ਇਟਲੀ : ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਲਈ ਜਲਦ ਹੋਵੇਗੀ ਗੁਰਦੁਆਰਾ ਸਾਹਿਬ ਦੇ ਆਗੂਆਂ ਦੀ ਮੀਟਿੰਗ

Wednesday, Jan 06, 2021 - 10:07 AM (IST)

ਇਟਲੀ : ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਲਈ ਜਲਦ ਹੋਵੇਗੀ ਗੁਰਦੁਆਰਾ ਸਾਹਿਬ ਦੇ ਆਗੂਆਂ ਦੀ ਮੀਟਿੰਗ

ਰੋਮ (ਕੈਂਥ): ਇਟਲੀ ਵਿੱਚ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਲਈ ਯਤਨਸ਼ੀਲ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਰਜਿ:) ਇਟਲੀ ਜਲਦ ਹੀ ਇਟਲੀ ਦੇ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਦੇ ਆਗੂਆਂ ਦੀ ਸਾਂਝੀ ਮੀਟਿੰਗ ਬੁਲਾਏਗੀ।ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ ਨਾਲ ਇਹ ਜਾਣਕਾਰੀ ਸਾਂਝੀ ਕਰਦਿਆਂ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਰਜਿ:)ਇਟਲੀ ਦੇ ਆਗੂਆਂ ਨੇ ਕਿਹਾ ਕਿ ਇਸ ਸਮੇਂ ਇਟਲੀ ਵਿੱਚ ਕੋਵਿਡ-19 ਕਾਰਨ ਤਾਲਾਬੰਦੀ ਚੱਲ ਰਹੀ ਹੈ ਤੇ ਜਦੋਂ ਵੀ ਇਟਲੀ ਸਰਕਾਰ ਇਸ ਤਾਲਾਬੰਦੀ ਨੂੰ ਖ਼ਤਮ ਕਰਨ ਦਾ ਐਲਾਨ ਕਰਦੀ ਹੈ ਤਾਂ ਪਹਿਲ ਦੇ ਅਧਾਰ 'ਤੇ ਉਹ ਇਟਲੀ ਦੇ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਦੇ ਆਗੂਆਂ ਨਾਲ ਵਿਸ਼ੇਸ਼ ਮੀਟਿੰਗ ਕਰਨਗੇ, ਜਿਸ ਵਿੱਚ ਇਟਲੀ ਵਿੱਚ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਸੰਬਧੀ ਵਿਸਥਾਰਪੂਰਵਕ ਵਿਚਾਰ ਵਟਾਂਦਰਿਆਂ ਤੋਂ ਇਲਾਵਾ ਵੀ ਹੋਰ ਸਿੱਖ ਮੁੱਦਿਆਂ ਉੱਪਰ ਡੂੰਘੀਆਂ ਵਿਚਾਰਾਂ ਕੀਤੀਆਂ ਜਾਣਗੀਆਂ।

ਪੜ੍ਹੋ ਇਹ ਅਹਿਮ ਖਬਰ-  ਪੱਛਮੀ ਆਸਟ੍ਰੇਲੀਆ 'ਚ ਸਿੱਖਾਂ ਨੇ ਭਾਰਤੀ ਕਿਸਾਨੀ ਅੰਦੋਲਨ ਦੀ ਹਮਾਇਤ ਲਈ ਕੀਤਾ ਸਲੀਪ ਆਊਟ

ਇਹ ਮੀਟਿੰਗ ਕਦੋਂ ਅਤੇ ਕਿੱਥੇ ਹੋਵੇਗੀ ਇਸ ਦੀ ਸਾਰੀ ਜਾਣਕਾਰੀ ਵੇਰਵੇ ਸਹਿਤ ਸਭ ਪ੍ਰਧਾਨ ਸਾਹਿਬਾਨਾਂ ਨੂੰ ਜਲਦ ਦੱਸੀ ਜਾਵੇਗੀ। ਜ਼ਿਕਰਯੋਗ ਹੈ ਕਿ ਇਟਲੀ ਦੇ ਗੁਰਦੁਆਰਾ ਸਾਹਿਬ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬਣੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਰਜਿ:) ਇਟਲੀ ਪਿਛਲੇ 5 ਸਾਲਾਂ ਤੋਂ ਇਟਲੀ ਵਿੱਚ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਲਈ ਯਤਨਸ਼ੀਲ ਹੈ।ਜਿਸ ਦੇ ਚੱਲਦਿਆਂ ਕਮੇਟੀ ਵੱਲੋਂ ਇਟਲੀ ਸਰਕਾਰ ਦੇ ਨੁਮਾਇੰਦਿਆਂ ਨਾਲ ਕਈ ਵਾਰ ਗੱਲਬਾਤ ਹੋਈ ਹੈ। ਸਿੱਖ ਧਰਮ ਰਜਿਸਟਰਡ ਕਰਵਾਉਣ ਲਈ ਜਿਹੜੀ ਵੀ ਕਾਗਜ਼ੀ ਕਾਰਵਾਈ ਚੱਲ ਰਹੀ ਹੈ ਉਸ ਨੂੰ ਬਹੁਤ ਹੀ ਬਾਰੀਕੀ ਨਾਲ ਨੇਪਰੇ ਚਾੜ੍ਹਿਆ ਜਾ ਰਿਹਾ ਹੈ ਤਾਂ ਜੋ ਨਿਰਵਿਘਨ ਇਟਲੀ ਵਿੱਚ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਦਾ ਜਿਹੜਾ ਕਾਰਜ ਆਰੰਭਿਆ ਗਿਆ ਹੈ ਉਹ ਗੁਰੂ ਸਾਹਿਬ ਦੀ ਕਿਰਪਾ ਨਾਲ ਪੂਰਾ ਹੋ ਸਕੇ।ਸਭ ਗੁਰਦੁਆਰਾ ਸਾਹਿਬ ਦੇ ਆਗੂਆਂ ਨੂੰ ਅਪੀਲ ਹੈ ਕਿ ਜਦੋਂ ਵੀ ਇਸ ਮੀਟਿੰਗ ਦਾ ਸਮਾਂ ਤੈਅ ਹੋ ਜਾਂਦਾ ਹੈ ਤਾਂ ਉਹ ਮੁੱਦੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਮੀਟਿੰਗ ਵਿੱਚ ਜ਼ਰੂਰ ਸ਼ਮੂਲੀਅਤ ਕਰਨ ਤਾਂ ਜੋ ਜਲਦ ਸਿੱਖ ਸੰਗਤ ਨੂੰ ਖੁਸ਼ੀ ਵਾਲੀ ਖ਼ਬਰ ਸੁਣਨ ਨੂੰ ਮਿਲੇ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


author

Vandana

Content Editor

Related News