ਇਟਲੀ ਦੇ ਪ੍ਰਸਿੱਧ ਪੰਜਾਬੀ ਪੱਤਰਕਾਰ ਇੰਦਰਜੀਤ ਸਿੰਘ ਲੁਗਾਣਾ ਦਾ ਹੋਇਆ ਅੰਤਿਮ ਸੰਸਕਾਰ
Sunday, Jan 29, 2023 - 05:07 PM (IST)

ਰੋਮ/ਇਟਲੀ (ਕੈਂਥ) ਇਟਲੀ ਤੋਂ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਮਾਂ ਬੋਲੀ ਅਤੇ ਪੱਤਰਕਾਰੀ ਲਈ ਸੇਵਾਵਾਂ ਨਿਭਾ ਚੁੱਕੇ ਇੰਦਰਜੀਤ ਸਿੰਘ ਲੁਗਾਣਾ ਦਾ ਬੀਤੇ ਦਿਨ ਇਟਲੀ ਦੇ ਸ਼ਹਿਰ ਵਿਚੈਸਾ ਵਿਖੇ ਗੁਰਮਤਿ ਮਰਿਆਦਾ ਅਨੁਸਾਰ ਅੰਤਿਮ ਸੰਸਕਾਰ ਕੀਤਾ ਗਿਆ।ਇਸ ਉਪਰੰਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਮਿਸ਼ਨ ਸੰਨਬੋਨੀ ਫਾਚੋ (ਵੈਰੋਨਾ) ਵਿਖੇ ਉਨ੍ਹਾਂ ਦੀ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਇਲਾਹੀ ਬਾਣੀ ਸਹਿਜ ਪਾਠ ਜੀ ਦੇ ਭੋਗ ਪਾਏ ਗਏ। ਉਪਰੰਤ ਗੁਰਦੁਆਰਾ ਸਾਹਿਬ ਵਿਖੇ ਰਾਗੀ ਸਿੰਘਾਂ ਵਲੋਂ ਰਸ ਭਿੰਨਾ ਵੈਰਾਗ ਮਾਈ ਕੀਰਤਨ ਸੰਗਤਾਂ ਨੂੰ ਸਰਵਣ ਕਰਵਾਇਆ ਗਿਆ ਅਤੇ ਅੰਤਿਮ ਅਰਦਾਸ ਕੀਤੀ ਗਈ।ਲੁਗਾਣਾ ਬੀਤੇ ਮਹੀਨੇ 18 ਦਸੰਬਰ ਨੂੰ ਅਚਨਚੇਤ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਸਦਾ ਲਈ ਬਿਰਾਜ ਗਏ ਸਨ।
ਪੜ੍ਹੋ ਇਹ ਅਹਿਮ ਖ਼ਬਰ-ਈਰਾਨ 'ਚ 5.9 ਤੀਬਰਤਾ ਦਾ ਭੂਚਾਲ, 7 ਲੋਕਾਂ ਦੀ ਮੌਤ ਤੇ 800 ਤੋਂ ਵਧੇਰੇ ਜ਼ਖ਼ਮੀ
ਇਸ ਮੌਕੇ ਇਟਲੀ ਦੀਆਂ ਧਾਰਮਿਕ, ਰਾਜਨੀਤਕ, ਸਮਾਜ ਸੇਵੀ ਸੰਸਥਾਵਾਂ, ਆਗੂਆਂ ਤੋਂ ਇਲਾਵਾ ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ ਦੇ ਸਮੂਹ ਸਾਥੀਆਂ ਵਲੋਂ ਇੰਦਰਜੀਤ ਸਿੰਘ ਲੁਗਾਣਾ ਨੂੰ ਨਮ ਅੱਖਾਂ ਨਾਲ ਸ਼ਰਧਾਂਜਲੀ ਦਿੱਤੀ ਗਈ। ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ ਦੇ ਸਾਥੀਆਂ ਸਮੇਤ ਸ਼ਰਧਾਂਜਲੀ ਸਮਾਗਮ ਵਿੱਚ ਪਹੁੰਚੇ ਧਾਰਮਿਕ,ਖੇਡ ਕਲੱਬਾਂ, ਰਾਜਨੀਤਿਕ ,ਸਮਾਜ ਸੇਵੀ ਆਗੂਆਂ ਨੇ ਕਿਹਾ ਕਿ ਇੰਦਰਜੀਤ ਸਿੰਘ ਲੁਗਾਣਾ ਜਿੱਥੇ ਇੱਕ ਬੇਦਾਗ਼ ਸ਼ਖਸੀਅਤ ਦੇ ਮਾਲਕ ਅਤੇ ਨਿਰਪੱਖ ਪੱਤਰਕਾਰ ਸਨ। ਉਥੇ ਦੂਜੇ ਪਾਸੇ ਇਟਲੀ ਦੀ ਪੰਜਾਬੀ ਪੱਤਰਕਾਰੀ ਨੇ ਬੇਸ਼ੁਮਾਰ ਕੀਮਤੀ ਹੀਰਾ ਗੁਆ ਲਿਆ ਹੈ ਅਤੇ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਦੱਸਣਯੋਗ ਹੈ ਕਿ ਮ੍ਰਿਤਕ ਇੰਦਰਜੀਤ ਸਿੰਘ ਲੁਗਾਣਾ ਦੇ ਪੈਰ 'ਤੇ ਕੰਮ ਦੌਰਾਨ ਮਾਮੂਲੀ ਸੱਟ ਲੱਗ ਗਈ ਸੀ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।