27 ਜਨਵਰੀ ਤੋਂ ECB ਬੰਦ ਕਰ ਦੇਵੇਗੀ 500 ਯੂਰੋ ਦੇ ਨੋਟਾਂ ਦੀ ਛਪਾਈ
Tuesday, Jan 22, 2019 - 12:00 PM (IST)

ਰੋਮ/ਇਟਲੀ (ਕੈਂਥ)— ਅਮਰੀਕਾ, ਇੰਗਲੈਂਡ ਅਤੇ ਯੂਰਪੀਅਨ ਦੇਸ਼ਾਂ ਆਦਿ ਨੇ ਬੇਸ਼ੱਕ ਆਪਣੀ ਕਰੰਸੀ ਨੂੰ ਨਿਵੇਕਲਾ ਰੂਪ ਦਿੰਦਿਆਂ ਇਸ ਦੀ ਨਕਲ ਨੂੰ ਰੋਕਣ ਲਈ ਅੱਡੀਆ ਚੁੱਕ ਕੇ ਜ਼ੋਰ ਲਗਾ ਰੱਖਿਆ ਹੈ ਪਰ ਇਸ ਦੇ ਬਾਵਜੂਦ ਨਕਲੀ ਕਰੰਸੀ ਨੇ ਸਾਰੀ ਦੁਨੀਆ ਨੂੰ ਚੱਕਰਾਂ ਵਿਚ ਪਾ ਰੱਖਿਆ ਹੈ ।ਕਰੰਸੀ ਦੀ ਨਕਲ ਨੂੰ ਰੋਕਣ ਲਈ ਹੀ ਹੁਣ ਯੂਰਪੀਅਨ ਸੈਂਟਰਲ ਬੈਂਕ (ECB) ਵੱਲੋਂ 500 ਯੂਰੋ ਦੇ ਨੋਟ ਦੀ ਛਪਾਈ 27 ਜਨਵਰੀ 2019 ਤੋਂ ਬੰਦ ਕੀਤੀ ਜਾ ਰਹੀ ਹੈ ਪਰ ਜਿਹੜੇ ਪਹਿਲਾਂ ਮਾਰਕੀਟ ਵਿਚ 500 ਯੂਰੋ ਵਾਲੇ 260 ਅਰਬ ਤੋਂ ਜ਼ਿਆਦਾ ਦੇ ਨੋਟ ਮੌਜੂਦ ਹਨ ਉਹ ਪੂਰੀ ਤਰ੍ਹਾਂ ਵਰਤੋਂ ਯੋਗ ਰਹਿਣਗੇ।
ਯੂਰਪੀਅਨ ਸੈਂਟਰਲ ਬੈਂਕ ਵੱਲੋਂ ਲਿਆ ਇਹ ਫੈਸਲਾ ਯੂਰਪ ਵਿਚ ਨਕਲੀ ਨੋਟਾਂ ਨੂੰ ਰੋਕਣ ਲਈ ਕੀਤਾ ਗਿਆ ਹੈ। 27 ਜਨਵਰੀ 2019 ਤੋਂ 19 ਯੂਰੋਜੋਨ ਦੇਸ਼ਾਂ ਵਿਚੋਂ 17 ਦੇਸ਼ਾਂ ਦੇ ਕੇਂਦਰੀ ਬੈਂਕਾਂ ਨੂੰ ਯੂਰਪੀਅਨ ਅਥਾਰਿਟੀਜ਼ ਵੱਲੋਂ 500 ਯੂਰੋ ਦੇ ਨੋਟ ਜਾਰੀ ਕਰਨ ਤੋਂ ਰੋਕ ਦਿੱਤਾ ਜਾਵੇਗਾ।ਇਹ ਬੈਂਕ ਭੂਗਤਾਨ ਦੇ ਅਸੁਰੱਖਿਅਤ ਸਾਧਨ ਹਨ, ਜੋ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਅੱਗੇ ਵਧਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ।ਆਸਟਰੀਆ ਨੈਸ਼ਨਲ ਬੈਂਕ ਅਤੇ ਜਰਮਨ ਫੈਡਰਲ ਬੈਂਕ 26 ਅਪ੍ਰੈਲ 2019 ਤੱਕ 500 ਯੂਰੋ ਦੇ ਨੋਟ ਜਾਰੀ ਕਰਨਗੀਆਂ।
ਜ਼ਿਕਰਯੋਗ ਹੈ ਯੂਰਪੀਅਨ ਸੈਂਟਰਲ ਬੈਂਕ ਵੱਲੋਂ 500 ਯੂਰੋ ਦੇ ਨੋਟ ਦੀ ਛਪਾਈ ਬੰਦ ਕਰਨ ਨਾਲ ਕਿਸੇ ਵੀ ਵਿਅਕਤੀ ਨੂੰ ਕੋਈ ਵੀ ਪ੍ਰੇਸ਼ਾਨੀ ਪੇਸ਼ ਨਹੀਂ ਆਵੇਗੀ ਕਿਉਂਕਿ ਮਾਰਕੀਟ ਵਿਚ ਮੌਜੂਦ 520 ਮਿਲੀਅਨ ਤੋਂ ਘੱਟ 500 ਯੂਰੋ ਦੇ ਨੋਟ ਪੂਰੀ ਤਰ੍ਹਾਂ ਵਰਤੋਂ ਯੋਗ ਰਹਿਣਗੇ ਪਰ ਨਵੀਂ ਛਪਾਈ 27 ਜਨਵਰੀ 2019 ਤੋਂ 17 ਦੇਸ਼ਾਂ ਵਿਚ ਮੁੰਕਮਲ ਬੰਦ ਹੋ ਜਾਵੇਗੀ ।ਉਮੀਦ ਹੈ ਕਿ ਯੂਰਪੀਅਨ ਸੈਂਟਰਲ ਬੈਂਕ ਵੱਲੋਂ ਨਕਲੀ ਨੋਟਾਂ ਦੇ ਕਾਰੋਬਾਰ ਨੂੰ ਪੂਰੀ ਤਰ੍ਹਾਂ ਰੋਕਣ ਲਈ ਕੀਤੇ ਇਸ ਫੈਸਲੇ ਦਾ ਸਭ ਯੂਰਪੀਅਨ ਦੇਸ਼ ਨਿੱਘਾ ਸਵਾਗਤ ਕਰਨਗੇ।