ਅੰਬਾਨੀ-ਅਡਾਨੀ ਦਾ ਮੋਹ ਤਿਆਗ ਕੇ ਮੋਦੀ ਲੋਕਾਂ ਦੀ ਗੱਲ ਸੁਣੇ ਤੇ ਕਾਲੇ ਕਾਨੂੰਨ ਰੱਦ ਕਰੇ : ਹੀਉਂ, ਬਿੱਟਾ

01/19/2021 3:17:22 PM

ਰੋਮ (ਕੈਂਥ): ਭਾਰਤ ਦੀ ਭਾਜਪਾ ਦੀ ਅਗਵਾਈ ਹੇਠ ਚੱਲ ਰਹੀ ਕੇਂਦਰ ਦੀ ਮੋਦੀ ਸਰਕਾਰ ਅੰਬਾਨੀ, ਅਡਾਨੀ ਅਤੇ ਕੁੱਝ ਹੋਰ ਮੁੱਠੀ ਭਰ ਪੂੰਜੀਪਤੀ ਘਰਾਣਿਆਂ ਦਾ ਮੋਹ ਤਿਆਗ ਕੇ ਦੇਸ਼ ਦੇ ਕਰੋੜਾਂ ਮਿਹਨਤਕਸ਼, ਕਿਸਾਨ-ਮਜ਼ਦੂਰਾਂ ਦੀ ਆਵਾਜ਼ ਸੁਣ ਕੇ ਉਨ੍ਹਾਂ ਦੇ ਮਸਲਿਆਂ ਦਾ ਹੱਲ ਕਰੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇਟਲੀ ਵਿੱਚ ਪ੍ਰਵਾਸੀ ਭਾਰਤੀ ਕਾਮਿਆਂ ਦੀ ਕਿਸਾਨ ਮਜਦੂਰ ਸੰਘਰਸ਼ ਦੀ ਹਮਾਇਤ ਵਿੱਚ ਸਰਬਜੀਤ ਸਾਬੀ ਦੀ ਪ੍ਰਧਾਨਗੀ ਹੇਠ ਵੇਰੋਨਾ ਵਿਖੇ ਹੋਈ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਖੱਬੇ ਪੱਖੀ ਆਗੂ ਸਾਥੀ ਦਵਿੰਦਰ ਹੀਂਉ ਅਤੇ ਅਜੇ ਕੁਮਾਰ ਬਿੱਟਾ ਨੇ ਕੀਤਾ। 

ਉਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਸਮੁੱਚੇ ਭਾਰਤ ਦਾ ਪੇਟ ਭਰਨ ਵਾਲਾ ਅੰਨਦਾਤਾ "ਮਜਦੂਰ ਤੇ ਕਿਸਾਨ" ਅੱਜ ਕਹਿਰ ਦੀ ਸਰਦੀ ਦੇ ਮੌਸਮ ਵਿੱਚ ਸੜਕਾਂ ਤੇ ਸੌਣ ਲਈ ਮਜਬੂਰ ਹੋ ਰਿਹਾ ਹੈ। ਦੂਜੇ ਪਾਸੇ ਪੂੰਜੀਵਾਦੀ ਨਸ਼ੇ ਵਿੱਚ ਚੂਰ ਅੰਨ੍ਹੀ ਤੇ ਬੌਲੀ ਸਰਕਾਰ ਇਨ੍ਹਾਂ ਕਰੋੜਾਂ ਕਿਰਤੀਆਂ 'ਤੇ ਜਬਰ-ਜ਼ੁਲਮ ਕਰਕੇ ਆਪਣੇ ਹੰਕਾਰ ਦਾ ਪ੍ਰਗਟਾਵਾ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਤੋਂ ਮੋਦੀ ਸਰਕਾਰ ਹੋਂਦ ਵਿੱਚ ਆਈ ਹੈ ਉਸੇ ਦਿਨ ਤੋਂ ਹੀ ਦੇਸ਼ ਦੇ ਪਬਲਿਕ ਸੈਕਟਰ ਨੂੰ ਕੌਡੀਆਂ ਦੇ ਭਾਅ ਵੇਚ ਕੇ ਤਬਾਹ ਕਰਨ ਤੇ ਤੁੱਲੀ ਹੋਈ ਹੈ। 

ਪੜ੍ਹੋ ਇਹ ਅਹਿਮ ਖਬਰ- ਸਹੁੰ ਚੁੱਕਦੇ ਹੀ ਬਾਈਡੇਨ ਪ੍ਰਵਾਸੀਆਂ ਨੂੰ ਦੇਣਗੇ ਤੋਹਫਾ, ਕਰੋੜਾਂ ਲੋਕਾਂ ਨੂੰ ਮਿਲ ਸਕਦੀ ਹੈ ਨਾਗਰਿਕਤਾ

ਉਨ੍ਹਾਂ ਕਿਹਾ ਕਿ ਚੰਗੇ ਦਿਨ ਆਉਣ ਦੇ ਜੁਮਲੇ ਸੁਣਾ ਕੇ ਸੱਤਾ ਵਿਚ ਆਈ ਇਸ ਸਰਕਾਰ ਨੇ ਆਮ ਲੋਕਾਂ ਦਾ ਜੀਣਾ ਮੁਸ਼ਕਿਲ ਕਰ ਦਿੱਤਾ ਹੈ। ਮਹਿੰਗਾਈ ਆਸਮਾਨ ਛੂਹ ਰਹੀ ਹੈ, ਬੇਰੁਜ਼ਗਾਰੀ ਫੌਜ ਵਿੱਚ ਅਥਾਹ ਵਾਧਾ ਹੋ ਰਿਹਾ ਹੈ। ਹਰ ਪਾਸੇ ਭੁੱਖਮਰੀ, ਬੇਕਾਰੀ, ਲੁੱਟਮਾਰ, ਫਿਰਕਾਪ੍ਰਸਤੀ ਤੇ ਗੁੰਡਾਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ। ਅਜਿਹੇ ਕਾਰਜਕਾਲ ਨੂੰ ਇਹ ਸਰਕਾਰ ਬੜੀ ਬੇਸ਼ਰਮੀ ਨਾਲ "ਸਭ ਦਾ ਸਾਥ ਤੇ ਸਭ ਦਾ ਵਿਕਾਸ" ਦਾ ਢੰਡੋਰਾ ਪਿੱਟ ਰਹੀ ਹੈ। ਇਸ ਮੌਕੇ ਤੇ ਸੋਢੀ ਸੁੰਮਨ, ਅਜੇ ਲੱਦੜ, ਜੀਵਨ ਰਾਮ, ਰਾਜਵਿੰਦਰ ਸਿੰਘ ਚੀਮਾ, ਹਰਜਿੰਦਰ ਮੋਦੀ, ਵਿਸ਼ਾਲ ਕੁਮਾਰ, ਮਨਦੀਪ ਜਲੰਧਰ, ਕੁਲਵੰਤ ਸਿੰਘ ਭਰੋਲੀ, ਬਲਦੇਵ ਰਾਜ ਤੇ ਨਵਦੀਪ ਸਿੰਘ ਆਦਿ ਨੇ ਵੀ ਵਿਚਾਰ ਪੇਸ਼ ਕਰਦਿਆਂ ਮੋਦੀ ਸਰਕਾਰ ਨੂੰ ਅੜੀਅਲ ਵਤੀਰਾ ਛੱਡਦੇ ਹੋਏ ਖੇਤੀ ਸਬੰਧੀ ਕਾਲੇ ਕਾਨੂੰਨਾਂ ਨੂੰ ਤੁਰੰਤ ਰੱਦ ਕਰਦੇ ਹੋਏ ਐਮ ਐਸ ਪੀ ਦੀ ਕਾਨੂੰਨੀ ਗਰੰਟੀ ਲਈ ਕਾਨੂੰਨ ਬਣਾਉਣ ਦੀ ਜ਼ੋਰਦਾਰ ਅਪੀਲ ਕੀਤੀ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News