''ਪ੍ਰਦਰਸ਼ਨ ਕਰਨ ਵਾਲੇ ਮੰਨੇ ਜਾਣਗੇ ਅੱਲ੍ਹਾ ਦੇ ਦੁਸ਼ਮਣ..!'', ਈਰਾਨੀ ਪ੍ਰਸ਼ਾਸਨ ਦੀ ਜਨਤਾ ਨੂੰ ਇਕ ਹੋਰ ਧਮਕੀ

Sunday, Jan 11, 2026 - 12:33 PM (IST)

''ਪ੍ਰਦਰਸ਼ਨ ਕਰਨ ਵਾਲੇ ਮੰਨੇ ਜਾਣਗੇ ਅੱਲ੍ਹਾ ਦੇ ਦੁਸ਼ਮਣ..!'', ਈਰਾਨੀ ਪ੍ਰਸ਼ਾਸਨ ਦੀ ਜਨਤਾ ਨੂੰ ਇਕ ਹੋਰ ਧਮਕੀ

ਇੰਟਰਨੈਸ਼ਨਲ ਡੈਸਕ- ਈਰਾਨ ਨੇ ਪ੍ਰਦਰਸ਼ਨਕਾਰੀਆਂ ਖਿਲਾਫ਼ ਆਪਣੀਆਂ ਧਮਕੀਆਂ ਹੋਰ ਤੇਜ਼ ਕਰ ਦਿੱਤੀਆਂ ਹਨ ਅਤੇ ਅਟਾਰਨੀ ਜਨਰਲ ਮੁਹੰਮਦ ਮੋਵਾਹੇਦੀ ਆਜ਼ਾਦ ਨੇ ਚਿਤਾਵਨੀ ਦਿੱਤੀ ਕਿ ਵਿਰੋਧ-ਪ੍ਰਦਰਸ਼ਨਾਂ ’ਚ ਹਿੱਸਾ ਲੈਣ ਵਾਲੇ ਕਿਸੇ ਵੀ ਵਿਅਕਤੀ ਨੂੰ ‘ਅੱਲ੍ਹਾ ਦਾ ਦੁਸ਼ਮਣ’ ਮੰਨਿਆ ਜਾਵੇਗਾ, ਜੋ ਮੌਤ ਦੀ ਸਜ਼ਾ ਦੇ ਯੋਗ ਅਪਰਾਧ ਹੈ।

ਅਟਾਰਨੀ ਜਨਰਲ ਦੀਆਂ ਇਹ ਟਿੱਪਣੀਆਂ ਈਰਾਨ ਦੇ ਸਰਕਾਰੀ ਟੈਲੀਵਿਜ਼ਨ ਰਾਹੀਂ ਪ੍ਰਸਾਰਿਤ ਕੀਤੀਆਂ ਗਈਆਂ। ਇਸ ਤੋਂ ਪਹਿਲਾਂ ਈਰਾਨ ਦੇ ਸਰਵਉੱਚ ਨੇਤਾ ਅਯਾਤੁੱਲਾ ਅਲੀ ਖਾਮੇਨੇਈ ਅਤੇ ਹੋਰ ਅਧਿਕਾਰੀਆਂ ਨੇ ਸੰਕੇਤ ਦਿੱਤਾ ਸੀ ਕਿ ਈਰਾਨ ਦਮਨਕਾਰੀ ਕਾਰਵਾਈ ਸ਼ੁਰੂ ਕਰਨ ਜਾ ਰਿਹਾ ਹੈ। ਲੱਗਭਗ 2 ਹਫ਼ਤਿਆਂ ਤੋਂ ਜਾਰੀ ਇਹ ਪ੍ਰਦਰਸ਼ਨ ਹਾਲ ਦੇ ਦਿਨਾਂ ’ਚ ਹੋਰ ਤੇਜ਼ ਹੋ ਗਏ ਹਨ। ਈਰਾਨ ’ਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਘੱਟੋ-ਘੱਟ 217 ਲੋਕਾਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਜਿਨ੍ਹਾਂ ’ਚੋਂ ਜ਼ਿਆਦਾਤਰ ਦੀ ਮੌਤ ਗੋਲੀ ਲੱਗਣ ਨਾਲ ਹੋਈ ਹੈ।

PunjabKesari

ਸਰਕਾਰ ਪ੍ਰਦਰਸ਼ਨ ਰੋਕਣ ਲਈ ਪੂਰੀ ਤਾਕਤ ਲਾ ਰਹੀ
ਰਿਪੋਰਟ ਮੁਤਾਬਕ ਪਹਿਲੇ ਕੁਝ ਦਿਨਾਂ ਤੱਕ ਇਹ ਸਾਫ਼ ਨਹੀਂ ਸੀ ਕਿ ਸਰਕਾਰ ਕੀ ਰੁਖ਼ ਅਪਣਾਏਗੀ। ਖੁਦ ਐਂਟੀ ਰਾਈਟਸ ਪੁਲਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਸੁਰੱਖਿਆ ਫੋਰਸ ਭਰਮ ’ਚ ਹੈ। ਕਿਸੇ ਨੂੰ ਠੀਕ ਤਰ੍ਹਾਂ ਨਹੀਂ ਪਤਾ ਕਿ ਅੱਗੇ ਕੀ ਹੋਣ ਵਾਲਾ ਹੈ ਪਰ ਸ਼ੁੱਕਰਵਾਰ ਨੂੰ ਸਾਹਮਣੇ ਆਈਆਂ ਖ਼ੂਨੀ ਤਸਵੀਰਾਂ ਅਤੇ ਸਖ਼ਤ ਬਿਆਨਾਂ ਤੋਂ ਸਾਫ਼ ਹੋ ਗਿਆ ਕਿ ਹੁਣ ਪੂਰੀ ਤਾਕਤ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਸਰਕਾਰ ਨੇ ਦੇਸ਼ ਭਰ ’ਚ ਇੰਟਰਨੈੱਟ ਅਤੇ ਫ਼ੋਨ ਸਰਵਿਸ ਲੱਗਭਗ ਬੰਦ ਕਰ ਦਿੱਤੀ। ਰਾਸ਼ਟਰਪਤੀ ਮਸੂਦ ਪਜਸ਼ਕੀਆਨ ਜਨਤਕ ਤੌਰ ’ਤੇ ਨਰਮ ਰੁਖ਼ ਦਿਖਾ ਰਹੇ ਹਨ ਪਰ ਉਨ੍ਹਾਂ ਦੇ ਕਈ ਮੰਤਰੀ ਸਖ਼ਤ ਕਾਰਵਾਈ ਦੇ ਪੱਖ ’ਚ ਹਨ। ਸਰਕਾਰ ਦਾ ਦੋਸ਼ ਹੈ ਕਿ ਅਮਰੀਕਾ ਅਤੇ ਇਜ਼ਰਾਈਲ ਇਨ੍ਹਾਂ ਪ੍ਰਦਰਸ਼ਨਾਂ ਨੂੰ ਹਵਾ ਦੇ ਰਹੇ ਹਨ।

ਇਹ ਵੀ ਪੜ੍ਹੋੇ- 'ਇਹ ਭਾਰਤ ਨਹੀਂ..!', ਨਿਊਜ਼ੀਲੈਂਡ 'ਚ ਇਕ ਵਾਰ ਫ਼ਿਰ ਰੋਕਿਆ ਗਿਆ ਨਗਰ ਕੀਰਤਨ

ਕ੍ਰਾਊਨ ਪ੍ਰਿੰਸ ਬੋਲੇ- 'ਦੇਸ਼ ਪਰਤਣ ਦੀ ਤਿਆਰੀ ਕਰ ਰਿਹਾ ਹਾਂ'
ਈਰਾਨ ਦੇ ਕ੍ਰਾਊਨ ਪ੍ਰਿੰਸ ਰਜ਼ਾ ਪਹਿਲਵੀ ਨੇ ਐਲਾਨ ਕੀਤਾ ਹੈ ਕਿ ਉਹ ਦੇਸ਼ ਪਰਤ ਕੇ ਚੱਲ ਰਹੇ ਪ੍ਰਦਰਸ਼ਨਾਂ ’ਚ ਸ਼ਾਮਲ ਹੋਣਗੇ। 65 ਸਾਲ ਦੇ ਰਜ਼ਾ ਪਹਿਲਵੀ ਕਰੀਬ 50 ਸਾਲ ਤੋਂ ਅਮਰੀਕਾ ’ਚ ਜਲਾਵਤਨੀ ’ਚ ਰਹਿ ਰਹੇ ਹਨ। ਸ਼ਨੀਵਾਰ ਸਵੇਰੇ ਉਨ੍ਹਾਂ ਕਿਹਾ ਕਿ ਉਹ ਆਪਣੇ ਦੇਸ਼ ਪਰਤਣ ਦੀ ਤਿਆਰੀ ਕਰ ਰਹੇ ਹਨ। ਸੋਸ਼ਲ ਮੀਡੀਆ ’ਤੇ ਕੀਤੀ ਗਈ ਇਕ ਪੋਸਟ ’ਚ ਰਜ਼ਾ ਪਹਿਲਵੀ ਨੇ ਲਿਖਿਆ-ਮੈਂ ਵੀ ਆਪਣੇ ਦੇਸ਼ ਪਰਤਣ ਦੀ ਤਿਆਰੀ ਕਰ ਰਿਹਾ ਹਾਂ ਤਾਂ ਜੋ ਸਾਡੀ ਰਾਸ਼ਟਰੀ ਕ੍ਰਾਂਤੀ ਦੀ ਜਿੱਤ ਦੇ ਸਮੇਂ ਮੈਂ ਤੁਹਾਡੇ ਸਾਰਿਆਂ ਦੇ ਨਾਲ, ਈਰਾਨ ਦੀ ਮਹਾਨ ਜਨਤਾ ਦੇ ਵਿਚਕਾਰ ਖੜ੍ਹਾ ਹੋ ਸਕਾਂ। ਮੈਨੂੰ ਪੂਰਾ ਭਰੋਸਾ ਹੈ ਕਿ ਉਹ ਦਿਨ ਹੁਣ ਬਹੁਤ ਨੇੜੇ ਹੈ।

PunjabKesari

ਈਰਾਨ ਵੱਡੀ ਮੁਸੀਬਤ ’ਚ ਹੈ, ਲੋਕਾਂ ਨੂੰ ਮਾਰਿਆ ਤਾਂ ਅਸੀਂ ਦਖਲ ਦੇਵਾਂਗੇ : ਟਰੰਪ
ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖਾਮੇਨੇਈ ਦੀ ਅਗਵਾਈ ਵਾਲੇ ਇਸਲਾਮੀ ਸ਼ਾਸਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ, “ਈਰਾਨ ਵੱਡੀ ਮੁਸੀਬਤ ’ਚ ਹੈ। ਲੋਕ ਕੁਝ ਅਜਿਹੇ ਸ਼ਹਿਰਾਂ ’ਤੇ ਕਬਜ਼ਾ ਕਰ ਰਹੇ ਹਨ, ਜਿਨ੍ਹਾਂ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਸੀ। ਅਸੀਂ ਸਥਿਤੀ ’ਤੇ ਬਾਰੀਕੀ ਨਾਲ ਨਜ਼ਰ ਰੱਖ ਰਹੇ ਹਾਂ, ਜੇਕਰ ਉਹ (ਈਰਾਨ ਸਰਕਾਰ) ਪਹਿਲਾਂ ਵਾਂਗ ਲੋਕਾਂ ਨੂੰ ਮਾਰਨਾ ਸ਼ੁਰੂ ਕਰ ਦਿੰਦੇ ਹਨ, ਤਾਂ ਅਸੀਂ ਦਖਲ ਦੇਵਾਂਗੇ। ਈਰਾਨ ਨੇ ਆਪਣੇ ਲੋਕਾਂ ਨਾਲ ਬੁਰਾ ਸਲੂਕ ਕੀਤਾ ਅਤੇ ਹੁਣ ਉਨ੍ਹਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ, ਅਸੀਂ ਇਸ ’ਤੇ ਸਖਤ ਨਜ਼ਰ ਰੱਖ ਰਹੇ ਹਾਂ।”

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News