ਇਜ਼ਰਾਈਲ ਨੇ 15 ਫਿਲਸਤੀਨੀਆਂ ਦੀਆਂ ਲਾਸ਼ਾਂ ਸੌਂਪੀਆਂ
Sunday, Nov 09, 2025 - 04:21 AM (IST)
ਖਾਨ ਯੂਨਿਸ (ਭਾਸ਼ਾ) – ਗਾਜ਼ਾ ਦੇ ਹਸਪਤਾਲ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਜੰਗਬੰਦੀ ਸਮਝੌਤੇ ਤਹਿਤ ਇਜ਼ਰਾਈਲ ਵੱਲੋਂ ਸੌਪੀਆਂ ਗਈਆਂ 15 ਫਿਲਸਤੀਨੀਆਂ ਦੀਆਂ ਲਾਸ਼ਾਂ ਮਿਲ ਗਈਆਂ ਹਨ। ਇਕ ਦਿਨ ਪਹਿਲਾਂ ਹਮਾਸ ਨੇ ਬੰਧਕ ਬਣਾਏ ਗਏ ਇਕ ਵਿਅਕਤੀ ਦੀ ਲਾਸ਼ ਇਜ਼ਰਾਈਲ ਨੂੰ ਵਾਪਸ ਕਰ ਦਿੱਤੀ ਸੀ।
ਇਸ ਸਮਝੌਤੇ ਤਹਿਤ ਇਜ਼ਰਾਈਲ ਨੇ ਹਰੇਕ ਇਜ਼ਰਾਈਲੀ ਬੰਧਕ ਬਦਲੇ 15 ਫਿਲਸਤੀਨੀਆਂ ਦੀਆਂ ਲਾਸ਼ਾਂ ਸੌਂਪੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਲਾਸ਼ਾਂ ਸ਼ਨੀਵਾਰ ਨੂੰ ਖਾਨ ਯੂਨਿਸ ਸਥਿਤ ਨਾਸਿਰ ਹਸਪਤਾਲ ’ਚ ਲਿਆਂਦੀਆਂ ਗਈਆਂ। ਹਮਾਸ ਵੱਲੋਂ ਇਕ ਹੋਰ ਵਿਅਕਤੀ ਦੀ ਲਾਸ਼ ਸੌਂਪੀ ਜਾਣੀ ਅਮਰੀਕਾ ਦੀ ਵਿਚੋਲਗੀ ਨਾਲ ਹੋਏ ਜੰਗਬੰਦੀ ਸਮਝੌਤੇ ਨੂੰ ਲਾਗੂ ਕਰਨ ਦੀ ਦਿਸ਼ਾ ’ਚ ਇਕ ਹੋਰ ਕਦਮ ਹੈ।
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫਤਰ ਤੋਂ ਜਾਰੀ ਬਿਆਨ ਅਨੁਸਾਰ ਬੰਧਕ ਦੀ ਲਾਸ਼ ਦੀ ਪਛਾਣ ਲਿਓਰ ਰੂਡੇਫ ਵਜੋਂ ਹੋਈ ਹੈ। ‘ਹੋਸਟੇਜਿਜ਼ ਐਂਡ ਮਿਸਿੰਗ ਫੈਮਿਲੀਜ਼ ਫੋਰਮ’ ਨੇ ਦੱਸਿਆ ਕਿ ਰੂਡੇਫ ਦਾ ਜਨਮ ਅਰਜਨਟੀਨਾ ’ਚ ਹੋਇਆ ਸੀ ਅਤੇ ਉਹ ਬਚਪਨ ’ਚ ਦੱਖਣੀ ਇਜ਼ਰਾਈਲ ਆ ਗਿਆ ਸੀ। ਹਮਾਸ ਦੇ ਹਮਲੇ ਵਿਚ ਉਸ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਸ ਦੀ ਲਾਸ਼ ਗਾਜ਼ਾ ਲਿਜਾਈ ਗਈ ਸੀ। ਜੰਗਬੰਦੀ ਸਮਝੌਤਾ 10 ਅਕਤੂਬਰ ਨੂੰ ਲਾਗੂ ਹੋਣ ਤੋਂ ਬਾਅਦ ਫਿਲਸਤੀਨੀ ਕੱਟੜਪੰਥੀਆਂ ਨੇ ਰੂਡੇਫ ਦੀ ਲਾਸ਼ ਸਮੇਤ 23 ਬੰਧਕਾਂ ਦੀਆਂ ਲਾਸ਼ਾਂ ਸੌਂਪ ਦਿੱਤੀਆਂ ਹਨ ਅਤੇ 5 ਬੰਧਕ ਅਜੇ ਵੀ ਗਾਜ਼ਾ ਵਿਚ ਹਨ। ਸ਼ਨੀਵਾਰ ਨੂੰ ਵਾਪਸ ਕੀਤੀਆਂ ਗਈਆਂ ਲਾਸ਼ਾਂ ਨੂੰ ਮਿਲਾ ਕੇ ਇਜ਼ਰਾਈਲ ਨੇ 300 ਫਿਲਸਤੀਨੀਆਂ ਦੀਆਂ ਲਾਸ਼ਾਂ ਸੌਂਪ ਦਿੱਤੀਆਂ ਹਨ।
ਗਾਜ਼ਾ ’ਚ ਸਿਹਤ ਅਧਿਕਾਰੀਆਂ ਨੂੰ ਡੀ. ਐੱਨ. ਏ. ਕਿੱਟਾਂ ਮੁਹੱਈਆ ਨਾ ਹੋਣ ਕਾਰਨ ਲਾਸ਼ਾਂ ਦੀ ਪਛਾਣ ਕਰਨ ’ਚ ਕਾਫੀ ਮੁਸ਼ਕਲ ਆ ਰਹੀ ਹੈ। ਉਨ੍ਹਾਂ ਹੁਣ ਤਕ 84 ਲਾਸ਼ਾਂ ਦੀ ਪਛਾਣ ਕਰ ਲਈ ਹੈ। ਜੰਗਬੰਦੀ ਦੀਆਂ ਸ਼ਰਤਾਂ ਤਹਿਤ ਇਜ਼ਰਾਈਲ ਨੂੰ ਗਾਜ਼ਾ ’ਚ ਕਾਫੀ ਜ਼ਿਆਦਾ ਰਾਹਤ ਸਮੱਗਰੀ ਪਹੁੰਚਾਉਣ ਦੀ ਇਜਾਜ਼ਤ ਦੇਣੀ ਪਵੇਗੀ।
ਸੰਯੁਕਤ ਰਾਸ਼ਟਰ ਦੇ ਉਪ-ਬੁਲਾਰੇ ਫਰਹਾਨ ਹੱਕ ਅਨੁਸਾਰ ਇਸ ਸਮਝੌਤੇ ਤਹਿਤ ਰਾਹਤ ਕਾਰਜ ਅਜੇ ਵੀ ਗਾਜ਼ਾ ’ਚ ਲੋੜ ਨਾਲੋਂ ਕਾਫੀ ਘੱਟ ਹਨ। ਉਨ੍ਹਾਂ ਦੱਸਿਆ ਕਿ ਗਾਜ਼ਾ ’ਚ 2,00,000 ਮੀਟ੍ਰਿਕ ਟਨ ਤੋਂ ਵੱਧ ਰਾਹਤ ਸਮੱਗਰੀ ਪਹੁੰਚਾਏ ਜਾਣ ਦੀ ਯੋਜਨਾ ਹੈ ਪਰ ਅਜੇ ਤਕ ਸਿਰਫ 37,000 ਟਨ ਹੀ ਰਾਹਤ ਸਮੱਗਰੀ ਪਹੁੰਚਾਈ ਜਾ ਸਕੀ ਹੈ।
