ਇਟਲੀ : ਲਾਸੀਓ ਸੂਬੇ ਦੇ ਪ੍ਰਸਿੱਧ ਸ਼ਹਿਰ ਲਵੀਨੀਓ ’ਚ ਨਗਰ ਕੀਰਤਨ ਦੌਰਾਨ ਗੂੰਜੇ ‘ਬੋਲੇ ਸੋ ਨਿਹਾਲ’ ਦੇ ਜੈਕਾਰੇ

Tuesday, Apr 18, 2023 - 01:19 AM (IST)

ਇਟਲੀ : ਲਾਸੀਓ ਸੂਬੇ ਦੇ ਪ੍ਰਸਿੱਧ ਸ਼ਹਿਰ ਲਵੀਨੀਓ ’ਚ ਨਗਰ ਕੀਰਤਨ ਦੌਰਾਨ ਗੂੰਜੇ ‘ਬੋਲੇ ਸੋ ਨਿਹਾਲ’ ਦੇ ਜੈਕਾਰੇ

ਰੋਮ/ਇਟਲੀ (ਕੈਂਥ, ਚੀਨੀਆ) : ਸਰਬੰਸਦਾਨੀ, ਖ਼ਾਲਸਾ ਪੰਥ ਦੇ ਮੋਢੀ, ਸਾਹਿਬ-ਏ-ਕਮਾਲ, ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਵਿਸਾਖੀ ਵਾਲੇ ਦਿਨ ਖ਼ਾਲਸਾ ਪੰਥ ਸਾਜ ਕੇ ਅਜਿਹੇ ਵਿਲੱਖਣ ਤੇ ਨਿਰਾਲੇ ਪੰਥ ਦੀ ਸਿਰਜਣਾ ਕੀਤੀ, ਜਿਹੜੇ ਬਿਨਾਂ ਕਿਸੇ ਭੇਦਭਾਵ, ਰੰਗ ਰੂਪ, ਊਚ-ਨੀਚ ਤੇ ਜਾਤ-ਪਾਤ ਦੇ ਸਿਰਫ਼ ਮਨੁੱਖਤਾ ਦੀ ਸੇਵਾ ਕਰਨ ਨੂੰ ਆਪਣਾ ਪਹਿਲਾ ਫਰਜ਼ ਸਮਝੇਗਾ।

ਇਹ ਖ਼ਬਰ ਵੀ ਪੜ੍ਹੋ : ਸਿੱਖਿਆ ਵਿਭਾਗ ਦੇ ਕੱਚੇ ਮੁਲਾਜ਼ਮਾਂ ਲਈ ਅਹਿਮ ਖ਼ਬਰ, ਮਈ ’ਚ ਮਿਲ ਸਕਦੇ ਨੇ ਸਥਾਈ ਨਿਯੁਕਤੀ ਦੇ ਆਰਡਰ

PunjabKesari

ਇਸ ਸਿਰਜਣਾ ਦਿਵਸ ਨੂੰ ਮੁੱਖ ਰੱਖਦਿਆਂ ਜਿਥੇ ਪੰਜਾਬ ਅਤੇ ਵਿਦੇਸ਼ਾਂ ਵਿਚ ਹਰ ਸਾਲ ਨਗਰ ਕੀਰਤਨ ਸਜਾਏ ਜਾਂਦੇ ਹਨ, ਉਥੇ ਹੀ ਇਸ ਇਤਿਹਾਸਕ ਘੜੀ ਤਹਿਤ ਭਾਰਤੀ ਭਾਈਚਾਰੇ ਦੇ ਮਹਿਬੂਬ ਦੇਸ਼ ਇਟਲੀ ਦੀ ਰਾਜਧਾਨੀ ਰੋਮ ਦੇ ਪ੍ਰਸਿੱਧ ਸ਼ਹਿਰ ਲਵੀਨੀਓ ਵਿਖੇ ਪ੍ਰਸਿੱਧ ਗੁਰਦੁਆਰਾ ਸਾਹਿਬ ਗੋਬਿੰਦਸਰ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ 18ਵਾਂ ਵਿਸ਼ਾਲ ਨਗਰ ਕੀਰਤਨ ਲਵੀਨੀਓ ਸ਼ਹਿਰ ’ਚ ਸਜਾਇਆ ਗਿਆ, ਜਿਹੜਾ ਗੁਰੂ ਮਰਿਆਦਾ ਅਨੁਸਾਰ ਪੰਜ ਪਿਆਰਿਆਂ ਅਤੇ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਤਹਿਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਗੁਰਦੁਆਰਾ ਗੋਬਿੰਦਸਰ ਸਾਹਿਬ ਤੋਂ ਆਰੰਭ ਹੋਇਆ ਅਤੇ ਸ਼ਹਿਰ ਦੀ ਪਰਿਕਰਮਾ ਕਰਦਿਆਂ ਹੋਇਆਂ ਲਵੀਨੀਓ ਸ਼ਹਿਰ ’ਚ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿਸ਼ੇਸ਼ ਪੜਾਅ ਲਈ ਰੁਕਿਆ, ਜਿੱਥੇ ਕਿ ਲੱਗੇ ਦੀਵਾਨਾਂ ’ਚ ਰਾਗੀ ਸਿੰਘਾਂ ਤੇ ਕੀਰਤਨੀਏ ਜਥਿਆਂ ਵੱਲੋਂ ਖੁੱਲ੍ਹੇ ਦੀਵਾਨ ਸਜਾਏ ਗਏ ਉਪਰੰਤ ਨਗਰ ਕੀਰਤਨ ਮੁੜ ਵਾਪਸ ਗੁਰਦੁਆਰਾ ਗੋਬਿੰਦਸਰ ਸਾਹਿਬ ਆ ਕੇ ਸਮਾਪਤ ਹੋਇਆ ।

PunjabKesari

ਇਹ ਖ਼ਬਰ ਵੀ ਪੜ੍ਹੋ : ਸਰਕਾਰੀ ਅਧਿਆਪਕਾਂ ਲਈ ਅਹਿਮ ਖ਼ਬਰ ; ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸ਼ੁਰੂ ਕੀਤਾ ਵਿਸ਼ੇਸ਼ ਪ੍ਰੋਗਰਾਮ

ਇਸ ਪਵਿੱਤਰ ਦਿਨ ਮੌਕੇ ਲਾਸੀਓ ਸੂਬੇ ਦਾ ਸ਼ਹਿਰ ਲਵੀਨੀਓ ਸੰਗਤਾਂ ਵੱਲੋਂ ਲਗਾਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਨਾਲ ਗੂੰਜ ਰਿਹਾ ਸੀ, ਜਿਸ ਨੂੰ ਇਟਾਲੀਅਨ ਤੇ ਹੋਰ ਦੇਸ਼ਾਂ ਦੇ ਲੋਕ ਬਹੁਤ ਹੀ ਗਹੁ ਨਾਲ ਸੁਣ ਰਹੇ ਸਨ। ਨਗਰ ਕੀਰਤਨ ਦੀਆਂ ਕੇਸਰੀ ਰੰਗ ’ਚ ਰੰਗੀਆਂ ਸੰਗਤਾਂ ਲਈ ਅਨੇਕਾਂ ਪ੍ਰਕਾਰ ਦੇ ਲੰਗਰਾਂ ਨੂੰ ਵਰਤਾਇਆ ਗਿਆ । ਇਸ ਮੌਕੇ ਗੁਰੂ ਦੀਆਂ ਲਾਡਲੀਆਂ ਫੌਜਾਂ ਵੱਲੋਂ ਸਿੰਘਾਂ ਗੱਤਕਾ ਕਲਾ ਦੇ ਹੈਰਤ ਅੰਗੇਜ਼ ਕਾਰਨਾਮੇ ਵੀ ਦਿਖਾਏ ਗਏ। ਗੁਰਦੁਆਰਾ ਪ੍ਰਬੰਧਕ ਕਮੇਟੀ ਗੋਬਿੰਦਸਰ ਸਾਹਿਬ ਲਵੀਨੀਓ ਰੋਮ ਵੱਲੋਂ ਸਮੂਹ ਸੇਵਾਦਾਰਾਂ ਦਾ ਗੁਰੂ ਦੀ ਬਖ਼ਸ਼ਿਸ਼ ਸਿਰੋਪਾਓ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਨਗਰ ਕੀਰਤਨ ’ਚ ਪੰਥ ਦੀਆਂ ਕਈ ਨਾਮੀ ਸ਼ਖ਼ਸੀਅਤਾਂ ਸਮੇਤ ਇਟਾਲੀਅਨ ਤੇ ਹੋਰ ਦੇਸ਼ਾਂ ਦੀ ਸੰਗਤ ਨੇ ਵੀ ਹਾਜ਼ਰੀ ਭਰੀ।

PunjabKesari


author

Manoj

Content Editor

Related News