ISIS ਨੇ ਲਈ ਤਾਲਿਬਾਨ ’ਤੇ ਹੋਏ ਸੀਰੀਅਲ ਧਮਾਕਿਆਂ ਦੀ ਜ਼ਿੰਮੇਵਾਰੀ
Tuesday, Sep 21, 2021 - 06:18 PM (IST)
ਇੰਟਰਨੈਸ਼ਨਲ ਡੈਸਕ– ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ISIS) ਨੇ ਪੂਰਵੀ ਅਫਗਾਨਿਸਤਾਨ ’ਚ ਤਾਲਿਬਾਨ ਦੇ ਵਾਹਨਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਲੜੀਵਾਰ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ। ਆਈ.ਐੱਸ.ਆਈ.ਐੱਸ. ਨੇ ਆਪਣੀ ਮੀਡੀਆ ਇਕਾਈ ਆਮਾਕ ਸਮਾਚਾਰ ਏਜੰਸੀ ਦੀ ਵੈੱਬਸਾਈਟ ਰਾਹੀਂ ਐਤਵਾਰ ਨੂੰ ਹਮਲਿਆਂ ਦੀ ਜ਼ਿੰਮੇਵਾਰੀ ਲਈ ਜਿਸ ਨਾਲ ਤਾਲਿਬਾਨ ਨੂੰ ਉਸ ਦੇ ਲੰਮੇ ਸਮੇਂ ਦੇ ਵਿਰੋਧੀਆਂ ਵਲੋਂ ਖਤਰੇ ਦਾ ਸੰਕੇਤ ਮਿਲਦਾ ਹੈ। ਆਈ.ਐੱਸ.ਆਈ.ਐੱਸ. ਦੇ ਗੜ੍ਹ ਮੰਨੇ ਜਾਣ ਵਾਲੇ ਜਲਾਲਾਬਾਦ ’ਚ ਸ਼ਨੀਵਾਰ ਅਤੇ ਐਤਵਾਰ ਨੂੰ ਹੋਏ ਧਮਾਕਿਆਂ ’ਚ ਤਾਲਿਬਾਨ ਦੇ ਕਈ ਮੈਂਬਰਾਂ ਸਮੇਤ ਘੱਟੋ-ਘੱਟ 8 ਲੋਕ ਮਾਰੇ ਗਏ ਸਨ।
ਤਾਲਿਬਾਨ ਨੇ ਅਮਰੀਕਾ ਅਤੇ ਨਾਟੋ ਦੇ ਫੌਜੀਆਂ ਦੀ ਵਾਪਸੀ ਵਿਚਕਾਰ ਪਿਛਲੇ ਮਹੀਨੇ ਕਾਬੁਲ ’ਚ ਐਂਟਰੀ ਕਰਕੇ ਅਫਗਾਨਿਸਤਾਨ ’ਤੇ ਕਬਜ਼ਾ ਕਰ ਲਿਆ ਸੀ। ਅਫਗਾਨਿਸਤਾਨ ’ਤੇ ਸ਼ਾਸਨ ਕਰਨ ਦੀਆਂ ਜਾਰੀ ਕੋਸ਼ਿਸ਼ਾਂ ਵਿਚਕਾਰ ਤਾਲਿਬਾਨ ਨੂੰ ਗੰਭੀਰ ਆਰਥਿਕ ਅਤੇ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ISIS ਦੇ ਲਗਾਤਾਰ ਜਾਰੀ ਹਮਲੇ ਉਸ ਲਈ ਹੋਰ ਮੁਸ਼ਕਿਲਾਂ ਖੜ੍ਹੀਆਂ ਕਰ ਰਹੇ ਹਨ। ਵਿਦੇਸ਼ੀ ਫੌਜੀਆਂ ਦੇ ਅਫਗਾਨਿਸਤਾਨ ਛੱਡਣ ਤੋਂ ਪਹਿਲਾਂ ਹੀ ਤਾਲਿਬਾਨ ਅਤੇ ਆਈ.ਐੱਸ. ਵਿਚਕਾਰ ਦੁਸ਼ਮਣੀ ਚਲੀ ਆ ਰਹੀ ਹੈ। ਦੋਵੇਂ ਹੀ ਸਮੂਹ ਇਸਲਾਮ ਦੀ ਕਠੋਰ ਵਿਆਖਿਆ ਕਰਦੇ ਹਨ ਪਰ ਤਾਲਿਬਾਨ ਦਾ ਧਿਆਨ ਜਿਥੇ ਅਫਗਾਨਿਸਤਾਨ ’ਤੇ ਕੰਟਰੋਲ ’ਤੇ ਕੇਂਦਰਿਤ ਹੈ, ਉਥੇ ਹੀ ਆਈ.ਐੱਸ. ਅਫਗਾਨਿਸਤਾਨ ਅਤੇ ਦੁਨੀਆ ਦੇ ਹੋਰ ਹਿੱਸਿਆਂ ’ਚ ਜਿੱਥੇ ਵੀ ਹੈ, ਉਥੇ ਜਿਹਾਦ ਦਾ ਸੱਦਾ ਦਿੰਦਾ ਹੈ।