ਈਰਾਨ ਦੀ ਚੇਤਾਵਨੀ, ਸਾਡੇ ਖ਼ਿਲਾਫ਼ ਕਦਮ ਚੁੱਕਣ ''ਤੇ ਇਜ਼ਰਾਈਲ ਨੂੰ ਭੁਗਤਣੇ ਪੈਣਗੇ ਗੰਭੀਰ ਨਤੀਜੇ

Monday, Apr 18, 2022 - 03:54 PM (IST)

ਤਹਿਰਾਨ (ਏਜੰਸੀ): ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਨੇ ਸੋਮਵਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਇਜ਼ਰਾਈਲ ਨੇ ਉਨ੍ਹਾਂ ਦੇ ਦੇਸ਼ ਖ਼ਿਲਾਫ਼ 'ਇੱਕ ਛੋਟਾ ਜਿਹਾ ਕਦਮ' ਵੀ ਚੁੱਕਿਆ ਤਾਂ ਈਰਾਨ ਦੀਆਂ ਹਥਿਆਰਬੰਦ ਸੈਨਾਵਾਂ ਉਸ ਨੂੰ ਨਿਸ਼ਾਨਾ ਬਣਾਉਣਗੀਆਂ। ਉਨ੍ਹਾਂ ਨੇ ਇਹ ਗੱਲ ਉਦੋਂ ਕਹੀ ਜਦੋਂ ਈਰਾਨ ਦੀ ਪਰਮਾਣੂ ਸਮਰੱਥਾ 'ਤੇ ਲਗਾਮ ਲਗਾਉਣ ਲਈ ਸਮਝੌਤੇ 'ਤੇ ਗੱਲਬਾਤ ਰੁਕੀ ਹੋਈ ਹੈ। ਈਰਾਨ ਆਪਣੇ ਪਰਮਾਣੂ ਪ੍ਰੋਗਰਾਮ ਨੂੰ ਸ਼ਾਂਤੀਪੂਰਨ ਉਦੇਸ਼ਾਂ ਲਈ ਵਰਤਣ ਦਾ ਦਾਅਵਾ ਕਰਦਾ ਹੈ। ਇਜ਼ਰਾਈਲ ਨੇ ਸਮਝੌਤੇ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਇਹ ਈਰਾਨ ਦੇ ਪਰਮਾਣੂ ਪ੍ਰੋਗਰਾਮ ਜਾਂ ਪੂਰੇ ਖੇਤਰ ਵਿਚ ਉਸ ਦੀਆਂ ਫ਼ੌਜੀ ਗਤੀਵਿਧੀਆਂ ਨੂੰ ਰੋਕਣ ਲਈ ਕਾਫੀ ਨਹੀਂ ਹੈ। 

ਇਜ਼ਰਾਈਲੀ ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ਆਪਣੇ ਦੇਸ਼ ਦੀ ਰੱਖਿਆ ਲਈ ਇਕਪਾਸੜ ਕਦਮ ਚੁੱਕਣਗੇ। ਈਰਾਨ ਦੇ ਹਥਿਆਰਬੰਦ ਬਲਾਂ ਦੀ ਸਾਲਾਨਾ ਪਰੇਡ ਵਿਚ ਭਾਸ਼ਣ ਦੌਰਾਨ ਰਾਈਸੀ ਨੇ ਇਜ਼ਰਾਈਲ ਨੂੰ ਸਿੱਧਾ ਸੰਬੋਧਿਤ ਕੀਤਾ। ਤੇਲ ਅਵੀਵ ਦਾ ਹਵਾਲਾ ਦਿੰਦੇ ਹੋਏ, ਰਾਇਸੀ ਨੇ ਕਿਹਾ ਕਿ ਜੇਕਰ ਤੁਸੀਂ ਈਰਾਨ ਦੇ ਖ਼ਿਲਾਫ਼ ਕੋਈ ਸਭ ਤੋਂ ਛੋਟਾ ਕਦਮ ਵੀ ਚੁੱਕਦੇ ਹੋ, ਤਾਂ ਸਾਡੀਆਂ ਹਥਿਆਰਬੰਦ ਸੈਨਾਵਾਂ ਦਾ ਨਿਸ਼ਾਨਾ ਯਹੂਦੀਵਾਦੀ (ਜਾਇਓਨਿਸਟ) ਸ਼ਾਸਨ ਦਾ ਕੇਂਦਰ ਹੋਵੇਗਾ। ਰਾਇਸੀ ਨੇ ਇਸ ਬਾਰੇ ਵਿਸਥਾਰ ਵਿੱਚ ਨਹੀਂ ਦੱਸਿਆ ਪਰ ਕਿਹਾ ਕਿ ਈਰਾਨ ਇਜ਼ਰਾਈਲ ਦੀ ਹਰ ਹਰਕਤ 'ਤੇ ਨਜ਼ਰ ਰੱਖੇ ਹੋਏ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਸਵੀਡਨ 'ਚ ਪਵਿੱਤਰ 'ਕੁਰਾਨ' ਸਾੜਨ ਨੂੰ ਲੈ ਕੇ ਭੜਕੇ ਦੰਗੇ, ਪੁਲਸ ਵੱਲੋਂ ਗੋਲੀਬਾਰੀ (ਤਸਵੀਰਾਂ)

ਈਰਾਨ ਨੇ 1979 ਦੀ ਇਸਲਾਮਿਕ ਕ੍ਰਾਂਤੀ ਤੋਂ ਬਾਅਦ ਇਜ਼ਰਾਈਲ ਨੂੰ ਮਾਨਤਾ ਨਹੀਂ ਦਿੱਤੀ ਹੈ। ਇਸ ਕ੍ਰਾਂਤੀ ਨੇ ਪੱਛਮੀ ਪੱਖੀ ਰਾਜਸ਼ਾਹੀ ਨੂੰ ਹਟਾ ਦਿੱਤਾ ਅਤੇ ਇਸਲਾਮਵਾਦੀਆਂ ਨੂੰ ਸੱਤਾ ਵਿੱਚ ਲਿਆਂਦਾ। ਇਹ ਹਮਾਸ ਅਤੇ ਹਿਜ਼ਬੁੱਲਾ ਵਰਗੇ ਇਜ਼ਰਾਈਲ ਵਿਰੋਧੀ ਅੱਤਵਾਦੀ ਸਮੂਹਾਂ ਦਾ ਸਮਰਥਨ ਕਰਦਾ ਹੈ। ਰਾਇਸੀ ਨੇ ਕਿਹਾ ਕਿ ਈਰਾਨ ਦੀ ਫ਼ੌਜੀ ਤਾਕਤ ਇੱਕ ਰੁਕਾਵਟ ਹੈ। ਉਨ੍ਹਾਂ ਕਿਹਾ ਕਿ ਤਹਿਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਦੇਸ਼ 'ਤੇ ਕਈ ਸਾਲਾਂ ਤੋਂ ਲਾਈਆਂ ਗਈਆਂ ਪਾਬੰਦੀਆਂ ਦੇ ਬਾਵਜੂਦ ਫ਼ੌਜ ਆਪਣੀ ਸਮਰੱਥਾ 'ਚ ਸੁਧਾਰ ਕਰਨ 'ਚ ਕਾਮਯਾਬ ਰਹੀ ਹੈ। ਸੋਮਵਾਰ ਦੀ ਪਰੇਡ ਵਿੱਚ ਜੈੱਟ ਲੜਾਕੂ ਜਹਾਜ਼, ਹੈਲੀਕਾਪਟਰ, ਡਰੋਨ ਅਤੇ ਹਵਾਈ ਰੱਖਿਆ ਪ੍ਰਣਾਲੀ ਦੇ ਨਾਲ-ਨਾਲ ਫ਼ੌਜੀ ਟੈਂਕਾਂ, ਮਿਜ਼ਾਈਲਾਂ ਅਤੇ ਜਲ ਸੈਨਾ ਦੇ ਜਹਾਜ਼ਾਂ ਦਾ ਪ੍ਰਦਰਸ਼ਨ ਕੀਤਾ ਗਿਆ। 

ਪੜ੍ਹੋ ਇਹ ਅਹਿਮ ਖ਼ਬਰ- ਯੂਕ੍ਰੇਨ ਲਈ ਨਵੀਂ ਚੁਣੌਤੀ, ਰੂਸੀ ਫ਼ੌਜ ਦਾ ਸਮਰਥਨ ਕਰਨ ਲਈ ਤਿਆਰ ਹੋਏ ਸੀਰੀਆਈ ਲੜਾਕੇ 

ਇਜ਼ਰਾਈਲ ਨੇ ਹਾਲ ਹੀ ਦੇ ਸਾਲਾਂ ਵਿੱਚ ਫ਼ਾਰਸ ਦੀ ਖਾੜੀ ਵਿੱਚ ਗੁਆਂਢੀ ਅਰਬ ਦੇਸ਼ਾਂ ਨਾਲ ਸਬੰਧਾਂ ਵਿੱਚ ਸੁਧਾਰ ਕੀਤਾ ਹੈ, ਜਿਸ ਨਾਲ ਈਰਾਨ ਦੇ ਨੇਤਾ ਨਾਰਾਜ਼ ਹਨ। ਤਹਿਰਾਨ ਨੇ ਇਜ਼ਰਾਈਲ ਨੂੰ ਆਪਣੇ ਪ੍ਰਮਾਣੂ ਟਿਕਾਣਿਆਂ ਦੀ ਤੋੜ-ਫੋੜ ਅਤੇ ਆਪਣੇ ਪ੍ਰਮਾਣੂ ਵਿਗਿਆਨੀਆਂ ਦੀਆਂ ਹੱਤਿਆਵਾਂ ਲਈ ਵੀ ਜ਼ਿੰਮੇਵਾਰ ਠਹਿਰਾਇਆ ਹੈ। ਪਰਮਾਣੂ ਸਮਝੌਤਾ ਚਾਰ ਸਾਲ ਪਹਿਲਾਂ ਉਦੋਂ ਟੁੱਟ ਗਿਆ ਸੀ ਜਦੋਂ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ 'ਤੇ ਸਖ਼ਤ ਪਾਬੰਦੀਆਂ ਲਗਾ ਦਿੱਤੀਆਂ ਸਨ, ਜਿਸ ਨਾਲ ਉਸ ਦੇ ਦੇਸ਼ ਨੂੰ ਸਮਝੌਤੇ ਤੋਂ ਬਾਹਰ ਕੱਢਿਆ ਗਿਆ ਸੀ। ਇਸ ਦੌਰਾਨ ਈਰਾਨ ਨੇ ਆਪਣੇ ਪਰਮਾਣੂ ਕਾਰਜਾਂ ਦਾ ਵੱਡੇ ਪੱਧਰ 'ਤੇ ਵਿਸਥਾਰ ਕੀਤਾ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News