ਭਾਰਤ ਦਾ ਵਿਕਾਸ ਰੋਕਣ ਦੀਆਂ ਸਾਜ਼ਿਸ਼ਾਂ ਰਚ ਰਿਹੈ ਚੀਨ ! USCC ਨੇ ਜਾਰੀ ਕੀਤੀ ਹੈਰਾਨ ਕਰਨ ਵਾਲੀ ਰਿਪੋਰਟ

Saturday, Nov 21, 2026 - 02:40 PM (IST)

ਭਾਰਤ ਦਾ ਵਿਕਾਸ ਰੋਕਣ ਦੀਆਂ ਸਾਜ਼ਿਸ਼ਾਂ ਰਚ ਰਿਹੈ ਚੀਨ ! USCC ਨੇ ਜਾਰੀ ਕੀਤੀ ਹੈਰਾਨ ਕਰਨ ਵਾਲੀ ਰਿਪੋਰਟ

ਇੰਟਰਨੈਸ਼ਨਲ ਡੈਸਕ- ਭਾਰਤ ਇਸ ਸਮੇਂ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਅੱਗੇ ਵਧਦੀ ਹੋਈ ਅਰਥਵਿਵਸਥਾ ਬਣਿਆ ਹੋਇਆ ਹੈ, ਇਸੇ ਦੌਰਾਨ ਅਮਰੀਕੀ ਕਾਂਗਰਸ ਦੇ ਇੱਕ ਉੱਚ-ਪੱਧਰੀ ਕਮਿਸ਼ਨ ਨੇ ਚਿਤਾਵਨੀ ਦਿੱਤੀ ਹੈ ਕਿ ਚੀਨ ਵਿਵਾਦਤ ਸਰਹੱਦ 'ਤੇ ਫ਼ੌਜੀ ਦਬਾਅ, ਪਾਕਿਸਤਾਨ ਨੂੰ ਫ਼ੌਜੀ ਸਹਾਇਤਾ ਅਤੇ ਉਦਯੋਗਿਕ ਸਪਲਾਈ 'ਤੇ ਪਾਬੰਦੀਆਂ ਲਗਾ ਕੇ ਭਾਰਤ ਦੇ ਆਰਥਿਕ ਅਤੇ ਰਣਨੀਤਕ ਵਿਕਾਸ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। 

'ਯੂ.ਐੱਸ.-ਚਾਈਨਾ ਇਕਨਾਮਿਕ ਐਂਡ ਸਕਿਓਰਿਟੀ ਰਿਵਿਊ ਕਮਿਸ਼ਨ' (USCC) ਨੇ ਆਪਣੀ ਸਾਲਾਨਾ ਰਿਪੋਰਟ 'ਚ ਹਿੰਦ ਮਹਾਸਾਗਰ 'ਚ ਚੀਨ ਦੀ ਵਧਦੀ ਘੁਸਪੈਠ ਦਾ ਟਾਕਰਾ ਕਰਨ ਲਈ ਅਮਰੀਕਾ ਅਤੇ ਭਾਰਤ ਵਿਚਾਲੇ ਖ਼ੁਫ਼ੀਆ ਜਾਣਕਾਰੀ, ਸਮੁੰਦਰੀ ਸੁਰੱਖਿਆ ਅਤੇ ਨਿਰਮਾਣ ਖੇਤਰ ਵਿੱਚ ਸਹਿਯੋਗ ਹੋਰ ਡੂੰਘਾ ਕਰਨ ਦੀ ਸਿਫ਼ਾਰਸ਼ ਕੀਤੀ ਹੈ।

ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ ਬੀਜਿੰਗ ਮਜ਼ਬੂਤ ਹੋ ਰਹੇ ਭਾਰਤ ਨੂੰ ਰਣਨੀਤਕ ਚੁਣੌਤੀ ਮੰਨਦਾ ਹੈ ਅਤੇ ਪਾਕਿਸਤਾਨ ਨੂੰ ਫ਼ੌਜੀ ਤੌਰ 'ਤੇ ਮਜ਼ਬੂਤ ਕਰ ਰਿਹਾ ਹੈ, ਜਿਸ 'ਚ 'ਆਪ੍ਰੇਸ਼ਨ ਸਿੰਦੂਰ' ਦੌਰਾਨ ਚੀਨੀ ਇੰਜੀਨੀਅਰਾਂ ਵੱਲੋਂ ਦਿੱਤੀ ਗਈ ਮੌਕੇ 'ਤੇ ਸਹਾਇਤਾ ਵੀ ਸ਼ਾਮਲ ਹੈ। ਕਮਿਸ਼ਨ ਅਨੁਸਾਰ, 2024 ਦੇ ਅਖ਼ੀਰ ਤੋਂ ਭਾਰਤ-ਚੀਨ ਸਬੰਧਾਂ ਵਿੱਚ ਆਈ ਕੁਝ ਨਰਮੀ ਦੇ ਬਾਵਜੂਦ ਚੀਨ ਅਸਲ ਕੰਟਰੋਲ ਰੇਖਾ (LAC) ਅਤੇ ਅਰੁਣਾਚਲ ਪ੍ਰਦੇਸ਼ ਦੇ ਨਾਲ ਲੱਗਦੀ ਸਰਹੱਦ 'ਤੇ ਏਅਰਬੇਸ, ਰੇਲਵੇ ਅਤੇ ਲੌਜਿਸਟਿਕਸ ਨੈੱਟਵਰਕ ਦਾ ਤੇਜ਼ੀ ਨਾਲ ਵਿਸਥਾਰ ਕਰ ਰਿਹਾ ਹੈ, ਤਾਂ ਜੋ ਭਾਰਤ ਨੂੰ ਆਰਥਿਕ ਵਿਕਾਸ ਅਤੇ ਸਮੁੰਦਰੀ ਫ਼ੌਜ ਦੇ ਆਧੁਨਿਕੀਕਰਨ ਤੋਂ ਭਟਕਾਇਆ ਜਾ ਸਕੇ।

ਇਹ ਵੀ ਪੜ੍ਹੋ- ਕੈਨੇਡਾ ਕਾਰ ਪਾਰਕਿੰਗ 'ਚ ਫਾਇਰਿੰਗ ਦੌਰਾਨ ਜਾਨ ਗੁਆਉਣ ਵਾਲੇ ਪੰਜਾਬੀ ਕੁੜੀ-ਮੁੰਡੇ ਬਾਰੇ ਵੱਡਾ ਖ਼ੁਲਾਸਾ

ਕਮਿਸ਼ਨ ਦੀ ਰਿਪੋਰਟ ਅਨੁਸਾਰ ਚੀਨ ਕੋਲ ਭਾਰਤ ਖ਼ਿਲਾਫ਼ ਸਭ ਤੋਂ ਵੱਡਾ ਹਥਿਆਰ ਆਰਥਿਕ ਦਬਾਅ ਹੈ। ਬੀਜਿੰਗ ਭਾਰਤ ਦੀਆਂ ਇਲੈਕਟ੍ਰੋਨਿਕਸ ਫੈਕਟਰੀਆਂ, ਬੈਟਰੀ ਤਕਨਾਲੋਜੀ ਅਤੇ ਰੇਅਰ ਅਰਥ ਮਿਨਰਲਜ਼ ਲਈ ਲੋੜੀਂਦੇ ਇੰਜੀਨੀਅਰਾਂ ਅਤੇ ਉਪਕਰਨਾਂ 'ਤੇ ਪਾਬੰਦੀਆਂ ਲਗਾ ਰਿਹਾ ਹੈ। ਇਸ ਤੋਂ ਇਲਾਵਾ, ਭਾਰਤ ਦੀ ਉਤਪਾਦਨ-ਅਧਾਰਤ ਪ੍ਰੋਤਸਾਹਨ (PLI) ਯੋਜਨਾ ਤਹਿਤ ਲੱਗੇ ਨਵੇਂ ਪਲਾਂਟਾਂ ਨੂੰ ਨੁਕਸਾਨ ਪਹੁੰਚਾਉਣ ਲਈ ਚੀਨੀ ਉਤਪਾਦਕਾਂ ਨੇ 41 ਫਾਰਮਾਸਿਊਟੀਕਲ ਕੱਚੇ ਮਾਲ ਦੀਆਂ ਕੀਮਤਾਂ 'ਚ 40 ਤੋਂ 50 ਫੀਸਦੀ ਤੱਕ ਦੀ ਕਟੌਤੀ ਕਰ ਦਿੱਤੀ ਹੈ।

ਰਿਪੋਰਟ 'ਚ ਭਾਰਤ-ਅਮਰੀਕਾ ਸਬੰਧਾਂ 'ਚ ਸਿਆਸੀ ਇੱਛਾ ਸ਼ਕਤੀ ਅਤੇ ਨੀਤੀਗਤ ਅਮਲ ਵਿਚਾਲੇ ਵਧਦੇ ਪਾੜੇ ਵੱਲ ਵੀ ਇਸ਼ਾਰਾ ਕੀਤਾ ਗਿਆ ਹੈ। GE-HAL F414 ਜੈੱਟ ਇੰਜਣ ਪ੍ਰੋਜੈਕਟ ਦੀ ਮਿਸਾਲ ਦਿੰਦਿਆਂ ਕਿਹਾ ਗਿਆ ਹੈ ਕਿ 2023 'ਚ ਬਣੀ ਸਹਿਮਤੀ ਦੇ ਬਾਵਜੂਦ ਅਮਰੀਕੀ ਤਕਨਾਲੋਜੀ ਪਾਬੰਦੀਆਂ ਅਤੇ ਭਾਰਤੀ ਖ਼ਰੀਦ ਨਿਯਮਾਂ ਕਰ ਕੇ ਅੰਤਿਮ ਸਮਝੌਤੇ 'ਤੇ ਹਾਲੇ ਤੱਕ ਦਸਤਖ਼ਤ ਨਹੀਂ ਹੋ ਸਕੇ ਹਨ। ਇਸ ਦੇ ਨਾਲ ਹੀ ਹਿੰਦ ਮਹਾਸਾਗਰ 'ਚ ਚੀਨੀ ਸਮੁੰਦਰੀ ਫ਼ੌਜ ਅਤੇ ਪਣਡੁੱਬੀਆਂ ਦੀ ਵਧਦੀ ਗਤੀਵਿਧੀ 'ਤੇ ਨਜ਼ਰ ਰੱਖਣ ਲਈ ਸਾਂਝੇ ਖ਼ੁਫ਼ੀਆ ਤੰਤਰ ਦੀ ਲੋੜ 'ਤੇ ਜ਼ੋਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਸਾਊਦੀ ਨੇ ਕਰ'ਤੀ ਏਅਰਸਟ੍ਰਾਈਕ ! 41 ਲੋਕਾਂ ਦੀ ਗਈ ਜਾਨ, ਹੂਤੀਆਂ ਨੇ ਵੀ ਕੀਤੀ ਜਵਾਬੀ ਕਾਰਵਾਈ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News