ਇਟਲੀ : ਛੁੱਟੀਆਂ ਕੱਟਣ ਗਏ ਪਰਿਵਾਰ ''ਤੇ ਭਾਰੀ ਮੀਂਹ ਦਾ ਕਹਿਰ, 2 ਬੱਚਿਆਂ ਦੀ ਮੌਤ
Monday, Aug 31, 2020 - 08:45 AM (IST)
ਰੋਮ, (ਕੈਂਥ)- ਇਟਲੀ ਵਿਚ ਜਿੱਥੇ ਕੋਰੋਨਾ ਵਾਇਰਸ ਕਾਰਨ ਪਹਿਲਾਂ ਹੀ ਜਨ ਜੀਵਨ ਅਤੇ ਆਰਥਿਕਤਾ ਪੱਖੋਂ ਪ੍ਰਭਾਵਿਤ ਹੋ ਚੁੱਕਾ ਹੈ। ਦੂਜੇ ਪਾਸੇ ਪਿਛਲੇ ਕੁੱਝ ਦਿਨਾਂ ਤੋਂ ਖਰਾਬ ਮੌਸਮ ਦੇ ਕਾਰਨ ਬੇਸ਼ੱਕ ਗਰਮੀ ਨੂੰ ਰਾਹਤ ਮਿਲੀ ਹੈ ਪਰ ਉੱਤਰੀ ਇਟਲੀ ਦੇ ਇਲਾਕਿਆਂ ਵਿੱਚ ਇਸ ਖਰਾਬ ਮੌਸਮ ਦੇ ਕਾਰਨ ਜਨ ਜੀਵਨ ਬਹੁਤ ਪ੍ਰਭਾਵਿਤ ਹੋਇਆ ਹੈ ਤੇ ਇਕ ਕਾਰਨ ਦੋ ਬੱਚਿਆਂ ਦੀ ਵੀ ਮੌਤ ਹੋ ਗਈ।
ਉੱਤਰੀ ਇਟਲੀ ਦੇ ਕਾਫੀ ਸ਼ਹਿਰ ਅਤੇ ਕਸਬਿਆਂ ਵਿਚ ਮੀਹ, ਦੇ ਨਾਲ-ਨਾਲ ਭਾਰੀ ਤੂਫ਼ਾਨ ਅਤੇ ਗੜੇਮਾਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਤੇਜ਼ ਹਵਾਵਾਂ ਕਾਰਨ ਸੜਕਾਂ ਉੱਤੇ ਦਰੱਖਤ ਡਿੱਗਣ ਕਾਰਨ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਕੁਝ ਖੜ੍ਹੀਆਂ ਗੱਡੀਆਂ ਉੱਤੇ ਅਤੇ ਘਰਾਂ ਦੀਆਂ ਇਮਾਰਤਾਂ ਉੱਤੇ ਦਰੱਖਤ ਡਿਗਣ ਕਾਰਨ ਭਾਰੀ ਨੁਕਸਾਨ ਹੋਇਆ ਹੈ। ਇਸ ਬਦਲਦੇ ਮੌਸਮ ਕਾਰਨ ਗਲੀਆਂ ਅਤੇ ਸੜਕਾਂ ਉੱਤੇ ਭਾਰੀ ਮਾਤਰਾ ਵਿੱਚ ਪਾਣੀ ਜਮ੍ਹਾਂ ਹੋ ਜਾਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਪ੍ਰਸ਼ਾਸਨ ਵਲੋਂ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਅਤੇ ਆਵਾਜਾਈ ਨੂੰ ਵੀ ਬਹਾਲ ਕੀਤਾ ਜਾ ਰਿਹਾ ਹੈ ਤਾਂ ਜੋ ਆਮ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਦੇ ਨਾਲ ਇਟਲੀ ਦੇ ਤੁਸਕਾਨਾ ਸ਼ਹਿਰ ਦੇ ਨਜ਼ਦੀਕ ਇਕ ਪਰਿਵਾਰ ਦੇ ਬੱਚਿਆਂ ਉੱਤੇ ਤੇਜ਼ ਹਨੇਰੀ ਕਾਰਨ ਤੰਬੂ ਉਪਰ ਦੱਰਖਤ ਡਿੱਗਣ ਕਾਰਨ ਇਸ ਪਰਿਵਾਰ ਦੇ ਤਿੰਨ ਬੱਚੇ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ। ਇਹ ਪਰਿਵਾਰ ਤੋਰੀਨੋ ਸ਼ਹਿਰ ਨਾਲ ਸਬੰਧਿਤ ਸੀ, ਪ੍ਰਸ਼ਾਸਨ ਅਤੇ ਡਾਕਟਰ ਟੀਮ ਦੀ ਸਹਾਇਤਾ ਨਾਲ ਇਨ੍ਹਾਂ ਨੂੰ ਕੱਢਣ ਵਿਚ ਕਾਮਯਾਬੀ ਤਾਂ ਪ੍ਰਾਪਤ ਹੋ ਗਈ ਸੀ ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਇਨ੍ਹਾਂ ਬੱਚਿਆਂ ਵਿਚੋਂ 2 ਬੱਚਿਆਂ ਦੀ ਮੌਤ ਹੋ ਗਈ ਹੈ। ਮ੍ਰਿਤਕ ਬੱਚਿਆਂ ਦੀ ਉਮਰ ਲਗਭਗ 3 ਅਤੇ 14 ਸਾਲ ਦੱਸੀ ਜਾ ਰਹੀ ਹੈ ਅਤੇ ਤੀਜੀ ਬੱਚੀ ਜਿਸ ਦੀ ਉਮਰ 19 ਸਾਲ ਹੈ, ਉਹ ਹਸਪਤਾਲ ਵਿਚ ਜੇਰੇ ਇਲਾਜ ਹੈ। ਇਹ ਪਰਿਵਾਰ ਆਪਣੇ ਬੱਚਿਆਂ ਸਣੇ ਗਰਮੀ ਦੀਆਂ ਛੁੱਟੀਆਂ ਬਤੀਤ ਕਰਨ ਗਏ ਹੋਏ ਸਨ। ਦੱਸਣਯੋਗ ਹੈ ਕਿ ਇਟਲੀ ਵਿਚ ਇਸ ਵਾਰ ਕਾਫੀ ਗਰਮ ਮੌਸਮ ਰਿਹਾ ਹੈ ਅਤੇ ਹੁਣ ਮੌਸਮ ਵਿਚ ਬਦਲਾਅ ਦਰਜ ਕੀਤਾ ਜਾ ਰਿਹਾ ਹੈ । ਓਧਰ ਦੂਜੇ ਪਾਸੇ ਇਟਲੀ ਦੇ ਲਾਸੀਓ ਸੂਬੇ ਵਿਚ ਵੀ ਮੌਸਮ ਵਿਭਾਗ ਵਲੋਂ ਮੌਸਮ ਖਰਾਬ ਰਹਿਣ ਦੇ ਸੰਕੇਤ ਦਿੱਤੇ ਗਏ ਹਨ।