ਅਮਰੀਕਾ-ਈਰਾਨ ਸ਼ਾਂਤੀ ਵਾਰਤਾ: ਇਸਲਾਮਾਬਾਦ ਪਹੁੰਚਿਆ ਈਰਾਨੀ ਵਫ਼ਦ

Saturday, Apr 11, 2026 - 03:16 AM (IST)

ਅਮਰੀਕਾ-ਈਰਾਨ ਸ਼ਾਂਤੀ ਵਾਰਤਾ: ਇਸਲਾਮਾਬਾਦ ਪਹੁੰਚਿਆ ਈਰਾਨੀ ਵਫ਼ਦ

ਇਸਲਾਮਾਬਾਦ : ਅਮਰੀਕਾ ਨਾਲ ਸ਼ਾਂਤੀ ਵਾਰਤਾ ਲਈ ਈਰਾਨ ਦਾ ਇੱਕ ਉੱਚ-ਪੱਧਰੀ ਪ੍ਰਤੀਨਿਧ ਮੰਡਲ ਪਾਕਿਸਤਾਨ ਪਹੁੰਚ ਗਿਆ ਹੈ। ਈਰਾਨੀ ਮੀਡੀਆ ਅਨੁਸਾਰ, ਸੰਸਦ ਸਪੀਕਰ ਮੁਹੰਮਦ ਬਾਕਰ ਗਾਲੀਬਾਫ਼ ਦੀ ਅਗਵਾਈ ਵਿੱਚ ਇਹ ਵਫ਼ਦ ਇਸਲਾਮਾਬਾਦ ਪਹੁੰਚਿਆ ਹੈ। ਇਸ ਨੂੰ ਅਮਰੀਕਾ ਅਤੇ ਈਰਾਨ ਵਿਚਾਲੇ ਚੱਲ ਰਹੇ ਤਣਾਅ ਨੂੰ ਖ਼ਤਮ ਕਰਨ ਦੀ ਦਿਸ਼ਾ ਵਿੱਚ ਇੱਕ ਬੇਹੱਦ ਅਹਿਮ ਕੂਟਨੀਤਕ ਕਦਮ ਮੰਨਿਆ ਜਾ ਰਿਹਾ ਹੈ।

ਸ਼ਰਤਾਂ ਮੰਨਣ 'ਤੇ ਹੀ ਅੱਗੇ ਵਧੇਗੀ ਗੱਲਬਾਤ
ਸ਼ਨੀਵਾਰ ਨੂੰ ਹੋਣ ਵਾਲੀ ਇਸ ਅਹਿਮ ਬੈਠਕ ਤੋਂ ਪਹਿਲਾਂ ਈਰਾਨ ਨੇ ਆਪਣਾ ਰੁਖ਼ ਸਖ਼ਤ ਰੱਖਿਆ ਹੈ। ਈਰਾਨ ਨੇ ਸਪੱਸ਼ਟ ਕੀਤਾ ਹੈ ਕਿ ਵਾਰਤਾ ਤਾਂ ਹੀ ਅੱਗੇ ਵਧੇਗੀ ਜੇਕਰ ਵਾਸ਼ਿੰਗਟਨ ਵੱਲੋਂ ਉਨ੍ਹਾਂ ਦੀਆਂ  ਸ਼ਰਤਾਂ ਨੂੰ ਸਵੀਕਾਰ ਕੀਤਾ ਜਾਂਦਾ ਹੈ। ਇਨ੍ਹਾਂ ਸ਼ਰਤਾਂ ਵਿੱਚ ਮੁੱਖ ਤੌਰ 'ਤੇ ਖੇਤਰੀ ਸੁਰੱਖਿਆ ਅਤੇ ਆਰਥਿਕ ਪਾਬੰਦੀਆਂ ਨਾਲ ਜੁੜੇ ਗੰਭੀਰ ਮੁੱਦੇ ਸ਼ਾਮਲ ਹਨ।

ਵਫ਼ਦ ਵਿੱਚ ਕਈ ਦਿੱਗਜ ਅਧਿਕਾਰੀ ਸ਼ਾਮਲ
ਈਰਾਨ ਵੱਲੋਂ ਭੇਜੇ ਗਏ ਇਸ ਵਫ਼ਦ ਵਿੱਚ ਕੇਵਲ ਰਾਜਨੀਤਕ ਹੀ ਨਹੀਂ, ਸਗੋਂ ਫੌਜੀ ਅਤੇ ਆਰਥਿਕ ਮਾਹਿਰ ਵੀ ਸ਼ਾਮਲ ਹਨ। ਜਾਣਕਾਰੀ ਅਨੁਸਾਰ, ਇਸ ਵਿੱਚ ਈਰਾਨ ਦੇ ਵਿਦੇਸ਼ ਮੰਤਰੀ, ਰੱਖਿਆ ਕੌਂਸਲ ਦੇ ਸਕੱਤਰ, ਕੇਂਦਰੀ ਬੈਂਕ ਦੇ ਗਵਰਨਰ ਅਤੇ ਸੰਸਦ ਦੇ ਕਈ ਸੀਨੀਅਰ ਮੈਂਬਰ ਸ਼ਾਮਲ ਹਨ। 

ਅਵਿਸ਼ਵਾਸ ਦੇ ਮਾਹੌਲ ਵਿੱਚ ਹੋ ਰਹੀ ਮੇਜ਼ਬਾਨੀ
ਪਾਕਿਸਤਾਨ ਇਸ ਉੱਚ-ਪੱਧਰੀ ਮੀਟਿੰਗ ਦੀ ਮੇਜ਼ਬਾਨੀ ਅਜਿਹੇ ਸਮੇਂ ਕਰ ਰਿਹਾ ਹੈ ਜਦੋਂ ਦੋਵਾਂ ਦੇਸ਼ਾਂ ਵਿਚਾਲੇ ਅਵਿਸ਼ਵਾਸ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਖੇਤਰ ਵਿੱਚ ਅਸਥਾਈ ਜੰਗਬੰਦੀ (Ceasefire) ਲਾਗੂ ਹੈ। ਭਾਵੇਂ ਈਰਾਨ ਗੱਲਬਾਤ ਦੀ ਮੇਜ਼ 'ਤੇ ਆ ਗਿਆ ਹੈ, ਪਰ ਉਸ ਦੇ ਸਖ਼ਤ ਰੁਖ਼ ਤੋਂ ਲੱਗਦਾ ਹੈ ਕਿ ਰਸਮੀ ਗੱਲਬਾਤ ਸ਼ੁਰੂ ਹੋਣ ਤੋਂ ਪਹਿਲਾਂ ਅਮਰੀਕਾ ਨੂੰ ਕਈ ਮੁੱਦਿਆਂ 'ਤੇ ਸਹਿਮਤ ਹੋਣਾ ਪਵੇਗਾ।


author

Inder Prajapati

Content Editor

Related News