ਈਰਾਨ ’ਚ ਇਸਲਾਮਿਕ ਗਾਰਡ ਦਾ ਪੂਰਾ ਕੰਟਰੋਲ, ਰਾਸ਼ਟਰਪਤੀ ਨੂੰ ਸੁਪਰੀਮ ਲੀਡਰ ਨੂੰ ਮਿਲਣ ਤੋਂ ਰੋਕਿਆ

Thursday, Apr 02, 2026 - 12:14 AM (IST)

ਈਰਾਨ ’ਚ ਇਸਲਾਮਿਕ ਗਾਰਡ ਦਾ ਪੂਰਾ ਕੰਟਰੋਲ, ਰਾਸ਼ਟਰਪਤੀ ਨੂੰ ਸੁਪਰੀਮ ਲੀਡਰ ਨੂੰ ਮਿਲਣ ਤੋਂ ਰੋਕਿਆ

ਤਹਿਰਾਨ – ਈਰਾਨ ਵਿਚ ਸੱਤਾ ਦਾ ਸੰਘਰਸ਼ ਡੂੰਘਾ ਹੋਣ ਲੱਗਾ ਹੈ, ਜਿੱਥੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੌਰਪਸ (ਆਈ. ਆਰ. ਜੀ. ਸੀ.) ਨੇ ਦੇਸ਼ ਦਾ ਕੰਟਰੋਲ ਆਪਣੇ ਹੱਥਾਂ ਵਿਚ ਲੈ ਲਿਆ ਹੈ। ‘ਤਹਿਰਾਨ ਟਾਈਮਜ਼’ ਦੀ ਰਿਪੋਰਟ ਅਨੁਸਾਰ ਰਾਸ਼ਟਰਪਤੀ ਮਸੂਦ ਪੇਜ਼ਸ਼ਕੀਆਨ ਅਤੇ ਆਈ. ਆਰ. ਜੀ. ਸੀ. ਵਿਚਕਾਰ ਸੱਤਾ ਨੂੰ ਲੈ ਕੇ ਟਕਰਾਅ ਵਧ ਗਿਆ ਹੈ।

ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਆਈ. ਆਰ. ਜੀ. ਸੀ. ਨੇ ਰਾਸ਼ਟਰਪਤੀ ਨੂੰ ਸੁਪਰੀਮ ਲੀਡਰ ਮੁਜਤਬਾ ਖ਼ਾਮੇਨੇਈ ਨੂੰ ਮਿਲਣ ਤੋਂ ਰੋਕ ਦਿੱਤਾ ਹੈ, ਜਿਸ ਤੋਂ ਇਹ ਇਸ਼ਾਰਾ ਮਿਲਦਾ ਹੈ ਕਿ ਰਾਸ਼ਟਰਪਤੀ ਦੀ ਸਿਆਸੀ ਪਹੁੰਚ ਸੀਮਿਤ ਹੋ ਗਈ ਹੈ।

ਇਸ ਘਟਨਾਚੱਕਰ ਦੇ ਵਿਚਕਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਹੀ ਵਿਚ ਕਿਹਾ ਕਿ ਅਮਰੀਕਾ ਈਰਾਨ ਦੇ ਕੁਝ ‘ਸਮਝਦਾਰ ਨੇਤਾਵਾਂ’ ਨਾਲ ਸੰਪਰਕ ਵਿਚ ਹੈ ਅਤੇ ਸੰਘਰਸ਼ ਨੂੰ ਸ਼ਾਂਤ ਕਰਨ ਲਈ ਗੱਲਬਾਤ ਜਾਰੀ ਹੈ। ਹਾਲਾਂਕਿ ਈਰਾਨੀ ਅਧਿਕਾਰੀਆਂ ਨੇ ਟਰੰਪ ਦੇ ਦਾਅਵੇ ਨੂੰ ਤੁਰੰਤ ਖਾਰਜ ਕਰ ਦਿੱਤਾ ਅਤੇ ਸਪੱਸ਼ਟ ਕੀਤਾ ਕਿ ਕਿਸੇ ਵੀ ਤਰ੍ਹਾਂ ਦੀ ਸਿੱਧੀ ਗੱਲਬਾਤ ਨਹੀਂ ਚੱਲ ਰਹੀ।

ਮਾਹਿਰਾਂ ਦਾ ਮੰਨਣਾ ਹੈ ਕਿ ਆਈ. ਆਰ. ਜੀ. ਸੀ. ਦਾ ਕੰਟਰੋਲ ਵਧਣਾ ਅਤੇ ਰਾਸ਼ਟਰਪਤੀ ਦੀਆਂ ਸਰਗਰਮੀਆਂ ’ਤੇ ਪਾਬੰਦੀ ਈਰਾਨ ਵਿਚ ਅਸਲੀ ਸੱਤਾ ਕੇਂਦਰ ’ਤੇ ਨਵੇਂ ਸਵਾਲ ਖੜ੍ਹੇ ਕਰਦੀ ਹੈ। ਇਹ ਸਥਿਤੀ ਅੰਤਰਰਾਸ਼ਟਰੀ ਕੂਟਨੀਤੀ ਅਤੇ ਮੱਧ ਪੂਰਬ ਵਿਚ ਸੁਰੱਖਿਆ ’ਤੇ ਵੀ ਸਿੱਧਾ ਅਸਰ ਪਾ ਸਕਦੀ ਹੈ।
 


author

Inder Prajapati

Content Editor

Related News