ਕਾਬੁਲ ਹਵਾਈ ਅੱਡਾ ਕਦੋਂ ਖੁੱਲ੍ਹੇਗਾ, ਇਹ ਸਪੱਸ਼ਟ ਨਹੀਂ ਹੈ : ਕਤਰ
Friday, Sep 03, 2021 - 12:50 AM (IST)
ਕਾਬੁਲ-ਕਤਰ ਦੇ ਇਕ ਚੋਟੀ ਦੇ ਡਿਪਲੋਮੈਟ ਨੇ ਵੀਰਵਾਰ ਨੂੰ ਕਿਹਾ ਕਿ ਮਾਹਿਰ ਕਾਬੁਲ ਹਵਾਈ ਅੱਡੇ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਚਿਤਾਵਨੀ ਦਿੱਤੀ ਹੈ ਕਿ ਇਹ ਸਪੱਸ਼ਟ ਨਹੀਂ ਹੈ ਕਿ ਜਹਾਜ਼ਾਂ ਦੀ ਆਵਾਜਾਈ ਕਦੋਂ ਸ਼ੁਰੂ ਹੋਵੇਗੀ। ਅਫਗਾਨਿਸਤਾਨ 'ਚ ਕਈ ਲੋਕ ਹੁਣ ਵੀ ਦੇਸ਼ ਛੱਡਣ ਲਈ ਚਿੰਤਤ ਹਨ। ਤਾਲਿਬਾਨ ਨੇ ਲੋਕਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਉਹ ਮਹਿਲਾਵਾਂ ਅਤੇ ਲੜਕੀਆਂ ਨੂੰ ਸਕੂਲਾਂ 'ਚ ਪੜ੍ਹਣ ਅਤੇ ਲੋਕਾਂ ਦੀ ਸੁੰਤਤਰ ਆਵਾਜਾਈ ਵਰਗੇ ਭਰੋਸੇ ਦਿਵਾ ਰਹੇ ਹਨ। ਪਰ ਕਾਫੀ ਲੋਕਾਂ ਨੂੰ ਇਸ 'ਤੇ ਸ਼ੱਕ ਹੈ। ਬ੍ਰਿਟੇਨ ਦੇ ਵਿਦੇਸ਼ ਮੰਤਰੀ ਨੇ ਨਵੇਂ ਸ਼ਾਸਕਾਂ ਨਾਲ ਸੰਪਰਕ ਰੱਖਣ 'ਤੇ ਜ਼ੋਰ ਦਿੱਤਾ ਹੈ ਤਾਂ ਕਿ ਉਨ੍ਹਾਂ ਦੇ ਵਾਅਦਿਆਂ ਨੂੰ ਪਰਖਿਆ ਜਾ ਸਕੇ।
ਇਹ ਵੀ ਪੜ੍ਹੋ : ਭਾਰਤ ਤੇ ਬ੍ਰਿਟੇਨ ਨੇ ਨਵੀਂ ਜਲਵਾਯੂ ਵਿੱਤ ਪਹਿਲ 'ਤੇ ਜਤਾਈ ਸਹਿਮਤੀ
ਪੱਛਮੀ ਸੂਬੇ ਹੇਰਾਤ 'ਚ ਗਵਰਨਰ ਦੇ ਦਫ਼ਤਰ ਦੇ ਬਾਹਰ ਦਰਜਨ ਮਹਿਲਾਵਾਂ ਨੇ ਪ੍ਰਦਰਸ਼ਨ ਕਰ ਕੇ ਆਪਣੇ ਅਧਿਕਾਰਾਂ ਦੀ ਰੱਖਿਆ ਦੀ ਮੰਗ ਕੀਤੀ। ਉਨ੍ਹਾਂ ਨੇ ਨਾਅਰੇ ਲਾਏ ਅਤੇ ਦੇਸ਼ ਦੀ ਨਵੀਂ ਲੀਡਰਸ਼ਿਪ ਨੂੰ ਅਪੀਲ ਕੀਤੀ ਕਿ ਉਹ ਆਪਣੀ ਕੈਬਨਿਟ 'ਚ ਮਹਿਲਾਵਾਂ ਨੂੰ ਸ਼ਾਮਲ ਕਰੇ। ਦੇਸ਼ 'ਚੋਂ ਬਾਹਰ ਨਿਕਲਣ ਦਾ ਵੱਡਾ ਮਾਰਗ ਕਾਬੁਲ ਹਵਾਈ ਅੱਡਾ ਹੁਣ ਤਾਲਿਬਾਨ ਦੇ ਹੱਥਾਂ 'ਚ ਹੈ ਅਤੇ ਬੰਦ ਹੈ। ਕਤਰ ਦੇ ਵਿਦੇਸ਼ ਮੰਤਰੀ ਮੁਹੰਮਦ ਬਿਨ ਅਬਦੁਲ ਰਹਿਮਾਨ ਅਲ ਥਾਨੀ ਨੇ ਅੱਜ ਚਿਤਾਵਨੀ ਦਿੱਤੀ ਕਿ ਅਜੇ ਸਪੱਸ਼ਟ ਸੰਕੇਤ ਨਹੀਂ ਕਿ ਇਹ ਕਦੋਂ ਖੁੱਲ੍ਹੇਗਾ।
ਇਹ ਵੀ ਪੜ੍ਹੋ : ਅਮਰੀਕਾ: ਕਾਬੁਲ ਬੰਬ ਧਮਾਕੇ 'ਚ ਮਾਰੇ ਗਏ ਸੈਨਿਕ ਦੇ ਪਰਿਵਾਰ ਲਈ ਇਕੱਠੇ ਹੋਏ ਲੱਖਾਂ ਡਾਲਰ
ਕਤਰ ਅਤੇ ਤੁਰਕੀ ਤੋਂ ਇਕ ਤਕਨੀਕੀ ਟੀਮ ਬੁੱਧਵਾਰ ਨੂੰ ਕਾਬੁਲ ਰਵਾਨਾ ਹੋਈ ਜੋ ਹਵਾਈ ਅੱਡੇ ਦੇ ਫਿਰ ਤੋਂ ਸੰਚਾਲਨ 'ਚ ਮਦਦ ਕਰੇਗੀ। ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਦੇਸ਼ ਨੂੰ ਮਨੁੱਖੀ ਸਹਿਯੋਗ ਮਹੁੱਈਆ ਕਰਵਾਉਣ ਲਈ ਇਹ ਜ਼ਰੂਰੀ ਹੈ। ਅਲ ਥਾਨੀ ਨੇ ਦੋਹਾ 'ਚ ਪੱਤਰਕਾਰਾਂ ਨੂੰ ਕਿਹਾ ਕਿ ਸਾਨੂੰ ਉਮੀਦ ਹੈ ਕਿ ਅਸੀਂ ਜਲਦ ਤੋਂ ਜਲਦ ਇਸ ਦਾ ਸੰਚਾਲਨ ਕਰ ਸਕੀਏ। ਅਸੀਂ ਅਜੇ ਵੀ ਲੋਕਾਂ ਨੂੰ ਬਾਹਰ ਕੱਢਣ ਦੀ ਪ੍ਰਕਿਰਿਆ 'ਚ ਲੱਗੇ ਹੋਏ ਹਾਂ। ਅਸੀਂ ਸਖਤ ਮਿਹਨਤ ਕਰ ਰਹੇ ਹਾਂ ਅਤੇ ਤਾਲਿਬਾਨ ਦੇ ਸੰਪਰਕ 'ਚ ਹਾਂ ਤਾਂਕਿ ਹਵਾਈ ਅੱਡੇ ਦੇ ਸੰਚਾਲਨ 'ਚ ਖਾਮੀਆਂ ਅਤੇ ਖਤਰੇ ਨੂੰ ਪਛਾਣ ਸਕੀਏ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।