''''ਤਾਂ ਵੱਢ ਦਿਆਂਗੇ ਦੁਸ਼ਮਣ ਦੇ ਹੱਥ..!'''' ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਇਰਾਨੀ ਪ੍ਰਸ਼ਾਸਨ ਨੇ ਅਖ਼ਤਿਆਰ ਕੀਤਾ ਸਖ਼ਤ ਰੁਖ਼
Thursday, Jan 08, 2026 - 05:09 PM (IST)
ਇੰਟਰਨੈਸ਼ਨਲ ਡੈਸਕ- ਇਰਾਨ ਵਿੱਚ ਚੱਲ ਰਹੇ ਦੇਸ਼ਵਿਆਪੀ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਸਰਕਾਰ ਨੇ ਸਖ਼ਤ ਰੁਖ਼ ਅਖਤਿਆਰ ਕਰ ਲਿਆ ਹੈ। ਇਸ ਦੌਰਾਨ ਪ੍ਰਸ਼ਾਸਨ ਅਤੇ ਫੌਜ ਨੇ ਸਪੱਸ਼ਟ ਕੀਤਾ ਹੈ ਕਿ ਦੇਸ਼ ਵਿਰੁੱਧ 'ਦੁਸ਼ਮਣਾਂ' ਦੀ ਮਦਦ ਕਰਨ ਵਾਲਿਆਂ ਨੂੰ ਹੁਣ ਬਖ਼ਸ਼ਿਆ ਨਹੀਂ ਜਾਵੇਗਾ।
ਇਰਾਨ ਦੇ ਨਿਆਂਪਾਲਿਕਾ ਪ੍ਰਮੁੱਖ ਘੋਲਾਮਹੋਸੈਨ ਮੋਹਸਨੀ ਅਜੇਈ ਨੇ ਕਿਹਾ ਹੈ ਕਿ ਅਮਰੀਕਾ ਅਤੇ ਇਜ਼ਰਾਈਲ ਦੇ ਇਸ਼ਾਰੇ 'ਤੇ ਦੇਸ਼ ਵਿੱਚ ਅਰਾਜਕਤਾ ਫੈਲਾਉਣ ਵਾਲਿਆਂ ਵਿਰੁੱਧ ਕੋਈ ਨਰਮੀ ਨਹੀਂ ਵਰਤੀ ਜਾਵੇਗੀ। ਉਨ੍ਹਾਂ ਮੁਤਾਬਕ, ਹੁਣ ਪ੍ਰਦਰਸ਼ਨਕਾਰੀਆਂ ਕੋਲ ਦੰਗੇ ਕਰਨ ਦਾ ਕੋਈ ਬਹਾਨਾ ਨਹੀਂ ਰਹਿ ਗਿਆ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਤਹਿਰਾਨ ਸ਼ਾਂਤੀਪੂਰਨ ਪ੍ਰਦਰਸ਼ਨਕਾਰੀਆਂ ਨੂੰ ਹਿੰਸਾ ਨਾਲ ਕੁਚਲਦਾ ਹੈ, ਤਾਂ ਅਮਰੀਕਾ ਦਖ਼ਲ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀ ਇਰਾਨੀ ਲੋਕਾਂ ਦਾ ਸਮਰਥਨ ਕੀਤਾ ਹੈ।
ਇਹ ਪਿਛਲੇ ਤਿੰਨ ਸਾਲਾਂ ਦਾ ਸਭ ਤੋਂ ਵੱਡਾ ਅੰਦੋਲਨ ਹੈ, ਜਿਸ ਦੀ ਸ਼ੁਰੂਆਤ ਇਰਾਨੀ ਮੁਦਰਾ 'ਰਿਆਲ' ਦੀ ਭਾਰੀ ਗਿਰਾਵਟ ਕਾਰਨ ਬਾਜ਼ਾਰਾਂ ਦੇ ਬੰਦ ਹੋਣ ਨਾਲ ਹੋਈ ਸੀ। ਹੁਣ ਇਹ ਗੁੱਸਾ ਮਹਿੰਗਾਈ, ਮਾੜੇ ਪ੍ਰਸ਼ਾਸਨਿਕ ਪ੍ਰਬੰਧ ਅਤੇ ਰਾਜਨੀਤਿਕ ਪਾਬੰਦੀਆਂ ਵਿਰੁੱਧ ਪੂਰੇ ਦੇਸ਼ ਵਿੱਚ ਫੈਲ ਚੁੱਕਾ ਹੈ। ਇਰਾਨੀ ਫੌਜ ਦੇ ਮੁਖੀ ਮੇਜਰ ਜਨਰਲ ਅਮੀਰ ਹਾਤਮੀ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਦੁਸ਼ਮਣ ਨੇ ਕੋਈ ਗਲਤੀ ਕੀਤੀ, ਤਾਂ ਉਸ ਦੇ ਹੱਥ ਕੱਟ ਦਿੱਤੇ ਜਾਣਗੇ।
ਹਾਲਾਂਕਿ ਸਰਕਾਰ ਨੇ ਅਧਿਕਾਰਤ ਅੰਕੜੇ ਜਾਰੀ ਨਹੀਂ ਕੀਤੇ, ਪਰ ਰਿਪੋਰਟਾਂ ਅਨੁਸਾਰ ਇਨ੍ਹਾਂ ਪ੍ਰਦਰਸ਼ਨਾਂ ਵਿੱਚ ਹੁਣ ਤੱਕ 30 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਹਜ਼ਾਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਮੇਂ ਇਰਾਨ ਵਿੱਚ ਸਥਿਤੀ ਬੇਹੱਦ ਨਾਜ਼ੁਕ ਬਣੀ ਹੋਈ ਹੈ, ਜਿੱਥੇ ਪ੍ਰਦਰਸ਼ਨਕਾਰੀ ਸੜਕਾਂ 'ਤੇ ਉਤਰ ਕੇ ਸਰਕਾਰ ਪ੍ਰਤੀ ਆਪਣਾ ਸਖ਼ਤ ਵਿਰੋਧ ਪ੍ਰਗਟਾ ਰਹੇ ਹਨ।
