5000 ਮੌਤਾਂ ਤੇ 26 ਹਜ਼ਾਰ ਗ੍ਰਿਫ਼ਤਾਰੀਆਂ! ਈਰਾਨ ''ਚ ਪ੍ਰਦਰਸ਼ਨਕਾਰੀਆਂ ''ਤੇ ਕਹਿਰ
Friday, Jan 23, 2026 - 12:16 PM (IST)
ਦੁਬਈ (ਏਜੰਸੀ) : ਈਰਾਨ ਵਿੱਚ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਦੇਸ਼ਵਿਆਪੀ ਵਿਰੋਧ-ਪ੍ਰਦਰਸ਼ਨ ਹੁਣ ਬੇਹੱਦ ਖ਼ੂਨੀ ਰੂਪ ਅਖਤਿਆਰ ਕਰ ਚੁੱਕਾ ਹੈ। ਮਨੁੱਖੀ ਅਧਿਕਾਰ ਕਾਰਕੁਨਾਂ ਨੇ ਦਾਅਵਾ ਕੀਤਾ ਹੈ ਕਿ ਸਰਕਾਰ ਵੱਲੋਂ ਕੀਤੀ ਗਈ ਸਖ਼ਤ ਕਾਰਵਾਈ ਵਿੱਚ ਹੁਣ ਤੱਕ ਘੱਟੋ-ਘੱਟ 5,002 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਦੇਸ਼ ਵਿੱਚ 8 ਜਨਵਰੀ ਤੋਂ ਇਤਿਹਾਸ ਦੀ ਸਭ ਤੋਂ ਵੱਡੀ ਇੰਟਰਨੈੱਟ ਪਾਬੰਦੀ ਲਗਾਈ ਗਈ ਹੈ, ਜਿਸ ਕਾਰਨ ਅਸਲ ਅੰਕੜੇ ਇਸ ਤੋਂ ਵੀ ਵੱਧ ਹੋਣ ਦਾ ਖ਼ਦਸ਼ਾ ਹੈ।
ਮਰਨ ਵਾਲਿਆਂ ਵਿੱਚ 43 ਮਾਸੂਮ ਬੱਚੇ ਵੀ ਸ਼ਾਮਲ
ਅਮਰੀਕਾ ਸਥਿਤ 'ਹਿਊਮਨ ਰਾਈਟਸ ਐਕਟੀਵਿਸਟਸ ਨਿਊਜ਼ ਏਜੰਸੀ' (HRANA) ਦੀ ਰਿਪੋਰਟ ਮੁਤਾਬਕ, ਮਾਰੇ ਗਏ ਲੋਕਾਂ ਵਿੱਚ 4,716 ਪ੍ਰਦਰਸ਼ਨਕਾਰੀ, 203 ਸਰਕਾਰੀ ਮੁਲਾਜ਼ਮ ਅਤੇ 43 ਬੱਚੇ ਸ਼ਾਮਲ ਹਨ। ਇਸ ਤੋਂ ਇਲਾਵਾ, ਹੁਣ ਤੱਕ 26,800 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਦੂਜੇ ਪਾਸੇ, ਈਰਾਨ ਸਰਕਾਰ ਨੇ ਪਹਿਲੀ ਵਾਰ ਅੰਕੜੇ ਜਾਰੀ ਕਰਦਿਆਂ ਮਰਨ ਵਾਲਿਆਂ ਦੀ ਗਿਣਤੀ 3,117 ਦੱਸੀ ਹੈ, ਜਿਨ੍ਹਾਂ ਵਿੱਚੋਂ ਕਈਆਂ ਨੂੰ ਸਰਕਾਰ ਨੇ "ਅੱਤਵਾਦੀ" ਕਰਾਰ ਦਿੱਤਾ ਹੈ।
ਅਮਰੀਕਾ ਤੇ ਈਰਾਨ ਵਿਚਾਲੇ ਜੰਗ ਵਰਗੇ ਹਾਲਾਤ
ਈਰਾਨ ਦੇ ਅੰਦਰੂਨੀ ਹਾਲਾਤਾਂ ਦੇ ਵਿਚਕਾਰ ਖਾੜੀ ਖੇਤਰ ਵਿੱਚ ਵੱਡਾ ਫੌਜੀ ਤਣਾਅ ਪੈਦਾ ਹੋ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੱਛਮੀ ਏਸ਼ੀਆ ਵੱਲ ਆਪਣੇ ਕਈ ਜੰਗੀ ਬੇੜੇ ਰਵਾਨਾ ਕਰ ਦਿੱਤੇ ਹਨ। ਟਰੰਪ ਨੇ ਇਨ੍ਹਾਂ ਬੇੜਿਆਂ ਨੂੰ "ਆਰਮਾਡਾ" (Armada) ਦਾ ਨਾਮ ਦਿੱਤਾ ਹੈ, ਜਿਸਦਾ ਮਤਲਬ ਜੰਗੀ ਜਹਾਜ਼ਾਂ ਦਾ ਇੱਕ ਬਹੁਤ ਵੱਡਾ ਕਾਫ਼ਲਾ ਹੁੰਦਾ ਹੈ। ਅਮਰੀਕਾ ਦੀ ਇਸ ਹਰਕਤ ਨੇ ਈਰਾਨ ਨਾਲ ਜੰਗ ਦੇ ਖ਼ਦਸ਼ੇ ਨੂੰ ਹੋਰ ਵਧਾ ਦਿੱਤਾ ਹੈ।
