ਯੂਰਪੀਅਨ ਪਾਰਲੀਮੈਂਟ ਦੀ ਚੋਣ ਲੜ ਰਹੀ ਹੈ ਪੰਜਾਬ ਦੀ ਧੀ ਪ੍ਰੀਤੀ ਕੌਰ

Sunday, May 26, 2019 - 05:36 PM (IST)

ਯੂਰਪੀਅਨ ਪਾਰਲੀਮੈਂਟ ਦੀ ਚੋਣ ਲੜ ਰਹੀ ਹੈ ਪੰਜਾਬ ਦੀ ਧੀ ਪ੍ਰੀਤੀ ਕੌਰ

ਰੋਮ/ਇਟਲੀ (ਕੈਂਥ)— ਦੁਨੀਆ ਭਰ ਵਿੱਚ ਪੰਜਾਬੀਆਂ ਦਾ ਸੱਤਾ ਲਈ ਸਰਗਰਮ ਹੋਣਾ ਜਿੱਥੇ ਵਿਦੇਸ਼ੀ ਪੰਜਾਬੀਆਂ ਦੀ ਪਹਿਚਾਣ ਨੂੰ ਵਿਲੱਖਣਤਾ ਨਾਲ ਪੇਸ਼ ਕਰਦਾ ਹੈ ਉੱਥੇ ਹੀ ਪੰਜਾਬੀ ਲੋਕਾਂ ਤੋਂ ਸਬੰਧਤ ਦੇਸ਼ਾਂ ਦੀਆਂ ਰਾਜਸੀ ਪਾਰਟੀਆਂ ਨੂੰ ਡੂੰਘੀਆਂ ਉਮੀਦਾਂ ਹਨ।ਇਸੇ ਲੜੀ ਮੁਤਾਬਕ ਬੈਲਜ਼ੀਅਮ ਵਿੱਚ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਇਲਾਕੇ ਸਿੰਤਰੂਧਨ ਦੀ ਵਾਸੀ ਪ੍ਰੀਤੀ ਕੌਰ ਇਸ ਵਾਰ ਖੱਬੇ ਪੱਖੀ ਪਾਰਟੀ ਐੱਸ.ਪੀ.ਏ. ਵੱਲੋਂ ਯੂਰਪੀਨ ਪਾਰਲੀਮੈਂਟ ਮੈਂਬਰ ਦੀ ਚੋਣ ਲੜ ਰਹੀ ਹੈ। 

ਬੈਲਜ਼ੀਅਮ ਵਿੱਚ ਫੈਡਰਲ ਸਰਕਾਰ ਅਤੇ ਸੂਬਿਆਂ ਦੀਆਂ ਹੋ ਰਹੀਆਂ ਚੋਣਾਂ ਦੇ ਨਾਲ ਹੀ ਯੂਰਪੀਅਨ ਪਾਰਲੀਮੈਂਟ ਦੇ ਮੈਂਬਰਾਂ ਦੀ ਚੋਣ ਵੀ ਹੋ ਰਹੀ ਹੈ। ਜਿੱਥੇ ਪ੍ਰੀਤੀ ਨੂੰ ਆਪਣੀ ਪਾਰਟੀ ਦਾ ਸਾਥ ਮਿਲ ਰਿਹਾ ਹੈ ਉੱਥੇ ਉਸ ਨੇ ਆਪਣੇ ਪੰਜਾਬੀ ਭਾਈਚਾਰੇ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ। ਪ੍ਰੀਤੀ ਨੂੰ ਵੋਟਾਂ ਪੂਰੇ ਫਲਾਂਨਦਰ ਦੇ ਪੰਜ ਸੂਬਿਆਂ ਸਮੇਤ ਬਰੱਸਲਜ਼ ਦੇ ਬਾਸ਼ਿੰਦੇ ਵੀ ਪਾ ਸਕਦੇ ਹਨ। ਪੰਜਾਬੀ ਭਾਈਚਾਰੇ ਦੀਆਂ ਨਾਮਵਾਰ ਸਖ਼ਸੀਅਤਾਂ ਨੇ ਵੀ ਸਮੂਹ ਏਸ਼ੀਅਨ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਪ੍ਰੀਤੀ ਕੌਰ ਨੂੰ ਵੋਟਾਂ ਪਾ ਕੇ ਕਾਮਯਾਬ ਕਰਨ ਅਤੇ ਪ੍ਰੀਤੀ ਰਾਹੀ ਆਪਣੀ ਹੋਂਦ ਦਾ ਪ੍ਰਗਟਾਵਾ ਕਰਨ ਦਾ ਇਹ ਵਧੀਆ ਮੌਕਾ ਹੈ। 

ਪ੍ਰੀਤੀ ਕੌਰ ਦੀ ਜਿੱਤ ਨਾਲ ਸਾਡੀਆਂ ਚਿਰੋਕਣੀਆਂ ਮੰਗਾਂ ਜਿਨ੍ਹਾਂ ਵਿੱਚ ਦਸਤਾਰ ਦਾ ਮਸਲਾ ਜ਼ਿਆਦਾ ਮਹੱਤਵਪੂਰਨ ਹੈ ਨੂੰ ਯੂਰਪੀਨ ਯੁਨੀਅਨ ਵਿੱਚ ਉਠਾ ਸਕਦੇ ਹਾਂ ਤੇ ਹੱਲ ਕਰਵਾਉਣ ਲਈ ਦਬਾਅ ਬਣਾ ਸਕਦੇ ਹਾਂ। ਜ਼ਿਕਰਯੋਗ ਹੈ ਕਿ ਪੰਜਾਬ ਦੇ ਸ਼ਹਿਰ ਫਗਵਾੜਾ (ਕਪੂਰਥਲਾ) ਨਾਲ ਸਬੰਧਤ ਪ੍ਰੀਤੀ ਕੌਰ ਪਹਿਲਾਂ ਵੀ ਮੈਂਬਰ ਪਾਰਲੀਮੈਂਟ ਅਤੇ ਸਥਾਨਕ ਕੌਂਸਲ ਲਈ ਚੋਣ ਲੜ ਚੁੱਕੀ ਹੈ ਜੋ ਇਸ ਸਮੇਂ ਸਿੰਤਰੂਧਨ ਵਿੱਚ ਕੌਂਸਲਰ ਹੈ।


author

Vandana

Content Editor

Related News