ਇਟਲੀ 'ਚ ਵਕੀਲ ਬਣੀ ਜੋਤੀ ਸਿੰਘ ਤੰਬਰ, ਅਪ੍ਰੈਲ 2019 ਨੂੰ ਕੀਤੀ ਵਕਾਲਤ ਦੀ ਡਿਗਰੀ

11/25/2019 8:43:51 PM

ਰੋਮ (ਕੈਂਥ)— ਇਟਲੀ ਵਿੱਚ ਭਾਰਤੀ ਭਾਈਚਾਰੇ ਦੇ ਲੋਕ ਦਿਨੋ-ਦਿਨ ਸਖ਼ਤ ਮਿਹਨਤਾਂ ਅਤੇ ਦ੍ਰਿੜ ਇਰਾਦਿਆਂ ਨਾਲ ਵਿੱਦਿਅਕ ਖੇਤਰਾਂ ਵਿੱਚ ਕਾਮਯਾਬੀ ਦੀਆਂ ਮੰਜ਼ਿਲਾਂ ਫਤਿਹ ਕਰਦੇ ਜਾ ਰਹੇ ਹਨ ਤੇ ਇਨ੍ਹਾਂ ਵਿੱਦਿਅਕ ਖੇਤਰਾਂ 'ਚ ਭਾਰਤੀ ਮੂਲ ਦੀਆਂ ਕੁੜੀਆਂ ਦੀ ਪਹਿਲ ਕਦਮੀ ਹੈ, ਜਿਸ ਨਾਲ ਇਟਲੀ ਰਹਿਣ ਵਾਲਾ ਹਰ ਭਾਰਤੀ ਆਪਣੀਆਂ ਲਾਡਲੀਆਂ ਬੇਟੀਆਂ ਨੂੰ ਪੜ੍ਹਾਉਣ ਲਈ ਕਾਫ਼ੀ ਸੰਜੀਦਗੀ ਦਿਖਾ ਰਹੇ ਹਨ। ਅੱਜ ਜਿਸ ਕੁੜੀ ਨੂੰ ਅਸੀਂ ਆਪਣੇ ਪਾਠਕਾਂ ਦੇ ਰੂ-ਬ-ਰੂ ਕਰਵਾਉਣ ਜਾ ਰਹੇ ਹਾਂ ਉਹ ਹੈ ਪੰਜਾਬ ਦੇ ਜ਼ਿਲ੍ਹੇ ਹੁਸ਼ਿਆਰਪੁਰ ਦੇ ਪਿੰਡ ਫਗਲਾਣਾ ਨਾਲ ਸੰਬਧਿਤ ਸਿੱਖ ਪਰਿਵਾਰ ਦੀ ਵਕੀਲ ਬਣੀ ਜੋਤੀ ਸਿੰਘ ਤੰਬਰ, ਜਿਨ੍ਹਾਂ ਦਾ ਜਨਮ ਇਟਲੀ ਦਾ ਹੈ। 
 
ਜੋਤੀ ਸਿੰਘ ਤੰਬਰ ਦੇ ਪਿਤਾ ਕਰਮਜੀਤ ਸਿੰਘ ਸੰਨ 1985 'ਚ ਇਟਲੀ ਆ ਗਏ ਸਨ। ਇਟਲੀ ਦੇ ਸ਼ਹਿਰ ਕੰਪਾ ਨਿਉਲਾ (ਰਿਜੋ ਇਮਿਲੀਆ) ਦੀ ਵਸਨੀਕ ਜੋਤੀ ਸਿੰਘ ਤੰਬਰ ਇਟਲੀ ਦੀ ਪਹਿਲੀ ਭਾਰਤੀ ਮੂਲ ਦੀ ਸਿੱਖ ਕੁੜੀ ਹੈ, ਜਿਸ ਨੇ ਇਟਲੀ ਦੇ ਬਲੋਨੀਆ ਸ਼ਹਿਰ ਦੀ ਵੱਡੀ ਅਦਾਲਤ ਵਿਚ ਵਕੀਲ ਬਣਨ ਲਈ ਰਾਜ ਪੱਧਰੀ ਪ੍ਰੀਖਿਆ ਪਾਸ ਕੀਤੀ। ਉਸਨੇ ਇਹ ਰਾਜ ਪੱਧਰੀ ਪ੍ਰੀਖਿਆ ਪਹਿਲੀ ਕੋਸ਼ਿਸ਼ ਵਿਚ ਹੀ ਪਾਸ ਕੀਤੀ, ਜਿਸ ਨਾਲ ਪੰਜਾਬੀ ਭਾਈਚਾਰੇ ਦੀ ਇਟਲੀ ਵਿੱਚ ਬੱਲੇ-ਬੱਲੇ ਕਰਵਾ ਦਿੱਤੀ। ਪ੍ਰੈੱਸ ਨੂੰ ਆਪਣੀ ਇਸ ਕਾਮਯਾਬੀ ਸਬੰਧੀ ਜਾਣਕਾਰੀ ਦਿੰਦਿਆਂ ਵਕੀਲ ਜੋਤੀ ਸਿੰਘ ਤੰਬਰ ਨੇ ਦੱਸਿਆ ਕਿ ਉਹ ਅੱਜ ਜਿਸ ਮੁਕਾਮ 'ਤੇ ਵੀ ਪਹੁੰਚੀ ਹੈ, ਉਸ ਲਈ ਉਸ ਦੇ ਪਰਿਵਾਰ ਮਾਤਾ ਜਤਿੰਦਰ ਕੌਰ, ਪਿਤਾ ਕਰਮਜੀਤ ਸਿੰਘ, ਪਤੀ ਸੰਦੀਪ ਸੈਣੀ ਅਤੇ ਸਹੁਰੇ ਪਰਿਵਾਰ ਦਾ ਬਹੁਤ ਸਹਿਯੋਗ ਰਿਹਾ ਹੈ। ਉਸ ਨੇ ਇਹ ਡਿਗਰੀ ਅਪ੍ਰੈਲ 2019 ਵਿੱਚ ਪਾਸ ਕੀਤੀ ਸੀ ਪਰ ਕੁਝ ਘਰੇਲੂ ਰੁਝੇਵਿਆਂ ਕਾਰਨ ਵਕਾਲਤ ਦਾ ਕੰਮ ਨਵੰਬਰ ਤੋਂ ਸ਼ੁਰੂ ਕਰ ਰਹੀ ਹੈ, 

PunjabKesari

ਜਿਸ ਸਮੇਂ ਉਨ੍ਹਾਂ 17 ਅਪ੍ਰੈਲ ਨੂੰ ਵਕਾਲਤ ਦੀ ਡਿਗਰੀ ਕੀਤੀ। ਉਸ ਸਮੇਂ ਇਟਲੀ 'ਚ ਕਿਸੇ ਵੀ ਪੰਜਾਬੀ ਕੁੜੀ ਨੇ ਇਹ ਡਿਗਰੀ ਨਹੀਂ ਕੀਤੀ ਸੀ। ਇਸ ਲਈ ਉਸ ਨੂੰ ਭਾਰਤੀ ਭਾਈਚਾਰੇ ਵਿੱਚੋਂ ਪਹਿਲੀ ਸਿੱਖ ਵਕੀਲ ਬਣਨ ਦਾ ਮਾਣ ਹਾਸਲ ਹੈ। ਜੋਤੀ ਸਿੰਘ ਤੰਬਰ ਜਿਹੜੀ ਕਿ ਇਟਲੀ ਵਿੱਚ ਜਨਮੀ ਜ਼ਰੂਰ ਹੈ ਪਰ ਸਦਾ ਹੀ ਪੰਜਾਬੀਅਤ ਨਾਲ ਜੁੜੀ ਰਹੀ ਹੈ ਤੇ ਇਟਲੀ ਦੇ ਸਕੂਲ 'ਚ ਉਸ ਦਾ ਪਹਿਲਾਂ ਤੋਂ ਪੜ੍ਹਾਈ 'ਚ ਚੰਗਾ ਰੁਝਾਨ ਰਿਹਾ ਹੈ। ਜੋਤੀ ਸਿੰਘ ਤੰਬਰ ਨੇ ਹਾਈ ਸਕੂਲ ਦੀ ਪੜ੍ਹਾਈ ਇਟਲੀ ਦੇ ਸ਼ਹਿਰ ਕੋਰੇਜਿਓ (ਰਿਜੋ ਇਮਿਲੀਆ) ਤੋਂ ਪਹਿਲੇ ਦਰਜੇ ਵਿੱਚ ਕੀਤੀ। ਉਸ ਦਾ ਨਾਮ ਇਟਲੀ ਦੇ ਹੋਣਹਾਰ ਵਿਦਿਆਰਥੀ ਦੀ ਸੂਚੀ ਵਿਚ ਅੱਜ ਵੀ ਸਕੂਲ ਰਿਕਾਰਡ 'ਚ ਮੌਜੂਦ ਹੈ। ਸਕੂਲ ਤੋਂ ਬਾਅਦ ਜੋਤੀ ਸਿੰਘ ਤੰਬਰ ਨੇ ਇਟਲੀ ਦੀ ਮੋਦੇਨਾ ਸ਼ਹਿਰ ਦੀ ਯੂਨੀਵਰਸਿਟੀ ਵਿਚ ਦਾਖਲਾ ਲਿਆ ਤੇ ਪੰਜ ਸਾਲ ਦੀ ਡਿਗਰੀ ਪਾਸ ਕੀਤੀ। ਪਾਠਕਾਂ ਨੂੰ ਹੈਰਾਨੀ ਹੋਵੇਗੀ ਇਹ ਜਾਣਕੇ ਕਿ ਜੋਤੀ ਸਿੰਘ ਨੇ ਡਿਗਰੀ 'ਚ ਪਹਿਲਾ ਸਥਾਨ ਹਾਸਲ ਕੀਤਾ ਸੀ, ਜਿਸ ਨਾਲ ਭਾਰਤੀ ਭਾਈਚਾਰੇ ਦੇ ਨਾਲ ਇਟਾਲੀਅਨ ਲੋਕ ਵੀ ਕਾਫ਼ੀ ਰਹਿ ਗਏ ਸਨ। 
 
ਜੋਤੀ ਸਿੰਘ ਤੰਬਰ ਇਮਿਲੀਆ ਰੋਮਾਨਾ ਸੂਬੇ ਦੀ ਪਹਿਲੀ ਸਿੱਖ ਕੁੜੀ ਹੈ, ਜਿਸ ਨੂੰ ਨੰਬਰਾਂ ਦੇ ਅਧਾਰ 'ਤੇ ਰਿਜੋਇਮਿਲੀਆ ਦੀ ਕੋਰਟ ਦੇ ਸਿਵਿਲ ਸੈਕਸ਼ਨ ਵਿਚ ਜੱਜ ਨਾਲ ਅਭਿਆਸ ਕਰਨ ਦਾ ਮੌਕਾ ਮਿਲਿਆ ਅਤੇ ਨਾਲ-ਨਾਲ ਆਪਣੀ ਵਕਾਲਤ ਦਾ ਅਭਿਆਸ ਵੀ ਕੀਤਾ। ਇਸ ਸਮੇਂ ਜੋਤੀ ਸਿੰਘ ਤੰਬਰ ਨੇ ਇਟਲੀ ਦੀ ਇਕ ਸੰਸਥਾ ਦੇ ਜ਼ਰੀਏ, ਰਿਜੋਇਮਿਲੀਆ ਕੋਰਟ ਵਿਚ ਬਤੌਰ ਜੁਡੀਸ਼ੀਅਲ ਸਹਿਯੋਗੀ ਕੰਮ ਕੀਤਾ। ਜੋਤੀ ਸਿੰਘ ਤੰਬਰ ਇਟਲੀ ਦੀ ਭਾਰਤੀ ਨਵੀਂ ਪੀੜ੍ਹੀ ਲਈ ਇਕ ਮਿਸਾਲ ਬਣ ਗਈ, ਉਨ੍ਹਾਂ ਨੇ ਜ਼ਿੰਦਗ਼ੀ ਦੇ ਉੱਚੇ ਮੁਕਾਮ ਹਾਸਲ ਕਰਕੇ ਸਾਰੀ ਸਿੱਖ  ਜਗਤ ਅਤੇ ਭਾਰਤ ਦਾ ਨਾਮ ਰੌਸ਼ਨ ਕੀਤਾ। ਜੋਤੀ ਸਿੰਘ ਤੰਬਰ ਅਨੁਸਾਰ ਇਟਲੀ ਦੇ ਸਮੁੱਚੇ ਭਾਰਤੀ ਨੂੰ ਇਟਾਲੀਅਨ ਕਾਨੂੰਨ ਨੂੰ ਪੂਰੀ ਤਰ੍ਹਾਂ ਸਮਝਣਾ ਚਾਹੀਦਾ ਹੈ ਅਤੇ ਸਦਾ ਹੀ ਇਸ ਦੇ ਮਾਣ-ਸਨਮਾਨ ਨੂੰ ਤਰਜੀਹ ਦੇਣੀ ਚਾਹੀਦੀ ਹੈ। ਉਹ ਇਟਲੀ ਦੇ ਭਾਰਤੀਆਂ ਨੂੰ ਆਉਣ ਵਾਲੇ ਸਮੇਂ 'ਚ ਇਟਲੀ ਦੇ ਕਾਨੂੰਨ ਦੀਆਂ ਬਾਰੀਕੀਆਂ ਸਬੰਧੀ ਜਾਣੂ ਕਰਵਾਉਣ ਲਈ ਇੱਕ ਵਿਸ਼ੇਸ਼ ਮੁਹਿੰਮ ਵੀ ਸ਼ੁਰੂ ਕਰੇਗੀ।


Related News