ਦੱਖਣੀ ਏਸ਼ੀਆ ’ਚ ਦਹਿਸ਼ਤ ਫੈਲਾਉਣ ਲਈ ਅਫਗਾਨਿਸਤਾਨ ਦੀ ਵਰਤੋਂ ਕਰ ਰਿਹੈ ਇਸਲਾਮਿਕ ਸਟੇਟ
Monday, May 08, 2023 - 01:49 PM (IST)
ਜਲੰਧਰ (ਇੰਟ.)– ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਇਕ ਵਾਰ ਫਿਰ ਦੱਖਣੀ ਏਸ਼ੀਆ ’ਚ ਆਪਣੇ ਵਿਸਥਾਰ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਹਾਲ ਹੀ ’ਚ ਲੀਕ ਹੋਏ ਇਕ ਦਸਤਾਵੇਜ਼ ਦਾ ਹਵਾਲਾ ਦਿੰਦੀ ਇਕ ਮੀਡੀਆ ਰਿਪੋਰਟ ’ਚ ਕਿਹਾ ਗਿਆ ਹੈ ਕਿ ਇਸਲਾਮਿਕ ਸਟੇਟ ਯੂਰਪ, ਏਸ਼ੀਆ ਤੇ ਸੰਯੁਕਤ ਰਾਜ ਅਮਰੀਕਾ ’ਚ ਅਹਿਮ ਅਦਾਰਿਆਂ ਨੂੰ ਚਲਾਉਣ ਤੇ ਨਿਸ਼ਾਨਾ ਬਣਾਉਣ ਲਈ ਅਫਗਾਨਿਸਤਾਨ ਨੂੰ ਆਪਣੀ ਸੁਰੱਖਿਅਤ ਪਨਾਹਗਾਹ ਵਜੋਂ ਵਰਤ ਰਿਹਾ ਹੈ।
ਪੈਂਟਾਗਨ ਦੇ ਲੀਕ ਹੋਏ ਦਸਤਾਵੇਜ਼ਾਂ ’ਚ ਹੋਇਆ ਖ਼ੁਲਾਸਾ
ਹਾਲ ਹੀ ਦੇ ਦਿਨਾਂ ’ਚ ਪਾਕਿਸਤਾਨ, ਅਫਗਾਨਿਸਤਾਨ ਤੇ ਭਾਰਤ ਸਮੇਤ ਦੱਖਣੀ ਏਸ਼ੀਆ ’ਚ ਇਸਲਾਮਿਕ ਸਟੇਟ ਵਲੋਂ ਘਾਤਕ ਹਮਲੇ ਨੇ ਇਸ ਖੇਤਰ ’ਚ ਆਈ. ਐੱਸ. ਆਈ. ਐੱਸ. ਦੀ ਸ਼ਮੂਲੀਅਤ ਦੇ ਸੰਕੇਤ ਦਿੱਤੇ ਹਨ। ਪੈਂਟਾਗਨ ਦੇ ਇਕ ਲੀਕ ਮੀਮੋ ਅਨੁਸਾਰ ਆਈ. ਐੱਸ. ਆਈ. ਐੱਸ. ਅਫਗਾਨਿਸਤਾਨ ’ਚ ਮੁੜ ਉੱਭਰ ਰਿਹਾ ਹੈ ਤੇ ਪੂਰੇ ਯੂਰਪ, ਏਸ਼ੀਆ ’ਚ ਹਮਲਿਆਂ ਦੀ ਸਾਜ਼ਿਸ਼ ਰਚ ਰਿਹਾ ਹੈ। ਦਸਤਾਵੇਜ਼ਾਂ ’ਚ ਕਿਹਾ ਗਿਆ ਹੈ ਕਿ ਇਹ ਸੰਯੁਕਤ ਰਾਜ ਅਮਰੀਕਾ ਖ਼ਿਲਾਫ਼ ਇਕ ਡੂੰਘੀ ਸਾਜ਼ਿਸ਼ ਰਚ ਰਿਹਾ ਹੈ। ਉਸ ਦੇ ਨਿਸ਼ਾਨੇ ’ਤੇ ਚਰਚ, ਦੂਤਘਰ ਤੇ ਵਪਾਰਕ ਕੇਂਦਰ ਸ਼ਾਮਲ ਹਨ।
ਸ਼੍ਰੀਲੰਕਾ
ਇਸ ਸੰਗਠਨ ਨੂੰ ਦਾਏਸ਼ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਜਿਸ ਦੀਆਂ ਜੜ੍ਹਾਂ ਇਰਾਕ ਤੇ ਸੀਰੀਆ ’ਚ ਹਨ। ਇਸ ਦੀ ਸਥਾਪਨਾ ਅਬੂ ਮੁਸਾਬ ਅਲ-ਜ਼ਰਕਾਵੀ ਵਲੋਂ 1999 ’ਚ ਕੀਤੀ ਗਈ ਸੀ। ਸੁੰਨੀ ਇਸਲਾਮ ਦੀ ਸਲਾਫੀ ਜੇਹਾਦੀ ਸ਼ਾਖਾ ਦਾ ਪਾਲਣ ਕਰਨ ਵਾਲੇ ਅੱਤਵਾਦੀ ਇਸਲਾਮੀ ਸਮੂਹ ਨੇ 2014 ’ਚ ਵਿਸ਼ਵ ਪੱਧਰੀ ਪ੍ਰਮੁੱਖਤਾ ਪ੍ਰਾਪਤ ਕੀਤੀ ਤੇ ਦੱਖਣੀ ਏਸ਼ੀਆ ’ਚ ਤੇਜ਼ੀ ਨਾਲ ਫੈਲਣਾ ਸ਼ੁਰੂ ਕਰ ਦਿੱਤਾ।
ਇਹ ਸੰਗਠਨ 21 ਅਪ੍ਰੈਲ, 2019 ਨੂੰ ਉਸ ਸਮੇਂ ਸੁਰਖ਼ੀਆਂ ’ਚ ਆਇਆ ਸੀ, ਜਦੋਂ ਸ਼੍ਰੀਲੰਕਾ ’ਚ ਲੋਕ ਈਸਟਰ ਦਾ ਜਸ਼ਨ ਮਨਾ ਰਹੇ ਸਨ ਤੇ ਇਸਲਾਮਿਕ ਸਟੇਟ ਵਲੋਂ ਕੀਤੇ ਲੜੀਵਾਰ ਆਤਮਘਾਤੀ ਬੰਬ ਧਮਾਕਿਆਂ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ। ਕੋਲੰਬੋ ਸ਼ਹਿਰ ਦੇ ਤਿੰਨ ਚਰਚਾਂ ਤੇ ਤਿੰਨ ਲਗਜ਼ਰੀ ਹੋਟਲਾਂ ’ਤੇ ਲੜੀਵਾਰ ਹੋਏ ਹਮਲੇ ’ਚ 45 ਵਿਦੇਸ਼ੀ ਨਾਗਰਿਕਾਂ ਸਮੇਤ ਕੁੱਲ 269 ਲੋਕ ਮਾਰੇ ਗਏ ਸਨ। ਹਮਲੇ ਦੀ ਚੌਥੀ ਬਰਸੀ ’ਤੇ ਸ਼੍ਰੀਲੰਕਾ ਦੇ ਲੋਕ ਅਜੇ ਵੀ ਘਾਤਕ ਈਸਟਰ ਬੰਬ ਧਮਾਕਿਆਂ ਲਈ ਨਿਆਂ ਤੇ ਜਵਾਬ ਦੀ ਮੰਗ ਕਰ ਰਹੇ ਹਨ।
ਕੀ ਕਹਿੰਦੇ ਨੇ ਮਾਹਿਰ
ਮਾਹਿਰਾਂ ਦਾ ਮੰਨਣਾ ਹੈ ਕਿ ਅਫਗਾਨਿਸਤਾਨ ਤੋਂ ਅਮਰੀਕਾ ਦੀ ਅਗਵਾਈ ਵਾਲੀਆਂ ਨਾਟੋ ਫੌਜਾਂ ਦੀ ਵਾਪਸੀ ਨੇ ਇਸਲਾਮਿਕ ਸਟੇਟ ਨੂੰ ਦੇਸ਼ ’ਚ ਆਪਣੇ ਪੈਰ ਮਜ਼ਬੂਤ ਕਰਨ ਲਈ ਕਾਫੀ ਜਗ੍ਹਾ ਦਿੱਤੀ ਹੈ। ਸਟੈਨਫੋਰਡ ਯੂਨੀਵਰਸਿਟੀ ਅਨੁਸਾਰ ਇਸਲਾਮਿਕ ਸਟੇਟ ਇਕ ਵਿਸ਼ਵ ਪੱਧਰੀ ਸਲਾਫੀ-ਜੇਹਾਦੀ ਅੰਦੋਲਨ ਇਕ ਧਾਰਮਿਕ-ਰਾਜਨੀਤਕ ਸੁੰਨੀ ਇਸਲਾਮਵਾਦੀ ਵਿਚਾਰਧਾਰਾ ਬਣਾਉਣਾ ਚਾਹੁੰਦਾ ਹੈ। ਪਿਛਲੇ ਕੁਝ ਸਾਲਾਂ ’ਚ ਇਸ ਨੇ ਦੱਖਣੀ ਏਸ਼ੀਆ ’ਚ ਆਪਣੀ ਮੌਜੂਦਗੀ ਨੂੰ ਮਜ਼ਬੂਤ ਕੀਤਾ ਹੈ ਤੇ ਆਪਣੀ ਮੌਜੂਦਗੀ ਦਰਜ ਕਰਨ ਲਈ ਕਈ ਘਾਤਕ ਹਮਲੇ ਕੀਤੇ ਹਨ। ਅਮਰੀਕਾ ਸਥਿਤ ਥਿੰਕ ਟੈਂਕ ਨਿਊਲਾਈਨਜ਼ ਇੰਸਟੀਚਿਊਟ ਦਾ ਕਹਿਣਾ ਹੈ ਕਿ ਦੱਖਣੀ ਏਸ਼ੀਆ ’ਚ ਆਈ. ਐੱਸ. ਆਈ. ਐੱਸ. ਖੋਰਾਸਾਨ ਬ੍ਰਾਂਚ ਲਈ ਭਰਤੀ ਕਰਨ ਨਾਲ ਸਬੰਧਤ ਹੈ ਤੇ ਇਸ ਤਰ੍ਹਾਂ ਸੈੱਲ ਬਣਾਉਣ ਲਈ ਆਨਲਾਈਨ ਨੈੱਟਵਰਕਾਂ ਤੇ ਸਥਾਨਕ ਰਾਜਨੀਤੀ ਦਾ ਫ਼ਾਇਦਾ ਉਠਾਉਂਦਾ ਹੈ ਤੇ ਛੋਟੇ-ਛੋਟੇ ਹਮਲੇ ਕਰਦਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।