ਪੀ.ਐੱਮ. ਮੋਦੀ ਦੇ ਸੰਦੇਸ਼ ਵਾਲੀ ਚਿੱਠੀ ਪਾ ਕੇ ਭਾਵੁਕ ਹੋਇਆ ਮੋਸ਼ੇ
Thursday, Dec 05, 2019 - 04:22 PM (IST)

ਯੇਰੂਸ਼ਲਮ (ਭਾਸ਼ਾ): ਸਾਲ 2008 ਵਿਚ ਹੋਏ ਮੁੰਬਈ ਹਮਲੇ ਵਿਚ ਆਪਣੇ ਮਾਤਾ-ਪਿਤਾ ਨੂੰ ਗਵਾ ਚੁੱਕਾ ਇਜ਼ਰਾਇਲੀ ਮੁੰਡਾ ਮੋਸ਼ੇ ਹੋਲਟਜ਼ਬਰਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਦੇਸ਼ ਪਾ ਕੇ ਭਾਵੁਕ ਹੋ ਗਿਆ। ਮੋਦੀ ਨੇ ਚਿੱਠੀ ਵਿਚ ਮੋਸ਼ੇ ਦੀ ਕਹਾਣੀ ਨੂੰ ਚਮਤਕਾਰ ਦੇ ਬਰਾਬਰ ਦੱਸਿਆ ਜੋ ਲਗਾਤਾਰ ਹਰ ਕਿਸੇ ਨੂੰ ਪ੍ਰੇਰਨਾ ਦਿੰਦੀ ਹੈ। ਪੀ.ਐੱਮ ਮੋਦੀ ਨੇ ਇਹ ਚਿੱਠੀ ਮੋਸ਼ੇ ਦੇ 'ਬਾਰ ਮਿਤਜ਼ਵਾਹ' ਸਮਾਰੋਹ 'ਤੇ ਭੇਜੀ, ਜੋ ਐਤਵਾਰ ਨੂੰ ਆਯੋਜਿਤ ਹੋਇਆ।
ਮੋਦੀ ਨੇ ਮੋਸ਼ੇ ਨੂੰ ਭੇਜੀ ਚਿੱਠੀ ਵਿਚ ਲਿਖਿਆ,''ਇਹ ਇਕ ਮਹੱਤਵਪੂਰਨ ਤਬਦੀਲੀ ਦਾ ਪਲ ਹੈ ਅਤੇ ਤੁਹਾਡੀ ਜੀਵਨ ਯਾਤਰਾ ਵਿਚ ਇਕ ਮਹੱਤਵਪੂਰਨ ਪੜਾਅ ਹੈ। ਸੈਂਡਰਾ ਦਾ ਸਾਹਸ ਅਤੇ ਭਾਰਤੀ ਲੋਕਾਂ ਦੀਆਂ ਅਰਦਾਸਾਂ ਤੁਹਾਨੂੰ ਲੰਬੀ ਉਮਰ, ਸਿਹਤ ਅਤੇ ਸਫਲ ਜੀਵਨ ਦਾ ਅਸ਼ੀਰਵਾਦ ਦਿੰਦੀਆਂ ਰਹਿਣਗੀਆਂ। ਤੁਹਾਡੀ ਕਹਾਣੀ ਹਰ ਕਿਸੇ ਨੂੰ ਪ੍ਰੇਰਿਤ ਕਰਦੀ ਰਹੇਗੀ। ਇਹ ਇਕ ਚਮਤਕਾਰ ਹੈ ਅਤੇ ਆਸ ਕਰਦਾ ਹਾਂ ਕਿ ਇਸ ਤ੍ਰਾਸਦੀ ਨਾਲ ਹੋਏ ਨਾ ਪੂਰੇ ਹੋਣ ਵਾਲੇ ਨੁਕਸਾਨ ਤੋਂ ਤੁਸੀਂ ਉਭਰੋਗੇ।''
ਯਹੂਦੀ ਬੱਚਿਆਂ ਦੇ 13 ਸਾਲ ਦੀ ਉਮਰ ਦਾ ਹੋਣ 'ਤੇ 'ਬਾਰ ਮਿਤਜ਼ਵਾਹ' ਆਯੋਜਿਤ ਕੀਤਾ ਜਾਂਦਾ ਹੈ। ਕੁਝ ਯਹੂਦੀ ਵਿਦਵਾਨ ਇਸ ਦੀ ਤੁਲਨਾ ਹਿੰਦੂਆਂ ਵਿਚ ਹੋਣ ਵਾਲੇ 'ਉਪਨਯਨ' (Thread ceremony) ਨਾਲ ਕਰਦੇ ਹਨ। ਗ੍ਰੇਗੋਰੀਯਨ ਕੈਲੰਡਰ ਦੇ ਮੁਤਾਬਕ 28 ਨਵੰਬਰ ਨੂੰ ਮੋਸ਼ੇ 13 ਸਾਲ ਦਾ ਹੋ ਗਿਆ। ਮੋਸ਼ੇ ਦੇ ਦਾਦਾ ਰਬੀ ਸ਼ਿਮਾਨ ਰੋਜ਼ੇਨਬਰਗ ਨੇ ਪੀ.ਟੀ.ਆਈ. ਨੂੰ ਕਿਹਾ,''ਮੋਦੀ ਦੀ ਚਿੱਠੀ ਨੇ ਮੋਸ਼ੇ ਦੇ ਦਿਲ ਨੂੰ ਛੂਹ ਲਿਆ। ਭਾਰਤ ਜਿਹੇ ਵੱਡੇ ਦੇਸ਼ ਦਾ ਨੇਤਾ ਜੇਕਰ ਇਸ ਤਰ੍ਹਾਂ ਦੀ ਭਾਵੁਕ ਕਰ ਦੇਣ ਵਾਲੀ ਚਿੱਠੀ ਭੇਜਦਾ ਹੈ ਤਾਂ ਉਹ ਮੋਸ਼ੇ ਨੂੰ ਬਹੁਤ ਮਜ਼ਬੂਤੀ ਦੇਣ ਵਾਲੀ ਹੈ। ਪ੍ਰੋਗਰਾਮ ਵਿਚ ਭਾਰਤੀ ਰਾਜਦੂਤ ਨੂੰ ਆਪਣੀ ਪੂਰੀ ਟੀਮ ਦੇ ਨਾਲ ਦੇਖ ਕੇ ਉਹ ਬਹੁਤ ਖੁਸ਼ ਹੋਇਆ।''
ਜ਼ਿਕਰਯੋਗ ਹੈ ਕਿ ਭਾਰਤ ਦੇ ਇਤਿਹਾਸ ਵਿਚ ਸਭ ਤੋਂ ਭਿਆਨਕ ਅੱਤਵਾਦੀ ਹਮਲਿਆਂ ਵਿਚੋਂ ਇਕ 26 ਨਵੰਬਰ, 2008 ਨੂੰ ਮੁੰਬਈ ਹਮਲੇ ਵਿਚ 166 ਲੋਕ ਮਾਰੇ ਗਏ ਸਨ ਅਤੇ 300 ਤੋਂ ਵੱਧ ਜ਼ਖਮੀ ਹੋਏ ਸਨ। ਅੱਤਵਾਦੀਆਂ ਨੇ ਨਰੀਮਨ ਹਾਊਸ (ਚਾਬਾਡ ਹਾਊਸ) ਨੂੰ ਵੀ ਨਿਸ਼ਾਨਾ ਬਣਾਇਆ, ਜਿੱਥੇ ਮੋਸ਼ੇ ਦੇ ਮਾਤਾ-ਪਿਤਾ ਰਬੀ ਗੈਬਰੀਏਲ ਅਤੇ ਰਿਬਕਾ ਹੋਲਟਜ਼ਬਰਗ ਸਮੇਤ 6 ਯਹੂਦੀ ਮਾਰੇ ਗਏ ਸਨ। ਮੁੰਬਈ ਹਮਲੇ ਦੇ ਦੌਰਾਨ ਆਪਣੇ ਮ੍ਰਿਤਕ ਮਾਤਾ-ਪਿਤਾ ਦੀਆਂ ਲਾਸ਼ਾਂ ਕੋਲ ਖੜ੍ਹੇ ਰੋਂਦੇ ਮੋਸ਼ੇ ਨੂੰ ਉਨ੍ਹਾਂ ਦੀ ਨੈਨੀ ਸੈਂਡਰਾ ਸੈਮੁਅਲਜ਼ ਨੇ ਬਚਾਇਆ ਸੀ। ਮੋਸ਼ੇ ਨੂੰ ਆਪਣੀ ਛਾਤੀ ਨਾਲ ਚਿਪਕਾਈ ਸੈਂਡਰੀ ਦਾ ਇਕ ਤਸਵੀਰ ਨੇ ਦੁਨੀਆਭਰ ਵਿਚ ਲੱਖਾਂ ਲੋਕਾਂ ਦੇ ਦਿਲ ਨੂੰ ਛੂਹ ਲਿਆ ਸੀ।