''ਜੰਗਲ'' ਪਿੱਛੇ ਹੋ ਗਈ ਅੰਨ੍ਹੇਵਾਹ ਫਾਇਰਿੰਗ ! ਬੱਟਾਗ੍ਰਾਮ ''ਚ 7 ਲੋਕਾਂ ਦੀ ਗਈ ਜਾਨ
Saturday, Nov 21, 2026 - 04:13 PM (IST)
ਇੰਟਰਨੈਸ਼ਨਲ ਡੈਸਕ- ਗੁਆਂਢੀ ਮੁਲਕ ਪਾਕਿਸਤਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਖ਼ੈਬਰ ਪਖ਼ਤੂਨਖ਼ਵਾ ਸੂਬੇ ਦੇ ਬੱਟਾਗ੍ਰਾਮ ਜ਼ਿਲ੍ਹੇ 'ਚ ਜੰਗਲ ਦੀ ਮਾਲਕੀ ਨੂੰ ਲੈ ਕੇ ਦੋ ਸਥਾਨਕ ਕਬੀਲਿਆਂ ਵਿਚਾਲੇ ਹੋਈ ਜ਼ਬਰਦਸਤ ਫਾਇਰਿੰਗ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ। ਪੁਲਸ ਨੇ ਸ਼ਨੀਵਾਰ ਨੂੰ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਖ਼ੂਨੀ ਟਕਰਾਅ ਗਿਲਾਲ ਅਤੇ ਕਲੋਚ ਕਬੀਲਿਆਂ ਦੇ ਹਥਿਆਰਬੰਦ ਮੈਂਬਰਾਂ ਵਿਚਾਲੇ ਹੋਇਆ।
ਪੁਲਸ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ, ਵੀਰਵਾਰ ਰਾਤ ਕਰੀਬ 10 ਵਜੇ ਬੱਟਾਗ੍ਰਾਮ ਜ਼ਿਲ੍ਹੇ ਦੀ ਅੱਲਈ ਘਾਟੀ ਨਾਲ ਸਬੰਧਤ ਗਿਲਾਲ ਕਬੀਲੇ ਅਤੇ ਗੁਆਂਢੀ ਜ਼ਿਲ੍ਹੇ ਕੋਹਿਸਤਾਨ ਦੇ ਕਲੋਚ ਕਬੀਲੇ ਦੇ ਹਥਿਆਰਬੰਦ ਵਿਅਕਤੀ ਬਿਲੀਜਾ ਜੰਗਲ 'ਚ ਆਹਮੋ-ਸਾਹਮਣੇ ਆ ਗਏ। ਪੁਲਸ ਨੇ ਦੱਸਿਆ ਕਿ ਕਲੋਚ ਕਬੀਲੇ ਦੇ ਹਥਿਆਰਬੰਦ ਵਿਅਕਤੀਆਂ ਨੇ ਮੋਰਚੇ ਸੰਭਾਲ ਕੇ ਗੋਲੀਬਾਰੀ ਸ਼ੁਰੂ ਕੀਤੀ, ਜਿਸ ਤੋਂ ਬਾਅਦ ਦੂਜੇ ਪਾਸਿਓਂ ਵੀ ਜਵਾਬੀ ਫਾਇਰਿੰਗ ਹੋਈ। ਇਸ ਭਿਆਨਕ ਗੋਲੀਬਾਰੀ 'ਚ ਗਿਲਾਲ ਕਬੀਲੇ ਦੇ 4 ਅਤੇ ਕਲੋਚ ਕਬੀਲੇ ਦੇ 3 ਮੈਂਬਰ ਮਾਰੇ ਗਏ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਬਿਲੀਜਾ ਜੰਗਲ ਦੀ ਮਾਲਕੀ ਨੂੰ ਲੈ ਕੇ ਇਨ੍ਹਾਂ ਦੋਵਾਂ ਕਬੀਲਿਆਂ ਵਿਚਾਲੇ ਪਿਛਲੇ ਕਈ ਦਹਾਕਿਆਂ ਤੋਂ ਵਿਵਾਦ ਚੱਲ ਰਿਹਾ ਹੈ, ਜਿਸ ਕਾਰਨ ਪਹਿਲਾਂ ਵੀ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਦੋਵਾਂ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਵੱਲੋਂ ਵਿਵਾਦ ਨੂੰ ਸੁਲਝਾਉਣ ਅਤੇ ਕਬੀਲਿਆਂ ਵਿਚਾਲੇ ਸੁਲਾਹ ਕਰਵਾਉਣ ਦੀਆਂ ਵਾਰ-ਵਾਰ ਕੀਤੀਆਂ ਗਈਆਂ ਕੋਸ਼ਿਸ਼ਾਂ ਦੇ ਬਾਵਜੂਦ ਹਾਲੇ ਤੱਕ ਕੋਈ ਪੱਕਾ ਹੱਲ ਨਹੀਂ ਨਿਕਲ ਸਕਿਆ। ਇਸ ਤਾਜ਼ਾ ਹਿੰਸਕ ਝੜਪ ਨੇ ਇਲਾਕੇ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ 'ਤੇ ਇੱਕ ਵਾਰ ਫਿਰ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
