ਦਿੱਲੀ ਪੁਲਸ ਵੱਲੋਂ ਪ੍ਰੈੱਸ 'ਤੇ ਹਮਲਾ ਲੋਕਤੰਤਰ ਦਾ ਘਾਣ : ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ
Tuesday, Feb 02, 2021 - 01:17 PM (IST)
ਰੋਮ (ਕੈਂਥ): ਦੁਨੀਆ ਭਰ ਵਿਚ ਅੱਜਕੱਲ੍ਹ ਕਿਸਾਨ ਮਜ਼ਦੂਰ ਅੰਦੋਲਨ ਜੋ ਸਮੁੱਚੇ ਭਾਰਤ ਅੰਦਰ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ। ਇਹ ਜਨ ਅੰਦੋਲਨ ਪਹਿਲੇ ਦਿਨ ਤੋਂ ਹੀ ਦੁਨੀਆ ਭਰ ਦੇ ਮੀਡੀਆ ਅਤੇ ਸ਼ੋਸ਼ਲ ਮੀਡੀਆ ਦਾ ਸ਼ਿੰਗਾਰ ਬਣਿਆ ਹੋਇਆ ਹੈ ਪਰ ਭਾਰਤ ਅੰਦਰ ਕੁਝ ਮੀਡੀਆ ਅਦਾਰੇ ਹਨ ਜੋ ਸਰਕਾਰ ਦਾ ਹੱਥਠੋਕਾ ਬਣ ਕੇ ਇਸ ਸ਼ਾਂਤਮਈ ਢੰਗ ਨਾਲ ਚੱਲ ਰਹੇ ਇਤਿਹਾਸਕ ਅੰਦੋਲਨ ਨੂੰ ਹਰ ਤਰ੍ਹਾਂ ਦੇ ਕੋਝੇ ਹਥਕੰਡੇ ਵਰਤ ਕੇ ਬਦਨਾਮ ਅਤੇ ਫੇਲ੍ਹ ਕਰਨ ਲਈ ਤਤਪਰ ਹਨ।
ਉੱਥੇ ਹੀ ਕੁਝ ਨਿਰਪੱਖ ਅਤੇ ਨਿਡਰ ਪੱਤਰਕਾਰ ਪੂਰੀ ਇਮਾਨਦਾਰੀ ਨਾਲ ਲੋਕਾਂ ਸਾਹਮਣੇ ਹਮੇਸ਼ਾ ਸੱਚਾਈ ਪੇਸ਼ ਕਰਨ ਲਈ ਵਚਨਬੱਧਤਾ ਦਿਖਾ ਰਹੇ ਹਨ ਅਤੇ ਭਾਜਪਾ ਦੀ ਤਾਨਾਸ਼ਾਹੀ ਸਰਕਾਰ ਵੱਲੋ ਸੱਚਾਈ ਨੂੰ ਦਬਾਉਣ ਖਾਤਿਰ ਉਨ੍ਹਾਂ ਸੱਚੇ-ਸੁੱਚੇ ਬੇਕਸੂਰ ਪੱਤਰਕਾਰਾਂ ਉੱਪਰ ਜਬਰ ਕਰਦਿਆਂ ਝੂਠੇ ਮਾਮਲੇ ਦਰਜ ਕਰਵਾ ਕੇ ਜੇਲ੍ਹਾਂ ਵਿੱਚ ਡੱਕ ਕੇ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ। ਹਾਕਮਧਿਰਾਂ ਦੀ ਇਸ ਦਮਨਕਾਰੀ ਨੀਤੀ ਦਾ ਵਿਰੋਧ ਕਰਦਿਆਂ ਹੋਇਆ "ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ" ਦੇ ਸਮੂਹ ਸਾਥੀਆਂ ਨੇ ਕਿਹਾ ਕਿ ਭਾਰਤ ਵਿੱਚ ਇਸ ਮਾੜੇ ਵਤੀਰੇ ਕਾਰਨ ਪੂਰੇ ਸੰਸਾਰ ਅੰਦਰ ਸਭ ਤੋਂ ਵੱਡੇ ਲੋਕਤੰਤਰ ਕਹੇ ਜਾਣ ਵਾਲੇ ਭਾਰਤ ਦੇਸ਼ ਦੀ ਭਾਰੀ ਬਦਨਾਮੀ ਹੋ ਰਹੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸਿੰਘੁ ਬਾਰਡਰ ਦਿੱਲੀ ਜਿੱਥੇ ਕਿਸਾਨ ਮਜਦੂਰ ਸੰਘਰਸ਼ ਚੱਲ ਰਿਹਾ ਹੈ ਉੱਪਰ ਵਾਪਰੀ ਇੱਕ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਗਿਆ ਕਿ ਉੱਥੇ ਉਸ ਦਿਨ ਸਥਾਨਕ ਲੋਕਾਂ ਦੇ ਨਾਮ ਹੇਠ ਕੁਝ ਆਰ.ਐਸ.ਐਸ., ਭਾਜਪਾ ਦੇ ਵਰਕਰ ਪਹੁੰਚ ਕੇ ਨਾਅਰੇਬਾਜ਼ੀ ਕਰਨ ਲੱਗੇ ਕਿ ਇਥੋਂ ਧਰਨਾਕਾਰੀਆਂ ਨੂੰ ਉਠਾਇਆ ਜਾਵੇ, "ਦਿੱਲੀ ਪੁਲਸ ਤੁਮ ਲੱਠ ਬਜਾਓ ਹਮ ਤੁਮਾਰੇ ਸਾਥ ਹੈਂ" ਦੇਖਦਿਆਂ ਹੀ ਉਨ੍ਹਾਂ ਨੇ ਉੱਥੇ ਹੁੜਦੰਗ ਮਚਾਉਂਦੇ ਹੋਏ ਸ਼ਾਂਤਮਈ ਧਰਨਾਕਾਰੀਆਂ ਉੱਪਰ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ ਪਰ ਮੌਕੇ 'ਤੇ ਤਾਇਨਾਤ ਪੁਲਸ ਪਹਿਲਾਂ ਕਾਫ਼ੀ ਸਮਾਂ ਮੂਕ ਦਰਸ਼ਕ ਬਣ ਕੇ ਖੜ੍ਹੀ ਰਹੀ। ਫਿਰ ਉਸ ਵਲੋਂ ਉਲਟਾ ਕਿਸਾਨਾਂ ਵੱਲ ਹੀ ਅੱਥਰੂ ਗੈਸ ਦੇ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ। ਇਸ ਸਬੰਧੀ ਮੌਕੇ 'ਤੇ ਹਾਜ਼ਰ ਹਰਿਆਣਾ ਦੇ ਝੱਜਰ ਇਲਾਕੇ ਨਾਲ ਸਬੰਧਤ ਦੋ ਨਿਰਪੱਖ ਨੌਜਵਾਨ ਪੱਤਰਕਾਰ ਧਰਮਿੰਦਰ ਸਿੰਘ ਅਤੇ ਮਨਦੀਪ ਪੂਨੀਆ ਜੋ ਇਸ ਘਟਨਾ ਨੂੰ ਆਪਣੇ ਮੋਬਾਈਲ ਰਾਹੀਂ ਫੇਸਬੁੱਕ ਤੇ ਲਾਈਵ ਦਿਖਾ ਰਹੇ ਸਨ ਅਤੇ ਦੁਨੀਆ ਅੱਗੇ ਹੁ-ਬਹੁ ਸੱਚਾਈ ਪੇਸ਼ ਕਰ ਰਹੇ ਸਨ, ਨੂੰ ਪੁਲਸ ਵਲੋਂ ਘੜੀਸ ਕੇ ਥਾਣੇ ਲੈ ਜਾਇਆ ਗਿਆ ਅਤੇ ਉਨ੍ਹਾਂ ਨਾਲ ਮਾੜਾ ਵਰਤਾਓ ਕੀਤਾ ਗਿਆ।
ਲੋਕਾਂ ਵਲੋਂ ਰੋਸ ਪ੍ਰਗਟ ਕਰਨ ਉਪਰੰਤ ਧਰਮਿੰਦਰ ਸਿੰਘ ਨੂੰ ਤਾਂ ਛੱਡ ਦਿੱਤਾ ਪਰ ਮਨਦੀਪ ਉੱਪਰ ਝੂਠੇ ਮਾਮਲੇ ਦਰਜ਼ ਕਰਕੇ ਅਦਾਲਤ ਰਾਹੀਂ 14 ਦਿਨਾਂ ਲਈ ਤਿਹਾੜ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਦਿੱਲੀ ਪੁਲਸ ਦੇ ਮਾੜੇ ਵਤੀਰੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ "ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ" ਵਲੋਂ ਭਾਰਤ ਸਰਕਾਰ ਨੂੰ ਜ਼ੋਰਦਾਰ ਅਪੀਲ ਕੀਤੀ ਗਈ ਹੈ ਕਿ ਬੇਕਸੂਰ ਪੱਤਰਕਾਰ ਮਨਦੀਪ ਪੂਨੀਆ ਨੂੰ ਬਿਨ੍ਹਾਂ ਸ਼ਰਤ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਦੋਸ਼ੀ ਪੁਲਸ ਮੁਲਾਜ਼ਮਾਂ 'ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਕੇ ਦੱਸੋ ਆਪਣੀ ਰਾਏ।