ਇਟਲੀ : ਗੁਰਦੁਆਰਾ ਸਿੰਘ ਸਭਾ ਪੁਨਤੀਨੀਆਂ ਦੀ ਨਵੀਂ ਇਮਾਰਤ ਦੀ ਮਲਕੀਅਤ ਨੂੰ ਲੈ ਕੇ ਛਿੜਿਆ ਵਿਵਾਦ
Friday, Jul 29, 2022 - 05:02 PM (IST)
ਰੋਮ (ਦਲਵੀਰ ਕੈਂਥ) : ਇਟਲੀ ਦਾ ਸਿੱਖ ਭਾਈਚਾਰਾ ਜਿਥੇ ਦੁਨੀਆ ਭਰ ’ਚ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਦੁਨੀਆ ਭਰ ’ਚ ਉਚੇਚੇ ਤੌਰ ’ਤੇ ਜਾਣਿਆ ਜਾਂਦਾ ਹੈ, ਉੱਥੇ ਹੀ ਇਟਲੀ ’ਚ ਗੁਰਦੁਆਰਾ ਸਾਹਿਬ ਦੀ ਸਥਾਪਨਾ ਕਰਨ ’ਚ ਵੀ ਇਟਲੀ ਦਾ ਸਿੱਖ ਭਾਈਚਾਰਾ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਇਸ ਦੇ ਨਾਲ ਹੀ ਇਟਲੀ ’ਚ ਕੁਝ ਅਜਿਹੇ ਗੁਰਦੁਆਰਾ ਸਾਹਿਬਾਨ ਵੀ ਹਨ, ਜਿਨ੍ਹਾਂ ਦੀ ਮਲਕੀਅਤ ਨੂੰ ਲੈ ਕੇ ਹਮੇਸ਼ਾ ਵਿਵਾਦ ਰਿਹਾ ਹੈ। ਕੁਝ ਗੁਰਦੁਆਰਾ ਸਾਹਿਬਾਨ ’ਚ ਅਜਿਹੇ ਵਿਵਾਦ ਸਿੱਖ ਸੰਗਤ ਨੇ ਮੱਤ ਉੱਚੀ ਦਾ ਸਬੂਤ ਦਿੰਦਿਆਂ ਗੁਰੂ ਸਾਹਿਬ ਦੇ ਓਟ ਆਸਰੇ ਆਪ ਹੀ ਸੁਲਝਾਅ ਲਏ ਪਰ ਕੁਝ ਕੁ ’ਚ ਪੁਲਸ ਕੇਸ ਹੋਏ ਤੇ ਲੋਕਾਂ ਲਈ ਤਮਾਸ਼ਾ ਬਣੇ। ਅਜਿਹਾ ਹੀ ਕੁਝ ਮਾਹੌਲ ਅੱਜਕਲ੍ਹ ਇਟਲੀ ਦੇ ਲਾਸੀਓ ਸੂਬੇ ਦੇ ਜ਼ਿਲ੍ਹਾ ਲਾਤੀਨਾ ਦੇ ਸ਼ਹਿਰ ਪੁਨਤੀਨੀਆ ਦੇ ਗੁਰਦੁਆਰਾ ਸਾਹਿਬ ਸਿੰਘ ਸਭਾ ਦਾ ਬਣਿਆ ਹੋਇਆ ਹੈ, ਜਿਥੇ ਕਿ ਗੁਰਦੁਆਰਾ ਸਾਹਿਬ ਦੀ ਮਾਲਕੀ ਨੂੰ ਲੈ ਕੇ ਦੋ ਸੇਵਾਦਾਰ ਧਿਰਾਂ ਆਹਮੋ-ਸਾਹਮਣੇ ਹਨ। ਭਾਈ ਹਰਪਾਲ ਸਿੰਘ ਪ੍ਰਧਾਨ ਗੁਰਦਆਰਾ ਸਾਹਿਬ ਸਿੰਘ ਸਭਾ ਪ੍ਰਬੰਧਕ ਕਮੇਟੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਕਮੇਟੀ ਗੁਰਦੁਆਰਾ ਸਿੰਘ ਸਭਾ ਪੁਨਤੀਨੀਆ (ਲਾਤੀਨਾ) ਦੇ ਨਾਂ ਉੱਤੇ ਰਜਿਸਟਰਡ ਹੈ। ਇਸ ਕਮੇਟੀ ’ਚ 5 ਮੈਂਬਰ ਭਾਈ ਹਰਪਾਲ ਸਿੰਘ, ਭਾਈ ਬਚਿੱਤਰ ਸਿੰਘ, ਭਾਈ ਜਸਵੀਰ ਸਿੰਘ, ਅੰਗਰੇਜ ਸਿੰਘ ਤੇ ਦਲਜੀਤ ਸਿੰਘ ਸੋਢੀ ਸਨ। ਪਹਿਲਾਂ ਗੁਰਦੁਆਰਾ ਸਾਹਿਬ ਕਿਰਾਏ ਦੀ ਇਮਾਰਤ ’ਚ ਸੀ। ਸਾਲ 2021 ’ਚ ਗੁਰਦੁਆਰਾ ਸਾਹਿਬ ਲਈ ਆਪਣੀ ਇਮਾਰਤ 5 ਲੱਖ ਯੂਰੋ ਦੀ ਖਰੀਦੀ ਗਈ, ਜਿਸ ’ਚੋਂ 235 ਹਜ਼ਾਰ ਯੂਰੋ ਕਰੀਬ ਟੈਕਸ ਸਮੇਤ ਦਿੱਤਾ ਜਾ ਚੁੱਕਾ ਹੈ, ਬਾਕੀ ਰਕਮ ਰਹਿੰਦੀ ਹੈ।
ਗੁਰਦੁਆਰਾ ਸਾਹਿਬ ਦਾ ਗੁ. ਸਿੰਘ ਸਭਾ ਪੁਨਤੀਨੀਆ ਦੇ ਨਾਂ ਬੈਂਕ ਖਾਤਾ ਹੈ ਤੇ ਇਸ ਨਾਂ ’ਤੇ ਹੀ ਗੁਰਦੁਆਰਾ ਸਾਹਿਬ ਦਾ ਕੋਡਿਸਫਿਸਕਾਲੇ (ਪੈਨ ਨੰਬਰ) ਬਣਿਆ ਹੈ। ਗੁਰਦੁਆਰਾ ਸਾਹਿਬ ਦੀ ਇਮਾਰਤ ਖਰੀਦਣ ਦਾ ਸਾਰਾ ਕੰਮ ਦਲਜੀਤ ਸਿੰਘ ਸੋਢੀ ਉਪ-ਪ੍ਰਧਾਨ ਦੇਖ ਰਿਹਾ ਸੀ ਪਰ ਹੈਰਾਨੀ ਦੀ ਉਦੋਂ ਕੋਈ ਹੱਦ ਨਾ ਰਹੀ, ਜਦੋਂ ਭਾਈ ਹਰਪਾਲ ਸਿੰਘ ਨੂੰ ਪਤਾ ਲੱਗਾ ਕਿ ਗੁਰਦੁਆਰਾ ਸਾਹਿਬ ਦੀ ਇਮਾਰਤ ਗੁਰਦੁਆਰਾ ਸਾਹਿਬ ਦੇ ਨਾਂ ਨਹੀਂ ਸਗੋਂ ਦਲਜੀਤ ਸਿੰਘ ਸੋਢੀ ਤੇ ਇਕ ਹੋਰ ਵਿਅਕਤੀ ਦੇ ਨਾਂ ਹੈ, ਜਿਸ ਦਾ ਪਤਾ ਸੰਗਤ ਨੂੰ ਉਦੋਂ ਲੱਗਾ, ਜਦੋਂ ਨਗਰ ਕੀਰਤਨ ਲਈ ਜ਼ਿਲ੍ਹਾ ਲਾਤੀਨਾ ਪ੍ਰਸ਼ਾਸਨ ਕੋਲੋਂ ਇਜਾਜ਼ਤ ਲੈਣੀ ਸੀ ਤਾਂ ਪੇਪਰਾਂ ’ਚ ਪ੍ਰਧਾਨ ਵਜੋਂ ਦਲਜੀਤ ਸਿੰਘ ਸੋਢੀ ਦਾ ਨਾਂ ਸਾਹਮਣੇ ਆਇਆ ਤੇ ਇਕ ਹੋਰ ਅਚੰਬਾ ਦੇਖਣ ਨੂੰ ਇਹ ਮਿਲਿਆ ਕਿ ਜਿਹੜੀ ਨਵੀਂ ਗੁਰਦੁਆਰਾ ਸਿੰਘ ਸਭਾ ਪੁਨਤੀਨੀਆਂ ਦੀ ਸੰਗਤ ਨੇ ਸੇਵਾ ਇਕੱਠੀ ਕਰ ਖਰੀਦੀ ਹੈ, ਉਹ ਵੀ ਗੁਰਦੁਆਰਾ ਸਾਹਿਬ ਦੇ ਨਾਂ ਨਹੀਂ ਸਗੋਂ ਕਿਸੇ ਹੋਰ ਸੰਸਥਾ ਦੇ ਨਾਂ ਉੱਪਰ ਹੈ। ਭਾਈ ਹਰਪਾਲ ਸਿੰਘ ਨੇ ਕਥਿਤ ਤੌਰ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਦਲਜੀਤ ਸਿੰਘ ਸੋਢੀ ਨੇ ਸੰਗਤ ਨੂੰ ਹਨੇਰੇ ’ਚ ਰੱਖ ਇਹ ਸਾਰੀ ਕਾਰਵਾਈ ਕੀਤੀ ਹੈ, ਜਿਸ ਨੂੰ ਪੁਨਤੀਨੀਆਂ ਦੀ ਸੰਗਤ ਚੁੱਪ ਰਹਿ ਕੇ ਬਰਦਾਸ਼ਤ ਨਹੀਂ ਕਰੇਗੀ।
ਉਨ੍ਹਾਂ ਨੇ ਇਟਲੀ ਦੀ ਸਿਰਮੌਰ ਸਿੱਖ ਸੰਸਥਾ ਨੈਸ਼ਨਲ ਧਰਮ ਪ੍ਰਚਾਰ ਕਮੇਟੀ ਦੇ ਪ੍ਰਧਾਨ ਸਤਵਿੰਦਰ ਸਿੰਘ ਬਾਜਵਾ ਦੇ ਧਿਆਨ ਹਿੱਤ ਸਾਰਾ ਮਾਮਲਾ ਲਿਆ ਦਿੱਤਾ ਹੈ, ਜਿਸ ’ਤੇ ਕਾਰਵਾਈ ਚੱਲ ਰਹੀ ਹੈ। ਇਸ ਦੌਰਾਨ ਜਦੋਂ ਦਲਜੀਤ ਸਿੰਘ ਸੋਢੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਗੁਰਦੁਆਰਾ ਸਾਹਿਬ ਸਿੰਘ ਸਭਾ ਪੁਨਤੀਨੀਆਂ ਦੀ ਜੋ ਵੀ ਜਾਇਦਾਦ ਹੈ, ਉਹ ਕਿਸੇ ਇਕ ਵਿਅਕਤੀ ਦੀ ਨਹੀਂ ਸਗੋਂ ਸੰਗਤ ਦੀ ਹੈ ਤੇ ਜਿਸ ਕਮੇਟੀ ਦੇ ਨਾਂ ਹੈ, ਉਸ ’ਚ ਇਕ ਬੀਬੀ ਸਮੇਤ 7 ਸੇਵਾਦਾਰ ਹਨ। ਗੁਰਦੁਆਰਾ ਸਾਹਿਬ ਦੀ ਇਮਾਰਤ ਸਿਰਫ਼ ਇਸ ਕਾਰਨ ਗੁਰਦੁਆਰਾ ਸਿੰਘ ਸਭਾ ਪੁਨਤੀਨੀਆਂ ਦੇ ਨਾਂ ਨਹੀਂ ਸੀ ਕੀਤੀ ਕਿਉਂਕਿ ਟੈਕਸ ਬਹੁਤ ਪੈ ਰਿਹਾ ਸੀ ਤੇ ਸਭ ਦੀ ਸਹਿਮਤੀ ਨਾਲ ਹੀ ਖੇਤੀਬਾੜੀ ਨਾਲ ਸਬੰਧਤ ਸੰਸਥਾ ਦੇ ਨਾਂ ਉੱਪਰ ਕੀਤੀ ਹੈ, ਜਿਸ ਬਾਬਤ ਭਾਈ ਹਰਪਾਲ ਸਿੰਘ ਨੂੰ ਪਤਾ ਪਹਿਲਾਂ ਹੀ ਪਤਾ ਸੀ ਪਰ ਅਜਿਹਾ ਤਣਾਅ ਜਿਹੜੇ ਵੀ ਲੋਕ ਬਣਾ ਰਹੇ ਹਨ, ਉਹ ਸਮਝ ਤੋਂ ਬਾਹਰ ਹੈ। ਉਹ ਇਸ ਸਾਰੇ ਮਾਮਲੇ ਨੂੰ ਨਜਿੱਠਣ ਲਈ ਸੰਗਤ ਨਾਲ ਵਿਚਾਰ-ਵਟਾਂਦਰਾ ਕਰ ਰਹੇ ਹਨ, ਉਮੀਦ ਹੈ ਜਲਦ ਹੀ ਸਭ ਮਾਮਲਾ ਸਮੇਟ ਲਿਆ ਜਾਵੇਗਾ, ਜਦਕਿ ਦੂਜੇ ਪਾਸੇ ਭਾਈ ਹਰਪਾਲ ਸਿੰਘ ਨੇ ਮੀਡੀਆ ਰਾਹੀਂ ਇਹ ਮੰਗ ਕੀਤੀ ਹੈ ਕਿ ਦਲਜੀਤ ਸਿੰਘ ਸੋਢੀ ਤੇ ਉਸ ਦਾ ਸਾਥੀ ਬਿਨਾਂ ਦੇਰ ਗੁਰਦੁਆਰਾ ਸਿੰਘ ਸਭਾ ਪੁਨਤੀਨੀਆ ਦੀ ਜਾਇਦਾਦ ਗੁਰਦੁਆਰਾ ਸਾਹਿਬ ਦੇ ਨਾਂ ਕਰ ਦੇਣ, ਉਨ੍ਹਾਂ ਦਾ ਕਿਸੇ ਨਾਲ ਵੀ ਕੋਈ ਨਿੱਜੀ ਰੌਲਾ ਨਹੀਂ। ਜ਼ਿਕਰਯੋਗ ਹੈ ਕਿ ਭਾਈ ਹਰਪਾਲ ਸਿੰਘ ਨੇ ਪ੍ਰੈੱਸ ਕਲੱਬ ਨੂੰ ਉਹ ਪੇਪਰ ਵੀ ਭੇਜੇ ਹਨ, ਜਿਹੜੇ ਦਲਜੀਤ ਸਿੰਘ ਤੇ ਇਕ ਹੋਰ ਵਿਅਕਤੀ ਨੂੰ 99/1 ਫੀਸਦੀ ਅਨੁਪਾਤ ਨਾਲ ਗੁਰਦੁਆਰਾ ਸਾਹਿਬ ਪੁਨਤੀਨੀਆ ਦੀ ਨਵੀਂ ਖਰੀਦੀ ਜਾਇਦਾਦ ਦੇ ਮਾਲਕ ਦਰਸਾਉਂਦੇ ਹਨ ਪਰ ਦਲਜੀਤ ਸਿੰਘ ਵੱਲੋਂ ਖਬਰ ਲਿਖੇ ਜਾਣ ਤੱਕ ਕੋਈ ਅਜਿਹਾ ਪੇਪਰ ਨਹੀਂ ਦਿੱਤਾ ਗਿਆ, ਜਿਸ ਤੋਂ ਪਤਾ ਲੱਗ ਸਕੇ ਕਿ ਗੁਰਦੁਆਰਾ ਸਾਹਿਬ ਦੀ ਜਾਇਦਾਦ 7 ਮੈਂਬਰੀ ਕਮੇਟੀ ਦੇ ਨਾਂ ਹੈ। ਇਸ ਵਿਵਾਦ ਕਾਰਨ ਇਲਾਕੇ ਦੀ ਸੰਗਤ ’ਚ ਕਾਫ਼ੀ ਨਿਰਾਸ਼ਾ ਦੇਖੀ ਜਾ ਰਹੀ ਹੈ ਕਿਉਂਕਿ ਵਿਦੇਸ਼ਾਂ ’ਚ ਗੁਰਦੁਆਰਾ ਸਾਹਿਬ ਸਥਾਪਿਤ ਕਰਨੇ ਸੌਖੇ ਨਹੀਂ ਹੁੰਦੇ ਤੇ ਜਦੋਂ ਸੰਗਤ ਦਿਨ-ਰਾਤ ਇਕ ਕਰ ਅਜਿਹੇ ਗੁਰੂ ਦੇ ਕਾਰਜਾਂ ਨੂੰ ਨਿਰਵਿਘਨ ਨੇਪਰੇ ਚਾੜ੍ਹਦੀ ਹੈ।