ਇਟਲੀ 'ਚ ਇਕ ਹੋਰ ਪੰਜਾਬੀ ਦੀ ਦਰਦਨਾਕ ਮੌਤ

01/21/2020 6:03:43 PM

ਰੋਮ/ ਇਟਲੀ (ਕੈਂਥ): ਇਟਲੀ ਵਿਚ ਪਿਛਲੇ ਕਰੀਬ 4 ਮਹੀਨਿਆਂ ਵਿੱਚ ਇਹ 6ਵੀਂ ਅਜਿਹੀ ਮੌਤ ਹੈ ਜਿਹੜੀ ਕਿ ਕਿਸੇ ਪੰਜਾਬੀ ਭਾਰਤੀ ਦੀ ਕੰਮ ਦੌਰਾਨ ਡੇਅਰੀ ਫਾਰਮ ਵਿੱਚ ਹੋਈ ਹੈ।ਇਸ ਤੋਂ ਪਹਿਲਾਂ ਵੀ ਦੋ ਵੱਖ-ਵੱਖ ਘਟਨਾਵਾਂ ਵਿੱਚ 5 ਪੰਜਾਬੀ ਭਾਰਤੀਆਂ ਦੀ ਕੰਮ ਦੌਰਾਨ ਦਰਦਨਾਕ ਮੌਤ ਹੋ ਚੁੱਕੀ ਹੈ।ਇਹ ਹਾਦਸਾ ਵੀ ਇੱਕ ਡੇਅਰੀ ਫਾਰਮ ਵਿੱਚ ਉਸ ਸਮੇਂ ਵਾਪਰਿਆ ਜਦੋਂ ਇੱਕ ਪੰਜਾਬੀ ਭਾਰਤੀ ਕੰਮ ਕਰ ਰਿਹਾ ਸੀ ।ਮਿਲੀ ਜਾਣਕਾਰੀ ਮੁਤਾਬਕ ਮਨੋਹਰ ਲਾਲ (51) ਵਾਸੀ ਕੱਲੋਵਾਲ (ਹੁਸ਼ਿਆਰਪੁਰ) ਪਿਛਲੇ ਕਾਫ਼ੀ ਸਮੇਂ ਤੋਂ ਇਟਲੀ ਵਿਚ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਸੀ।ਮ੍ਰਿਤਕ ਮਨੋਹਰ ਲਾਲ ਜਿਹੜਾ ਕਿ ਆਪਣੇ 23 ਸਾਲਾ ਪੁੱਤਰ ਨਾਲ ਇਟਲੀ ਵਿਚ ਰਹਿੰਦਾ ਸੀ ਜਦੋਂ ਕਿ ਉਸ ਦੇ ਦੋ ਬੱਚੇ ਅਤੇ ਧਰਮਪਤਨੀ ਭਾਰਤ ਹੀ ਰਹਿੰਦੇ ਸਨ। 

ਉਹ ਇਟਲੀ ਦੇ ਜ਼ਿਲਾ ਬਰੇਸ਼ੀਆ ਦੇ ਪਿੰਡ ਕਸਤੇਨੇਦੋਲੋ ਨੇੜੇ ਇੱਕ ਡੇਅਰੀ ਫਾਰਮ ਵਿੱਚ ਕੰਮ ਕਰਦਾ ਸੀ ।ਬੀਤੇ ਦਿਨ ਕੰਮ ਕਰਦੇ ਸਮੇਂ ਮਨੋਹਰ ਲਾਲ ਡੇਅਰੀ ਫਾਰਮ ਵਿੱਚ ਲੱਗੇ ਇੱਕ ਆਟੋਮੈਟਿਕ ਦਰਵਾਜੇ ਦੀ ਲਪੇਟ ਵਿੱਚ ਆ ਗਿਆ, ਜਿਸ ਕਾਰਨ ਉਸ ਦੇ ਸਿਰ ਵਿੱਚ ਡੂੰਘੀ ਸੱਟ ਲੱਗੀ।ਸੱਟ ਕਾਰਨ ਮਨੋਹਰ ਲਾਲ ਦੇ ਸਿਰ ਵਿੱਚੋਂ ਕਾਫ਼ੀ ਖੂਨ ਵਹਿ ਗਿਆ।ਬੇਸ਼ੱਕ ਘਟਨਾ ਘਟਦਿਆਂ ਹੀ ਐੈਂਬੂਲਸ ਆ ਗਈ ਪਰ ਡਾਕਟਰਾਂ ਦੀ ਕਾਫ਼ੀ ਨੱਠ-ਭੱਜ ਦੇ ਬਾਵਜੂਦ ਵੀ ਉਹ ਮਨੋਹਰ ਲਾਲ ਨੂੰ ਬਚਾ ਨਹੀਂ ਸਕੇ ਤੇ ਡਾਕਟਰਾਂ ਦੀ ਟੀਮ ਨੇ ਮਨੋਹਰ ਲਾਲ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

ਘਟਨਾ ਦੀ ਜਾਣਕਾਰੀ ਮਿਲਦੇ ਹੀ ਸਥਾਨਕ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਇਸ ਘਟਨਾ ਨਾਲ ਇਲਾਕੇ ਭਰ ਵਿੱਚ ਸੋਗ ਦਾ ਮਾਹੌਲ ਛਾ ਗਿਆ।ਮ੍ਰਿਤਕ ਮਨੋਹਰ ਨਾਲ ਆਪਣੇ ਪਿੱਛੇ ਵਿਧਵਾ ਪਤਨੀ ਤੋਂ ਇਲਾਵਾ 2 ਬੱਚਿਆਂ ਨੂੰ ਰੌਂਦਿਆਂ ਛੱਡ ਗਿਆ ਹੈ।ਇਟਲੀ ਦੇ ਸਮੁੱਚੇ ਭਾਰਤੀ ਭਾਈਚਾਰੇ ਨੇ ਇਸ ਘਟਨਾ ਉਪੱਰ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।


Vandana

Content Editor

Related News