''ਸਾਡੀ ਕੋਈ ਗਾਰੰਟੀ ਨਹੀਂ..!'', ਅਮਰੀਕਾ-ਇਰਾਨ ਗੱਲਬਾਤ ''ਚ ਮੁੜ ਯੂਰੇਨੀਅਮ ਨੂੰ ਲੈ ਕੇ ਮੁੜ ਹੋਇਆ ਡੈੱਡਲਾਕ
Saturday, Nov 21, 2026 - 04:59 PM (IST)
ਇੰਟਰਨੈਸ਼ਨਲ ਡੈਸਕ- ਅਮਰੀਕਾ-ਇਰਾਨ ਵਿਚਾਲੇ ਛਿੜੀ ਜੰਗ ਨੂੰ 8 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਹੁਣ ਜਦੋਂ ਅਮਰੀਕਾ ਇਹ ਜੰਗ ਖ਼ਤਮ ਕਰਨ ਲਈ ਇਰਾਨ ਨਾਲ ਗੱਲਬਾਤ ਕਰ ਰਿਹਾ ਹੈ ਤਾਂ ਇਸੇ ਦੌਰਾਨ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇਰਾਨ ਦੇ ਐਨਰਿਚਡ ਯੂਰੇਨੀਅਮ ਦੇ ਭੰਡਾਰ ਨੂੰ ਲੈ ਕੇ ਪੈਦਾ ਹੋਏ ਮਤਭੇਦਾਂ ਕਾਰਨ ਅਮਰੀਕਾ ਅਤੇ ਇਰਾਨ ਵਿਚਾਲੇ ਚੱਲ ਰਹੀ ਗੱਲਬਾਤ ਰੁਕ ਗਈ ਹੈ। ਰਿਪੋਰਟਾਂ ਅਨੁਸਾਰ, ਵਿਚੋਲਗੀ ਕਰ ਰਹੇ ਦੇਸ਼ਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਹ ਡੈੱਡਲਾਕ ਜਾਰੀ ਰਿਹਾ, ਤਾਂ ਉਹ ਮਿਡਲ ਈਸਟ 'ਚ ਮੁੜ ਹਮਲੇ ਸ਼ੁਰੂ ਹੋਣ ਤੋਂ ਰੋਕਣ ਦੀ ਕੋਈ ਗਾਰੰਟੀ ਨਹੀਂ ਦੇ ਸਕਦੇ।
ਸਾਹਮਣੇ ਆਈਆਂ ਰਿਪੋਰਟਾਂ ਮੁਤਾਬਕ, ਅਮਰੀਕਾ ਇਰਾਨ ਤੋਂ ਇੱਕ ਸਪੱਸ਼ਟ ਰੋਡਮੈਪ ਅਤੇ ਲਿਖਤੀ ਗਾਰੰਟੀ ਮੰਗ ਰਿਹਾ ਹੈ ਕਿ ਉਹ ਆਪਣੇ ਐਨਰਿਚਡ ਯੂਰੇਨੀਅਮ ਨੂੰ ਪੂਰੀ ਤਰ੍ਹਾਂ ਖ਼ਤਮ ਕਰੇਗਾ ਅਤੇ ਭਵਿੱਖ 'ਚ ਦੁਬਾਰਾ ਯੂਰੇਨੀਅਮ ਨੂੰ ਐਨਰਿਚ ਨਹੀਂ ਕਰੇਗਾ। ਵਿਚੋਲਗੀ ਕਰਨ ਵਾਲੇ ਦੇਸ਼ਾਂ ਵੱਲੋਂ ਜੰਗ ਨੂੰ ਖ਼ਤਮ ਕਰਨ ਲਈ ਪੇਸ਼ ਕੀਤੇ ਗਏ ਕਈ ਪ੍ਰਸਤਾਵਾਂ ਦੇ ਬਾਵਜੂਦ ਦੋਵੇਂ ਧਿਰਾਂ ਆਪਣੇ ਸਖ਼ਤ ਸਟੈਂਡ 'ਤੇ ਅੜੀਆਂ ਹੋਈਆਂ ਹਨ।
ਇਹ ਵੀ ਪੜ੍ਹੋ- ਹੁਣ ਯੂਰਪ 'ਚੋਂ ਵੀ ਜਹਾਜ਼ ਭਰ-ਭਰ ਡਿਪੋਰਟ ਕੀਤੇ ਜਾਣਗੇ ਪ੍ਰਵਾਸੀ ! 5 ਦੇਸ਼ਾਂ ਨੇ ਰਵਾਂਡਾ ਸਮਝੌਤੇ ਦਾ ਕੀਤਾ ਐਲਾਨ
ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਸਪੱਸ਼ਟ ਕੀਤਾ ਹੈ ਕਿ ਤਹਿਰਾਨ ਸਿਰਫ਼ ਮੌਜੂਦਾ ਕੂਟਨੀਤਕ ਰੁਕਾਵਟ ਨੂੰ ਖ਼ਤਮ ਕਰਨ ਲਈ ਕਿਸੇ ਵੀ ਸਮਝੌਤੇ ਨੂੰ ਸਵੀਕਾਰ ਨਹੀਂ ਕਰੇਗਾ। ਇਕ ਸਰਕਾਰੀ ਅਖ਼ਬਾਰ ਨੂੰ ਦਿੱਤੇ ਗਏ ਇੰਟਰਵਿਊ 'ਚ ਉਨ੍ਹਾਂ ਕਿਹਾ ਕਿ ਇਰਾਨ ਨਾ ਜੰਗ, ਨਾ ਸ਼ਾਂਤੀ ਦੀ ਸਥਿਤੀ ਵਿੱਚ ਰਹਿਣ ਦੀ ਬਜਾਏ ਇੱਕ ਚੰਗਾ ਤੇ ਸਥਾਈ ਸਮਝੌਤਾ ਚਾਹੁੰਦਾ ਹੈ। ਜੂਨ 'ਚ ਹੋਏ ਜੰਗਬੰਦੀ ਸਮਝੌਤੇ ਤੋਂ ਸਿਰਫ਼ 15 ਦਿਨਾਂ ਬਾਅਦ ਮੁੜ ਜੰਗ ਸ਼ੁਰੂ ਹੋਣ ਦਾ ਹਵਾਲਾ ਦਿੰਦਿਆਂ ਅਰਾਘਚੀ ਨੇ ਸਵਾਲ ਕੀਤਾ ਕਿ ਜੇ ਸਮਝੌਤੇ ਦੀ ਦੋ ਮਹੀਨਿਆਂ ਬਾਅਦ ਉਲੰਘਣਾ ਹੋ ਜਾਵੇ ਅਤੇ ਜੰਗ ਮੁੜ ਛਿੜ ਪਵੇ, ਤਾਂ ਅਜਿਹੇ ਸਮਝੌਤੇ ਦਾ ਕੀ ਫ਼ਾਇਦਾ ?
ਪ੍ਰਮਾਣੂ ਮੁੱਦੇ 'ਤੇ ਬੋਲਦਿਆਂ ਅਰਾਘਚੀ ਨੇ ਕਿਹਾ ਕਿ ਇਰਾਨ 60 ਫੀਸਦੀ ਤੱਕ ਸੋਧੇ ਗਏ ਯੂਰੇਨੀਅਮ ਦੇ ਭੰਡਾਰ ਬਾਰੇ ਗੱਲਬਾਤ ਕਰਨ ਲਈ ਤਿਆਰ ਹੈ, ਪਰ ਇਸ ਸਮੱਗਰੀ ਨੂੰ ਦੇਸ਼ ਤੋਂ ਬਾਹਰ ਟਰਾਂਸਫਰ ਕਰਨ ਦੀ ਸੰਭਾਵਨਾ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਕਤਰ ਅਤੇ ਪਾਕਿਸਤਾਨ ਸਣੇ ਹੋਰ ਵਿਚੋਲਿਆਂ ਰਾਹੀਂ ਤਹਿਰਾਨ ਅਤੇ ਵਾਸ਼ਿੰਗਟਨ ਵਿਚਾਲੇ ਸੁਨੇਹਿਆਂ ਦਾ ਆਦਾਨ-ਪ੍ਰਦਾਨ ਜਾਰੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੁਹਰਾਇਆ ਕਿ ਜੇਕਰ ਅਮਰੀਕਾ ਇਰਾਨ ਦੀਆਂ ਸ਼ਰਤਾਂ- ਪ੍ਰਮਾਣੂ ਪ੍ਰੋਗਰਾਮ, ਪਾਬੰਦੀਆਂ ਹਟਾਉਣ ਅਤੇ ਸੁਰੱਖਿਆ ਚਿੰਤਾਵਾਂ ਨੂੰ ਪੂਰਾ ਕਰਦਾ ਹੈ, ਤਾਂ ਤਹਿਰਾਨ ਹੋਰਮੁਜ਼ ਲਾਂਘੇ ਨੂੰ ਮੁੜ ਖੋਲ੍ਹਣ ਲਈ ਤਿਆਰ ਹੈ।
ਇਹ ਵੀ ਪੜ੍ਹੋ- ਸਾਊਦੀ ਨੇ ਕਰ'ਤੀ ਏਅਰਸਟ੍ਰਾਈਕ ! 41 ਲੋਕਾਂ ਦੀ ਗਈ ਜਾਨ, ਹੂਤੀਆਂ ਨੇ ਵੀ ਕੀਤੀ ਜਵਾਬੀ ਕਾਰਵਾਈ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
