ਇਟਲੀ : ਦੂਜੀ ਵਿਸ਼ਵ ਜੰਗ ''ਚ ਸ਼ਹੀਦ ਹੋਏ ਸਿੱਖ ਫੌਜੀਆਂ ਨੂੰ ਦਿੱਤੀ ਸ਼ਰਧਾਂਜਲੀ

06/05/2019 11:40:31 AM

ਰੋਮ, (ਕੈਂਥ)— ਦੂਜੀ ਵਿਸ਼ਵ ਜੰਗ ਸਮੇਂ ਇਟਲੀ ਦੀ ਧਰਤੀ ਉੱਤੇ ਸ਼ਹੀਦ ਹੋਏ ਸਿੱਖ ਫੌਜੀਆਂ ਦੀਆਂ ਯਾਦਗਾਰਾਂ ਨੂੰ ਸਮਰਪਿਤ ਵਿਸ਼ੇਸ਼ ਸਮਾਰਕ ਬਣਾਉਣ ਵਾਲੀ ਇਟਲੀ ਦੀ 'ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰ ਕਮੇਟੀ' (ਰਜਿ:) ਨਿਰੰਤਰ ਆਪਣੇ ਮਕਸਦ ਨੂੰ ਨੇਪਰੇ ਚਾੜ ਰਹੀ ਹੈ । ਹੁਣ ਤੱਕ ਕਮੇਟੀ ਇਟਲੀ ਭਰ 'ਚ 9 ਸਿੱਖ ਫੌਜੀ ਸ਼ਹੀਦਾਂ ਦੀਆਂ ਸਮਾਰਕਾਂ ਸਥਾਪਿਤ ਕਰ ਚੁੱਕੀ ਹੈ, ਜਿਨ੍ਹਾਂ ਉੱਤੇ ਇੱਕ ਲੱਖ ਤੋਂ ਵੱਧ ਯੂਰੋ ਦਾ ਖਰਚ ਸਮੁੱਚੀਆਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਹੋਇਆ ਹੈ। 

ਕਮੇਟੀ ਸਿਰਫ਼ ਸ਼ਹੀਦ ਸਿੱਖ ਫੌਜੀਆਂ ਦੀਆਂ ਯਾਦਗਾਰਾਂ ਹੀ ਸਥਾਪਿਤ ਨਹੀਂ ਕਰਦੀ ਸਗੋਂ ਵੱਖ-ਵੱਖ ਸ਼ਹੀਦ ਸਿੱਖ ਫੌਜੀਆਂ ਨਾਲ ਸੰਬਧਿਤ ਸ਼ਹੀਦੀ ਦਿਨ ਵੀ ਸਥਾਨਕ ਇਤਾਲਵੀ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਮਨਾਉਂਦੀ ਹੈ। ਬੀਤੇ ਦਿਨ ਇਟਲੀ ਦੇ ਸ਼ਹਿਰ ਮੋਰਾਦੀ ਵਿਖੇ 350 ਸ਼ਹੀਦ ਸਿੱਖ ਫੌਜੀਆਂ ਦੇ 75ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸ਼ਹੀਦੀ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਇਤਾਲਵੀ ਅਤੇ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਦੋਵਾਂ ਦੇਸ਼ਾਂ ਦੇ ਲੋਕਾਂ ਵਲੋਂ ਦੂਜੀ ਵਿਸ਼ਵ ਜੰਗ 'ਚ ਇਟਲੀ ਵਿਖੇ ਬਹਾਦਰੀ ਅਤੇ ਸੂਰਵੀਰਤਾ ਨਾਲ ਲੜਦਿਆਂ ਸ਼ਹੀਦ ਹੋਏ 350 ਸਿੱਖ ਫੌਜੀਆਂ ਨੂੰ ਸ਼ਰਧਾਂਜਲੀ ਦਿੱਤੀ।

PunjabKesari

ਇਸ ਮੌਕੇ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰ ਕਮੇਟੀ (ਰਜਿ:)ਦੇ ਆਗੂ ਪ੍ਰਿਥੀਪਾਲ ਸਿੰਘ, ਸੇਵਾ ਸਿੰਘ, ਸਤਿਨਾਮ ਸਿੰਘ, ਇਕਬਾਲ ਸਿੰਘ, ਰਾਵਿੰਦਰ ਸਿੰਘ ਅਤੇ ਰਾਜ ਕੁਮਾਰ ਆਦਿ ਨੇ ਸਾਂਝੇ ਤੌਰ 'ਤੇ ਇਟਲੀ ਦੇ ਸ਼ਹੀਦ ਸਿੱਖ ਫੌਜੀਆਂ ਦੀ ਜੰਗ ਦੇ ਮੈਦਾਨ ਵਿੱਚ ਪ੍ਰਾਪਤ ਕੀਤੀ ਵੀਰਗਤੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦੂਜੀ ਵਿਸ਼ਵ ਜੰਗ ਦੌਰਾਨ ਇਟਲੀ ਜਾਂ ਹੋਰ ਦੇਸ਼ਾਂ ਵਿੱਚ ਸ਼ਹੀਦ ਹੋਏ ਸਿੱਖ ਫੌਜੀ ਸਦਾ ਹੀ ਸਾਡੇ ਲਈ ਮਾਣ ਅਤੇ ਪ੍ਰੇਰਨਾ ਦੇ ਪਾਤਰ ਰਹਿਣਗੇ ।ਉਨ੍ਹਾਂ ਦੀ ਕਮੇਟੀ ਸਦਾ ਹੀ ਸਿੱਖ ਸ਼ਹੀਦ ਫੌਜੀਆਂ ਨੂੰ ਜਿੱਥੇ ਮਾਣ ਨਾਲ ਯਾਦ ਕਰਦੀ ਹੈ, ਉੱਤੇ ਹੀ ਇਟਲੀ ਭਰ ਵਿੱਚ ਸ਼ਹੀਦ ਹੋਏ ਸਿੱਖ ਫੌਜੀਆਂ ਦੀਆਂ ਯਾਦਗਾਰਾਂ ਵੀ ਸਥਾਪਿਤ ਕਰ ਰਹੀ ਹੈ ਤਾਂ ਜੋ ਇਟਲੀ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਯਾਦ ਰਹਿ ਸਕੇ ਕਿ ਸਿੱਖ ਕੌਮ ਸ਼ਹੀਦਾਂ ਅਤੇ ਸੂਰਵੀਰਾਂ ਦੀ ਕੌਂਮ ਹੈ। ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰ ਕਮੇਟੀ (ਰਜਿ:) ਵੱਲੋਂ ਸਿੱਖ ਸ਼ਹੀਦ ਫੌਜੀਆਂ ਦੀ ਯਾਦ 'ਚ ਅਗਲਾ ਸ਼ਹੀਦੀ ਸਮਾਗਮ 3 ਅਗਸਤ ਨੂੰ ਫੁਰਲੀ ਅਤੇ 10 ਅਗਸਤ ਨੂੰ ਫਿਰੈਂਸਾ ਵਿਖੇ ਮਨਾਇਆ ਜਾ ਰਿਹਾ ਹੈ । ਇਨ੍ਹਾਂ ਸ਼ਹੀਦੀ ਸਮਾਗਮਾਂ ਵਿੱਚ ਇਤਾਲਵੀ ਉੱਚ ਅਧਿਕਾਰੀ ਅਤੇ ਨੇਤਾ ਵੀ ਉਚੇਚੇ ਤੌਰ 'ਤੇ ਸਿੱਖ ਸ਼ਹੀਦ ਫੌਜੀਆਂ ਨੂੰ ਸ਼ਰਧਾਂਜਲੀ ਦੇਣ ਪਹੁੰਚ ਰਹੇ ਹਨ।


Related News