ਇਟਲੀ : ਉੱਘੇ ਸਮਾਜ ਸੁਧਾਰਕ ਜਗਜੀਤ ਸਿੰਘ ਗੁਰਮ ਦੀ ਕੋਰੋਨਾ ਕਾਰਨ ਮੌਤ

Thursday, Apr 29, 2021 - 02:54 PM (IST)

ਰੋਮ (ਦਲਵੀਰ ਕੈਂਥ): ਕੋਵਿਡ-19 ਨਾਮੁਰਾਦ ਬਿਮਾਰੀ ਨੇ ਵੱਡੇ ਪੱਧਰ 'ਤੇ ਦੁਨੀਆ ਭਰ ‘ਚ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਕੀਤਾ ਹੈ। ਇਟਲੀ ਵਿੱਚ ਰਹਿ ਰਿਹਾ ਭਾਰਤੀ ਭਾਈਚਾਰਾ ਵੀ ਇਸ ਤੋਂ ਅਛੂਤਾ ਨਹੀਂ ਰਿਹਾ। ਇਟਲੀ ਵਿੱਚ ਪਿਛਲੇ ਦਿਨਾਂ ਵਿੱਚ ਕਾਫ਼ੀ ਵੱਡੀ ਗਿਣਤੀ ਵਿਚ ਭਾਰਤੀ ਕੋਰੋਨਾ ਵਾਇਰਸ ਨਾਲ ਪਾਜ਼ੇਟਿਵ ਪਾਏ ਗਏ ਹਨ ਤੇ ਕਈ ਭਾਰਤੀਆਂ ਨੂੰ ਕੋਵਿਡ-19 ਦਾ ਦੈਂਤ ਆਪਣੀ ਪਹਿਲੀ ਲਹਿਰ ਵਿੱਚ ਨਿਗਲ ਵੀ ਚੁੱਕਾ ਹੈ ਤੇ ਹੁਣ ਵੀ ਭਾਰਤੀ ਭਾਈਚਾਰੇ 'ਤੇ ਸੰਕਟ ਬਣ ਮੰਡਰਾ ਰਿਹਾ ਹੈ।

ਇਸ ਨਾਮੁਰਾਦ ਬਿਮਾਰੀ ਨੇ ਪਿਛਲੇ 17 ਸਾਲ ਤੋਂ ਇਟਲੀ ਵਿਚ ਧਰੂ ਤਾਰੇ ਵਾਂਗਰ ਚਮਕਣ ਵਾਲੇ ਉੱਘੇ ਸਮਾਜ ਸੁਧਾਰਕ ਜਗਜੀਤ ਸਿੰਘ ਗੁਰਮ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਤੇ ਬੀਤੇ ਦਿਨ ਜਗਜੀਤ ਸਿੰਘ (40) ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਹੈ।ਪ੍ਰੈੱਸ ਨੂੰ ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਹਰਪਾਲ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਪੁਨਤੀਨੀਆ ਨੇ ਦੱਸਿਆ ਕਿ ਮ੍ਰਿਤਕ ਜਗਜੀਤ ਸਿੰਘ ਗੁਰਮ ਜੋ ਕਿ ਪਿੰਡ ਭਮਾਰਸੀ ਫਤਹਿਗੜ੍ਹ ਸਾਹਿਬ ਦਾ ਰਹਿਣ ਵਾਲਾ ਸੀ, ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਹੈ। ਮ੍ਰਿਤਕ ਆਪਣੇ ਪਿੱਛੇ ਆਪਣੀ ਧਰਮ ਪਤਨੀ ਅਤੇ ਇਕ 6 ਸਾਲਾ ਬੱਚੀ ਨੂੰ ਛੱਡ ਕੇ ਜਹਾਨੋਂ ਤੁਰ ਗਿਆ।

ਪੜ੍ਹੋ ਇਹ ਅਹਿਮ ਖਬਰ- ਤਨਮਨਜੀਤ ਸਿੰਘ ਨੇ ਯੂਕੇ ਸੰਸਦ 'ਚ ਚੁੱਕਿਆ ਭਾਰਤ 'ਚ ਹੋ ਰਹੀਆਂ ਮੌਤਾਂ ਦਾ ਮੁੱਦਾ (ਵੀਡੀਓ)

ਜਗਜੀਤ ਸਿੰਘ ਜੋ ਕਿ 2005 ਵਿਚ ਇਟਲੀ ਆਇਆ ਸੀ। ਇਟਲੀ ਆਕੇ ਪਹਿਲਾਂ ਡੇਅਰੀ ਫਾਰਮ ਵਿੱਚ ਕੰਮ ਕਰਦਾ ਸੀ ਪਰ ਪਿਛਲੇ 5-6 ਸਾਲਾਂ ਤੋਂ ਇਟਲੀ ਵਿਚ ਰਹਿ ਰਹੇ ਭਾਰਤੀਆਂ ਨੂੰ ਇਟਲੀ ਦੇ ਲਾਇਸੰਸ ਦੀ ਪੜ੍ਹਾਈ ਦੀ ਕੋਚਿੰਗ ਕਰਾ ਰਿਹਾ ਸੀ ਅਤੇ ਸੈਂਕੜੇ ਹੀ ਭਾਰਤੀਆਂ ਨੂੰ ਇਟਲੀ ਦਾ ਲਾਇਸੰਸ ਪਾਸ ਕਰਵਾਉਣ ਵਿੱਚ ਮਦਦ ਕਰ ਚੁੱਕਾ ਸੀ।ਮਰਹੂਮ ਜਗਜੀਤ ਸਿੰਘ ਗੁਰਮ ਅਜਿਹਾ ਸ਼ਖਸ ਸੀ ਜਿਸ ਨੇ ਸੈਂਕੜੇ ਭਾਰਤੀਆਂ ਦੀ ਕਾਮਯਾਬੀ ਵਿੱਚ ਪੌੜੀ ਦਾ ਕੰਮ ਕੀਤਾ ਤੇ ਅੱਜ ਉਸ ਦੀ ਬੇਵਕਤੀ ਮੌਤ ਕਾਰਨ ਪੁਨਤਾਨੀਆ ਅਤੇ ਆਸ ਪਾਸ ਦੇ ਏਰੀਏ ਵਿਚ ਰਹਿ ਰਹੇ ਭਾਰਤੀਆਂ ਵਿਚ ਸੋਗ ਦੀ ਲਹਿਰ ਛਾਅ ਗਈ ਹੈ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਮ੍ਰਿਤਕ ਜਗਜੀਤ ਸਿੰਘ ਗੁਰਮ ਇਟਲੀ ਵਿੱਚ ਜ਼ਿਲ੍ਹਾ ਲਾਤੀਨਾ ਸੂਬਾ ਲਾਸੀਓ ਵਿੱਚ ਰਹਿੰਦਾ ਸੀ ਜਿੱਥੇ ਕਿ ਪਿਛਲੇ ਦਿਨੀਂ ਬਹੁਤ ਜ਼ਿਆਦਾ ਭਾਰਤੀਆਂ ਦੀ ਕੋਰੋਨਾ ਵਾਇਰਸ ਨਾਲ ਪਾਜੇਟਿਵ ਹੋਣ ਦੀਆਂ ਖ਼ਬਰਾਂ ਵੀ ਪ੍ਰਕਾਸ਼ਿਤ ਹੋਈਆਂ ਸਨ। ਪ੍ਰਸ਼ਾਸਨ ਵੱਲੋਂ ਵੀ ਸੂਬੇ ਵਿੱਚ ਰਹਿ ਰਹੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਦਾ ਟੈਸਟ ਕਰਵਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਮਰਹੂਮ ਕੁਝ ਸਮਾਂ ਪਹਿਲਾਂ ਹੀ ਭਾਰਤ ਤੋਂ ਆਇਆ ਸੀ ਤੇ ਇਟਲੀ ਆਕੇ ਕੋਰੋਨਾ ਪੋਜੇਟਿਵ ਪਾਇਆ ਗਿਆ ਜਿਸ ਦਾ ਇਲਾਜ ਪਹਿਲਾਂ ਲਾਤੀਨਾ ਫਿਰ ਰੋਮ ਚੱਲ ਰਿਹਾ ਸੀ ਜਿੱਥੇ ਕਿ ਉਸ ਦੀ ਕੱਲ੍ਹ ਮੌਤ ਹੋ ਗਈ।

ਨੋਟ- ਉੱਘੇ ਸਮਾਜ ਸੁਧਾਰਕ ਜਗਜੀਤ ਸਿੰਘ ਗੁਰਮ ਦੀ ਕੋਰੋਨਾ ਕਾਰਨ ਮੌਤ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News