੱਧ ਰਿਹਾ ਹੈ ਤੇ ਇਨ੍ਹਾਂ ਖਤਰਿਆਂ ਨਾਲ ਨਜਿੱਠਣ ਦੀ ਸਾਡੀ ਸਮਰੱਥਾ ਖ਼ਤਮ ਹੋ ਗਈ ਹੈ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News