ਇਟਲੀ ''ਚ ਮਜਬੂਰ ਹੋਏ ਪੰਜਾਬੀ ਨੇ ਚੁੱਕਿਆ ਖੌਫਨਾਕ ਕਦਮ, ਮਦਦ ਲਈ ਉੱਠੀ ਆਵਾਜ਼

10/08/2019 1:53:58 PM

ਰੋਮ/ ਨਵਾਂ ਸ਼ਹਿਰ, (ਕੈਂਥ)— ਇਟਲੀ ਦੇ ਵਿਦੇਸ਼ੀ ਨਸਲੀ ਭੇਦ-ਭਾਵ ਅਤੇ ਮਾਲਕਾਂ ਵੱਲੋਂ ਕੀਤੇ ਜਾ ਰਹੇ ਸੋਸ਼ਣ ਕਾਰਨ ਬਹੁਤ ਪਰੇਸ਼ਾਨ ਹਨ। ਬੀਤੇ ਦਿਨ ਇਕ ਪੰਜਾਬੀ ਨੌਜਵਾਨ ਨੇ ਆਪਣੇ ਮਾਲਕ ਤੋਂ ਪਰੇਸ਼ਾਨ ਹੋ ਕੇ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਲਾਸੀਓ ਸੂਬੇ ਦੇ ਸ਼ਹਿਰ ਪ੍ਰੀਵੈਰਨੋ ਫੋਸਾਨੋਵਾ (ਲਾਤੀਨਾ) ਵਿਖੇ ਬੀਤੇ ਦਿਨ ਪੰਜਾਬੀ ਨੌਜਵਾਨ ਜੀਤਾ 'ਪ੍ਰੀਵੈਰਨੋ ਰੇਲਵੇ ਸਟੇਸ਼ਨ' ਦੀ ਪੱਟੜੀ 'ਤੇ ਆਪਣਾ ਸਮਾਨ ਲੈ ਕੇ ਲੰਮਾ ਪੈ ਗਿਆ । ਉਸ ਨੇ ਦੱਸਿਆ ਕਿ ਉਹ ਡੇਅਰੀ ਫਾਰਮ ਵਿੱਚ ਕਾਫ਼ੀ ਸਮਾਂ ਕੰਮ ਕਰ ਚੁੱਕਾ ਹੈ ਪਰ ਉਸ ਦਾ ਮਾਲਕ ਉਸ ਨੂੰ ਤਨਖਾਹ ਨਹੀਂ ਦਿੰਦਾ।

ਪੰਜਾਬੀ ਨੌਜਵਾਨ ਦੇ ਇਸ ਦਰਦ ਭਰੇ ਵਤੀਰੇ ਨੂੰ ਰੇਲਵੇ ਸਟੇਸ਼ਨ 'ਤੇ ਖੜ੍ਹੇ ਇੱਕ ਇਟਾਲੀਅਨ ਨੌਜਵਾਨ ਰੀਨਾਲਦੋ ਨੇ ਆਪਣੇ ਫੋਨ 'ਚ ਰਿਕਾਰਡ ਕੀਤਾ ਤੇ ਯੂ-ਟਿਊਬ 'ਤੇ ਸ਼ੇਅਰ ਕਰ ਦਿੱਤਾ। ਇਸ ਨੌਜਵਾਨ ਨੇ ਆਪਣਾ ਨਾਂ ਜੀਤਾ ਦੱਸਿਆ ਜੋ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਨਾਲ ਸਬੰਧਤ ਹੈ। ਉਸ ਨਾਲ ਇਟਾਲੀਅਨ ਰੀਨਾਲਦੋ ਨੇ ਗੱਲ ਕੀਤੀ ਤੇ ਜੀਤੇ ਨੇ ਰੌਂਦੇ ਹੋਏ ਦੱਸਿਆ ਕਿ ਉਹ ਗਾਵਾਂ ਦੇ ਫਾਰਮ ਹਾਊਸ ਵਿੱਚ ਕੰਮ ਕਰਦਾ ਸੀ, ਜਿਸ ਦੇ ਮਾਲਕ ਦਾ ਨਾਂ ਜਵਾਨੀ ਹੈ । ਜਵਾਨੀ ਨੇ ਉਸ ਕੋਲੋਂ ਆਪਣੇ ਡੇਅਰੀ ਫਾਰਮ ਵਿੱਚ ਕੰਮ ਦਾ ਲਿਖਤੀ ਇਕਰਾਰਨਾਮਾ ਕੀਤੇ ਬਿਨਾਂ ਕਾਫ਼ੀ ਸਮਾਂ ਕੰਮ ਕਰਵਾਇਆ ਪਰ ਤਨਖਾਹ ਨਹੀਂ ਦਿੱਤੀ। ਹੁਣ ਜਦੋਂ ਉਸ ਨੇ ਤਨਖਾਹ ਮੰਗੀ ਤਾਂ ਜਵਾਨੀ ਉਸ ਨੂੰ ਪ੍ਰੀਵੈਰਨੋ ਫੋਸਾਨੋਵਾ ਰੇਲਵੇ ਸਟੇਸ਼ਨ 'ਤੇ ਧੱਕੇ ਖਾਣ ਨੂੰ ਛੱਡ ਗਿਆ। ਇਟਾਲੀਅਨ ਰੀਨਾਲਦੋ ਨੇ ਜੀਤੇ ਨੂੰ ਉਸ ਦੀ ਮਦਦ ਕਰਨ ਦਾ ਭਰੋਸਾ ਦਿੱਤਾ ਤੇ ਕਾਫ਼ੀ ਸਮਝਾਉਣ ਦੇ ਬਾਅਦ ਜੀਤਾ ਰੇਲ ਪੱਟੜੀ ਤੋਂ ਉਠਾਇਆ ਗਿਆ। ਰੀਨਾਲਦੋ ਵੱਲੋਂ ਸੋਸ਼ਲ ਮੀਡੀਏ 'ਤੇ ਸ਼ੇਅਰ ਕੀਤੀ ਵੀਡੀਓ ਰਾਹੀਂ ਲੋਕ ਉਸ ਲਈ ਇਨਸਾਫ਼ ਦੀ ਮੰਗ ਰਹੇ ਹਨ। ਇਟਲੀ ਦੀਆਂ ਕਈ ਭਾਰਤੀ ਸਮਾਜ ਸੇਵੀ ਸੰਸਥਾਵਾਂ ਤੇ ਸਮਾਜ ਸੇਵਕ ਜੀਤੇ ਦੀ ਭਾਲ ਵਿੱਚ ਹਨ ਤਾਂ ਜੋ ਉਸ ਦੇ ਇਟਾਲੀਅਨ ਮਾਲਕ ਜਵਾਨੀ ਵੱਲੋਂ ਕੀਤੇ ਤੱਸ਼ਦਦ ਵਿਰੁੱਧ ਆਵਾਜ਼ ਬੁਲੰਦ ਕਰਕੇ ਜੀਤੇ ਨੂੰ ਇਨਸਾਫ਼ ਦੁਆਇਆ ਜਾ ਸਕੇ।


Related News