ਡਾ. ਬੀ ਆਰ ਅੰਬੇਡਕਰ ਹੋਣਾਂ ਦਾ ਸ਼ੁੱਭ ਦਿਨ ਘਰਾਂ ''ਚ ਬੈਠਕੇ ਮਨਾਉ : ਗਿੰਨੀ ਮਾਹੀ

4/13/2020 4:16:45 PM

ਮਿਲਾਨ/ਇਟਲੀ (ਸਾਬੀ ਚੀਨੀਆ): ਡਾ. ਭੀਮ ਰਾਉ ਅੰਬੇਡਰਕਰ ਸਾਹਿਬ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਦੇ ਮਾਨਵਤਾ ਦੀ ਭਲਾਈ ਲਈ ਦਿੱਤੇ ਸੰਦੇਸ਼ਾਂ ਨੂੰ ਆਪਣੇ ਗੀਤਾਂ ਰਾਹੀ ਪੇਸ਼ ਕਰਕੇ ਨਾਮਣਾ ਖੁੱਟ ਚੁੱਕੀ ਲੋਕ ਗਾਇਕਾ ਗਿੰਨੀ ਮਾਹੀ ਦਾ ਬਿਲਕੁਲ ਨਵਾਂ ਗੀਤ "ਬੋਲੋ ਜੈ ਭੀਮ, ਬਾਬਾ ਸਾਹਿਬ ਡਾ. ਬੀ. ਆਰ ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਰਿਲੀਜ਼ ਹੋਇਆ ਹੈ।ਮਿਊਜਿਕ ਮੀਡੀਆ ਤੇ ਤਜਿੰਦਰ ਤੇਜੀ ਯੂਕੇ ਦੀ ਪੇਸ਼ਕਸ਼ ਹੇਠ 8 ਅਪ੍ਰੈਲ ਨੂੰ ਰਿਲੀਜ਼ ਹੋਏ ਹਿੰਦੀ ਗੀਤ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਆਪਣੇ ਇਸ ਨਵੇਂ ਗੀਤ ਸੰਬੰਧੀ ਗੱਲਬਾਤ ਕਰਦਿਆ ਗਿੰਨੀ ਮਾਹੀ ਨੇ ਆਖਿਆ ਕਿ ਸਰੋਤਿਆਂ ਵੱਲੋਂ ਦਿੱਤੇ ਜਾ ਰਹੇ ਪਿਆਰ ਲਈ ਹਮੇਸ਼ਾ ਧੰਨਵਾਦੀ ਰਹਿਣਗੇ ਜਿੰਨਾਂ ਵੱਲੋ ਉਨਾਂ ਦੇ ਹਰ ਗੀਤ ਨੂੰ ਰੱਜਵਾਂ ਪਿਆਰ ਦਿੱਤਾ ਜਾਂਦਾ ਹੈ। 

ਉਹਨਾਂ ਸਮੁੱਚੇ ਭਾਰਤੀ ਭਾਈਚਾਰੇ ਨੂੰ ਅਪੀਲ ਕਰਦਿਆਂ 14 ਅਪ੍ਰੈਲ ਨੂੰ ਡਾ. ਬੀ. ਆਰ ਅੰਬੇਡਕਰ ਸਾਹਿਬ ਦੇ ਜਨਮ ਦਿਨ ਦੀਆਂ ਵਧਾਈਆਂ ਦਿੰਦੇ ਆਖਿਆ ਕਿ ਦੁਨੀਆ ਦੇ ਸਾਰੇ ਦੇਸ਼ ਇਸ ਵੇਲੇ ਬੜੀ ਔਖੀ ਘੜੀ ਵਿਚੋ ਗੁਜਰ ਰਹੇ ਹਨ ਪਰ ਸਾਨੂੰ ਬਾਬਾ ਸਾਹਿਬ ਤੋਂ ਪ੍ਰੇਰਨਾ ਲੈਂਦੇ ਹੋਏ ਵਿਸ਼ਵਾਸ਼ ਵਿਖਾਉਂਦੇ ਹੋਏ ਕੋਰੋਨਾ ਮਹਾਮਾਰੀ ਦਾ ਮੁਕਾਬਲਾ ਕਰਦਿਆ ਅਤੇ ਕਾਨੂੰਨ ਦੀ ਉਲੰਘਣਾ ਕੀਤੇ ਬਿਨਾਂ 14 ਅਪ੍ਰੈਲ ਨੂੰ ਆਪੋ ਆਪਣੇ ਘਰਾਂ ਵਿਚ ਰਹਿਕੇ ਬਾਬਾ ਸਾਹਿਬ ਦੇ ਜਨਮ ਦਿਨ ਖੁਸ਼ੀਆਂ ਮਨਾਉਣੀਆਂ ਹੋਣਗੀਆਂ ਅਤੇ ਇਸ ਮੁਸ਼ਕਲ ਘੜੀ ਵਿਚ ਇਕ ਦੂਜੇ ਦਾ ਸਾਥ ਵੀ ਜ਼ਰੂਰ ਦੇਣਾ ਹੋਵੇਗਾ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਗਿੰਨੀ ਮਾਹੀ ਪਿਛਲੇ ਇਕ ਮਹੀਨੇ ਤੋਂ ਯੂਰਪ ਟੂਰ ਤੇ ਹਨ ਜਿੱਥੇ ਕਿ ਉਹ ਸਤਿਗੁਰੂ ਰਵਿਦਾਸ ਮਹਾਰਾਜ ਦੇ ਆਗਮਨ ਪੂਰਬ ਦਿਹਾੜੇ ਨੂੰ ਸਮਰਪਿਤ ਕਰਵਾਏ ਜਾਣ ਵਾਲੇ ਸਮਾਗਮਾਂ ਵਿਚ ਹਿੱਸਾ ਲੈਣ ਆਏ ਸਨ ਪਰ ਐਮਰਜੈਸੀ ਕਰਕੇ ਇੰਨੀ ਦਿਨੀਂ ਇਟਲੀ ਵਿਚ ਹਨ । ਇਸ ਮੌਕੇ ਉਨਾਂ ਨਾਲ ਸ੍ਰੀ ਗੁਰਨਾਮ ਜੀ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।


Vandana

Content Editor Vandana