ਅਮਰੀਕੀ ਪਾਬੰਦੀਆਂ ਤੋਂ ਬਾਅਦ ਈਰਾਨੀਆਂ ਨੇ ਫੁਕਿਆ ਅਮਰੀਕੀ ਝੰਡਾ ਤੇ ਟਰੰਪ ਦਾ ਪੁਤਲਾ

Tuesday, Nov 06, 2018 - 01:54 AM (IST)

ਵਾਸ਼ਿੰਗਟਨ/ਤਹਿਰਾਨ — ਅਮਰੀਕੀ ਪਾਬੰਦੀਆਂ ਨਾਲ ਈਰਾਨ ਦੇ ਆਮ ਲੋਕ ਸਹਿਮ ਗਏ ਹਨ। ਉਨ੍ਹਾਂ ਨੂੰ ਰੁਜ਼ਾਨਾ ਦੀ ਜ਼ਿੰਦਗੀ 'ਚ ਹੋਰ ਮੁਸ਼ਕਿਲ ਹਲਾਤਾਂ ਦਾ ਸਾਹਮਣਾ ਕਰਨ ਦਾ ਡਰ ਸਤਾਉਣ ਲੱਗਾ ਹੈ। ਪਹਿਲਾਂ ਤੋਂ ਹੀ ਮੰਹਿਗਾਈ ਦੀ ਮਾਰ ਨਾਲ ਨਜਿੱਠ ਰਹੇ ਈਰਾਨੀਆਂ ਨੂੰ ਲੱਗਦਾ ਹੈ ਕਿ ਸੋਮਵਾਰ ਨੂੰ ਪ੍ਰਭਾਵੀ ਹੋਈਆਂ ਅਮਰੀਕੀਆਂ ਪਾਬੰਦੀਆਂ ਨਾਲ ਉਨ੍ਹਾਂ ਦੀ ਜ਼ਿੰਦਗੀ ਹੋਰ ਵੀ ਮੁਸ਼ਕਿਲ ਹੋਣ ਵਾਲੀ ਹੈ।
ਆਮ ਲੋਕਾਂ ਦਾ ਆਖਣਾ ਹੈ ਕਿ ਈਰਾਨ ਦੇ ਨਾਲ ਸ਼ਕਤੀਸ਼ਾਲੀ ਦੇਸ਼ਾਂ ਵਿਚਾਲੇ ਹੋਏ ਪ੍ਰਮਾਣੂ ਸਮਝੌਤੇ ਨਾਲ ਮਈ 'ਚ ਅਮਰੀਕਾ ਦੇ ਪਿੱਛੇ ਹੱਟਣ ਅਤੇ ਅਗਸਤ 'ਚ ਕੁਝ ਪਾਬੰਦੀਆਂ ਲਾਉਣ ਤੋਂ ਬਾਅਦ ਉਨ੍ਹਾਂ ਦੀਆਂ ਪਰੇਸ਼ਾਨੀਆਂ ਪਹਿਲਾਂ ਹੀ ਵੱਧ ਗਈਆਂ ਸਨ। ਹੁਣ ਤੇਲ ਅਤੇ ਬੈਂਕਿੰਗ ਖੇਤਰ 'ਤੇ ਨਵੀਆਂ ਅਮਰੀਕੀ ਪਾਬੰਦੀਆਂ ਨਾਲ ਆਉਣ ਵਾਲੇ ਦਿਨਾਂ 'ਚ ਉਨ੍ਹਾਂ ਦੀਆਂ ਮੁਸ਼ਕਿਲਾਂ ਹੋਰ ਵਧਣ ਵਾਲੀਆਂ ਹਨ।

PunjabKesari
ਦੂਜੇ ਪਾਸੇ ਐਤਵਾਰ ਨੂੰ ਅਮਰੀਕੀ ਪਾਬੰਦੀਆਂ 'ਤੇ ਤਹਿਰਾਨ 'ਚ ਵੱਡੀ ਗਿਣਤੀ 'ਚ ਲੋਕ ਸੜਕਾਂ 'ਤੇ ਉਤਰੇ ਅਤੇ ਪ੍ਰਦਰਸ਼ਨ ਕੀਤਾ। ਵੀਰਾਨ ਪਏ ਅਮਰੀਕੀ ਦੂਤਘਰ ਦੇ ਬਾਹਰ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਨੇ 'ਡੈਥ ਟੂ ਅਮਰੀਕਾ' ਦੇ ਨਾਅਰੇ ਲਾਏ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪੁਤਲਾ ਫੁੱਕਿਆ। ਇਸ ਦੌਰਾਨ ਅਮਰੀਕੀ ਝੰਡਾ ਵੀ ਫੁਕਿਆ ਗਿਆ। ਟਰੰਪ 2015 'ਚ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ 'ਚ ਹੋਏ ਪ੍ਰਮਾਣੂ ਸਮਝੌਤੇ ਤੋਂ ਪਿੱਛੇ ਹੱਟ ਗਏ ਹਨ।

PunjabKesari
ਸਮਝੌਤੇ 'ਚ ਇਹ ਵਿਵਸਥਾ ਸੀ ਕਿ ਈਰਾਨ ਸੰਯੁਕਤ ਰਾਸ਼ਟਰ ਦੀ ਨਿਗਰਾਨੀ 'ਚ ਆਪਣੀ ਪ੍ਰਮਾਣੂ ਗਤੀਵਿਧੀਆਂ ਨੂੰ ਖਤਮ ਕਰੇਗਾ। ਬਦਲੇ 'ਚ ਈਰਾਨ 'ਤੇ ਲੱਗੀਆਂ ਪਾਬੰਦੀਆਂ ਹਟਾ ਲਈਆਂ ਜਾਣਗੀਆਂ। ਸਮਝੌਤੇ ਨੂੰ ਟਰੰਪ ਨੇ ਕਮਜ਼ੋਰ ਅਤੇ ਈਰਾਨ ਦੇ ਪੱਖ 'ਚ ਕਰਾਰ ਦਿੱਤਾ ਸੀ। ਈਰਾਨ 'ਤੇ ਟਰੰਪ ਦੁਬਾਰਾ ਇਸ ਲਈ ਪਾਬੰਦੀਆਂ ਲਾ ਰਹੇ ਹਨ ਤਾਂ ਜੋ ਉਹ ਆਪਣੇ ਪ੍ਰਮਾਣੂ ਅਤੇ ਬੈਲੇਸਟਿਕ ਮਿਜ਼ਾਇਲ ਪ੍ਰੋਗਰਾਮ ਨੂੰ ਰੋਕਣ ਅਤੇ ਮੱਧ ਪੂਰਬੀ 'ਚ ਛਿੜੀ ਜੰਗ ਨੂੰ ਬੰਦ ਕਰੇ।


Related News