ਇਟਲੀ : ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦੋ ਹਸਪਤਾਲਾਂ ਨੂੰ 55,000 ਯੂਰੋ ਦੀ ਰਾਸ਼ੀ ਦਾਨ

Thursday, May 14, 2020 - 06:11 PM (IST)

ਇਟਲੀ : ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦੋ ਹਸਪਤਾਲਾਂ ਨੂੰ 55,000 ਯੂਰੋ ਦੀ ਰਾਸ਼ੀ ਦਾਨ

ਰੋਮ /ਮਿਲਾਨ (ਦਲਵੀਰ ਕੈਂਥ,ਸਾਬੀ ਚੀਨੀਆ): ਪੂਰੀ ਦੁਨੀਆ ਵਿੱਚ ਕੋਰੋਨਾਵਾਇਰਸ ਦੀ ਮਹਾਮਾਰੀ ਨੇ ਪੈਰ ਪਸਾਰੇ ਹੋਏ ਹਨ। ਹੁਣ ਤੱਕ ਇਸ ਮਹਾਮਾਰੀ ਕਾਰਨ ਪੂਰੀ ਦੁਨੀਆ ਵਿੱਚ ਬਹੁਤ ਸਾਰਾ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਇਸ ਮਹਾਮਾਰੀ ਕਾਰਨ ਇਟਲੀ ਯੂਰਪ ਦਾ ਪਹਿਲਾ ਦੇਸ਼ ਮੁੱਖ ਕੇਂਦਰ ਬਣਿਆ ਸੀ, ਜਿੱਥੇ ਹੁਣ ਤੱਕ 222,104 ਲੋਕਾਂ ਨੂੰ ਇਸ ਭਿਆਨਕ ਬਿਮਾਰੀ ਨੇਂ ਆਪਣੀ ਲਪੇਟ ਵਿੱਚ ਲਿਆ ਅਤੇ ਹੁਣ ਤੱਕ ਇਟਲੀ ਵਿੱਚ 31,106 ਮੌਤਾਂ ਵੀ ਹੋਈਆਂ ਹਨ।ਇਸ ਭਿਆਨਕ ਮਹਾਮਾਰੀ ਦੇ ਕਾਰਨ ਇਟਲੀ ਦੀ ਆਰਥਿਕਤਾ ਨੂੰ ਬਹੁਤ ਜ਼ਿਆਦਾ ਧੱਕਾ ਲੱਗਿਆ ਹੈ, ਭਾਵੇਂ ਇਟਲੀ ਦੀ ਸਰਕਾਰ ਵਲੋਂ ਹਰ ਇੱਕ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦੇਸ਼ ਨੂੰ ਇਸ ਸੰਕਟ ਵਿੱਚੋਂ ਕਿਸੇ ਤਰ੍ਹਾਂ ਬਾਹਰ ਕੱਢਿਆ ਜਾਵੇ। 

ਇਸ ਲਈ ਸਰਕਾਰ ਹਰੇਤ ਹੱਥ ਕੰਡਾ ਅਪਣਾ ਰਹੀ ਹੈ।ਇਸ ਦੇ ਬਾਵਜੂਦ ਇਟਲੀ ਦਾ ਭਾਰਤੀ ਭਾਈਚਾਰਾ ਵੀ ਆਪਣੇ ਫ਼ਰਜ਼ਾਂ ਅਤੇ ਇਨਸਾਨੀਅਤ ਦੇ ਨਾਤੇ ਕਦੇ ਵੀ ਪਿੱਛੇ ਨਹੀਂ ਹੱਟਿਆ, ਜਿਸ ਦੀਆਂ ਮਿਸਾਲਾਂ ਆਏ ਦਿਨ ਇਟਲੀ ਵਿੱਚ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਵਿੱਚੋਂ ਦੇਖਣ ਨੂੰ ਮਿਲਦੀਆਂ ਹਨ।ਇਟਲੀ ਦੀਆਂ ਸਿੱਖ ਸੰਗਤਾਂ ਦੇ ਹੱਕਾਂ ਅਤੇ ਅਧਿਕਾਰਾਂ ਲਈ ਆਵਾਜ਼ ਬੁਲੰਦ ਕਰ ਸਿਰਮੌਰ ਜੱਥੇਬੰਦੀ  ਸਿੱਖ ਗੁਰਦੁਆਰਾ ਪ੍ਰੰਬਧਕ ਕਮੇਟੀ (ਰਜਿ:) ਅਤੇ ਸਮੂਹ ਇਟਲੀ ਵਿੱਚ ਵੱਸਦੇ ਭਾਰਤੀ ਭਾਈਚਾਰੇ ਅਤੇ ਸਮੂਹ ਗੁਰਦੁਆਰਿਆਂ ਸਾਹਿਬ ਦੇ ਸਹਿਯੋਗ ਨਾਲ ਇਟਲੀ ਦੇ ਲਮਬਰਾਦੀਆ ਸੂਬੇ ਵਿੱਚ ਸਥਿਤ ਪਾਪਾ ਜਵਾਨੀ 23 ਬੈਰਗਾਮੋ ਸ਼ਹਿਰ ਦੇ ਹਸਪਤਾਲ ਨੂੰ ਆਰਥਿਕ ਸਹਾਇਤਾ ਅਤੇ ਮੈਡੀਕਲ ਸਮਾਨ ਲਈ 40,000 ਯੂਰੋ ਮਾਲੀ ਸਹਾਇਤਾ ਵਜੋਂ ਦਿੱਤੇ ਹਨ। 

ਜ਼ਿਕਰਯੋਗ ਹੈ ਕਿ ਇਹ ਹਸਪਤਾਲ ਇਟਲੀ ਦੇ ਸਭ ਤੋਂ ਜ਼ਿਆਦਾ ਕੋਰੋਨਾ ਪ੍ਰਭਾਵਿਤ ਏਰੀਆ ਵਿੱਚ ਸਥਿਤ ਹੈ, ਦੂਜੇ ਪਾਸੇ ਇਸੇ ਲੜੀ ਦੇ ਤਹਿਤ ਇਟਲੀ ਦੀ ਰਾਜਧਾਨੀ ਰੋਮ ਵਿੱਚ ਸਥਿਤ ਕੰਲੋਬੋਸ ਜਮੈਲੀ ਹਸਪਤਾਲ ਨੂੰ 15,000 ਯੂਰੋ ਦੀ ਆਰਥਿਕ ਅਤੇ ਮੈਡੀਕਲ ਸਮਾਨ ਲਈ ਸਹਾਇਤਾ ਵਜੋਂ ਦਿੱਤੇ ਗਏ ਹਨ। ਪ੍ਰੈਸ ਨੂੰ ਇਹ ਜਾਣਕਾਰੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਰਵਿੰਦਰਜੀਤ ਸਿੰਘ ਬੱਸੀ ਅਤੇ ਜਰਨਲ ਸਕੱਤਰ ਸ. ਸੁਰਿੰਦਰ ਸਿੰਘ ਪੰਡੋਰੀ ਨੇ ਸਾਂਝੀ ਕਰਦਿਆਂ ਦੱਸਿਆ ਕਿ ਇਹ ਸਾਰੀ ਯੂਰੋ ਰਾਸ਼ੀ ਇਹਨਾਂ ਦੋਹਾਂ ਹਸਪਤਾਲਾ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾ ਦਿੱਤੀ ਗਈ ਹੈ। ਇਸ ਮਹਾਨ ਕਾਰਜ ਲਈ ਉਹ ਜੱਥੇਬੰਦੀ ਵੱਲੋਂ ਸਮੂਹ ਇਟਲੀ ਵਿੱਚ ਵੱਸਦੇ ਭਾਰਤੀ ਭਾਈਚਾਰੇ ਅਤੇ ਸਮੂਹ ਗੁਰਦੁਆਰਿਆਂ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਦੇ ਮੈਂਬਰਾ ਦੇ ਤਹਿ ਦਿਲੋਂ ਧੰਨਵਾਦ ਕਰਦੇ ਹਨ ਜਿਹਨਾਂ ਕਿ ਇਟਲੀ ਦੀ ਇਸ ਦੁੱਖਦਾਈ ਸਮੇਂ ਵਿੱਚ ਇੱਕ ਜੁੱਟ ਹੋ ਕੇ ਇਹ ਸੇਵਾ ਕਰਨ ਦਾ ਉਪਰਾਲਾ ਕੀਤਾ ਹੈ। 

ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਾਰੀ ਰਕਮ ਬਹੁਤ ਹੀ ਘੱਟ ਸਮੇਂ ਵਿੱਚ ਇਕੱਠੀ ਕਰ ਕੇ ਸਭ ਸੰਗਤਾਂ ਨੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਂਟ ਕੀਤੀ ਗਈ ਸੀ।ਇਸ ਮਹਾਨ ਕਾਰਜ ਲਈ ਇਟਲੀ ਦੇ ਦੋਵਾਂ ਹਸਪਤਾਲਾਂ ਦੇ ਪ੍ਰਬੰਧਕ ਮੁਖੀਆਂ ਵਲੋਂ ਸਮੂਹ ਭਾਰਤੀ ਭਾਈਚਾਰੇ ਦਾ ਖਾਸ ਕਰਕੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਕਿਹਾ ਕਿ ਭਾਰਤੀ ਭਾਈਚਾਰੇ ਵਲੋਂ ਇਟਲੀ ਦੇ ਇਸ ਮਾੜੇ ਸਮੇਂ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਲੋੜਵੰਦਾਂ ਦੀ ਸਹਾਇਤਾ ਕਰਨਾ ਉਹਨਾਂ ਲਈ ਵੀ ਮਾਣ ਵਾਲੀ ਗੱਲ ਹੈ ਅਤੇ ਉਹ ਸਦਾ ਲਈ ਰਿਣੀ ਰਹਿਣਗੇ।
 


author

Vandana

Content Editor

Related News