ਇਪਸਾ ਵੱਲੋਂ ਡਾ. ਹਰਭਜਨ ਭਾਟੀਆ ਅਤੇ ਸੁਖਵਿੰਦਰ ਅੰਮ੍ਰਿਤ ਪੁਰਸਕਾਰ ਨਾਲ ਸਨਮਾਨਿਤ

05/16/2022 12:29:52 PM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਆਸਟ੍ਰੇਲੀਆ ਦੀ ਸਿਰਮੌਰ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟ੍ਰੇਲੀਆ ਵੱਲੋਂ ਕੁਈਨਜ਼ਲੈਂਡ ਦੇ ਸਦਰ ਮੁਕਾਮ ਸ਼ਹਿਰ ਬ੍ਰਿਸਬੇਨ ਵਿਖੇ ਛੇਵਾਂ ਭਾਰਤੀ ਸਾਹਿਤ ਉਤਸਵ ਕਰਵਾਇਆ ਗਿਆ। ਤਿੰਨ ਦਿਨਾਂ ਸਾਹਿਤ ਉਤਸਵ ਦਾ ਪਹਿਲਾ ਦਿਨ ਸਨਮਾਨ ਸਮਾਰੋਹ ਅਤੇ ਤ੍ਰੈ ਭਾਸ਼ਾਈ ਕਵੀ ਦਰਬਾਰ ਨੂੰ ਸਮਰਪਿਤ ਰਿਹਾ। ਸਥਾਨਕ ਇੰਡੋਜ਼ ਪੰਜਾਬੀ ਲਾਇਬ੍ਰੇਰੀ ਦੇ ਭਰਵੇਂ ਹਾਲ ਵਿੱਚ ਸਮਾਗਮ ਦੀ ਸ਼ੁਰੂਆਤ ਇਪਸਾ ਦੇ ਕੋਆਰਡੀਨੇਟਰ ਸਰਬਜੀਤ ਸੋਹੀ ਦੇ ਸਵਾਗਤੀ ਸ਼ਬਦਾਂ ਨਾਲ ਹੋਈ, ਇਸ ਤੋਂ ਉਪਰੰਤ ਆਏ ਹੋਏ ਮਹਿਮਾਨ ਲੇਖਕਾਂ ਦੁਆਰਾ ਸ਼ਮ੍ਹਾ ਰੌਸ਼ਨ ਦੀ ਰਸਮ ਨਾਲ ਬਕਾਇਦਾ ਰੂਪ ਵਿਚ ਤ੍ਰੈ-ਭਾਸ਼ਾਈ ਕਵੀ ਦਰਬਾਰ ਵਿਚ ਹਿੰਦੀ, ਉਰਦੂ ਅਤੇ ਪੰਜਾਬੀ ਦੇ ਪ੍ਰਤੀਨਿਧ ਕਵੀਆਂ ਨੇ ਆਪਣੀ ਹਾਜ਼ਰੀ ਲਵਾਈ। 

ਰੁਪਿੰਦਰ ਸੋਜ਼ ਨੇ ਪੰਜਾਬੀ ਕਵੀ ਗੁਰਦਿਆਲ ਦਲਾਲ, ਸਰਬਜੀਤ ਸੋਹੀ ਨੇ ਊਰਦੂ ਸ਼ਾਇਰਾ ਫਰਹਾ ਅਮਾਰ ਅਤੇ ਸੋਮਾ ਨਾਇਰ ਨੇ ਵਿਭਾ ਸਿੰਘ ਦਾਸ ਦਾ ਤੁਆਰਫ਼ ਕਰਵਾਇਆ। ਤਿੰਨਾਂ ਹੀ ਕਵੀਆਂ ਨੇ ਆਪੋ ਆਪਣੀ ਭਾਸ਼ਾ ਵਿਚ ਬਾਕਮਾਲ ਸ਼ਾਇਰੀ ਪੇਸ਼ ਕਰਦਿਆਂ ਸਮਾਗਮ ਦਾ ਖ਼ੂਬਸੂਰਤ ਆਗਾਜ਼ ਕੀਤਾ। ਪ੍ਰਧਾਨਗੀ ਮੰਡਲ ਵਿਚ ਸ਼ਾਮਲ ਵਿਸ਼ੇਸ਼ ਮਹਿਮਾਨ ਬਲਵੰਤ ਸਾਨੀਪੁਰ ਨੇ ਇਪਸਾ ਦੀਆਂ ਲਗਾਤਾਰ ਸਾਹਿਤਕ ਸਰਗਰਮੀਆਂ ਦੀ ਤਾਰੀਫ਼ ਕਰਦਿਆਂ ਇਸ ਨੂੰ ਮਾਂ ਬੋਲੀ ਦੀ ਅਸਲ ਸੇਵਾ ਕਿਹਾ। ਤਸਮਾਨੀਆ ਤੋ ਆਏ ਡਾ. ਅਰਵਿੰਦਰ ਪਾਲ ਕੌਰ ਜੀ ਨੇ ਇਪਸਾ ਦੀ ਸਾਹਿਤ ਅਤੇ ਮਾਂ ਬੋਲੀ ਪ੍ਰਤੀ ਸੇਵਾ ਅਤੇ ਸਮਰਪਣ ਦੀ ਸ਼ਲਾਘਾ ਕਰਦਿਆਂ ਕਿਹਾ ਪਰਵਾਸ ਵਿਚ ਇਹਨਾਂ ਕੰਮਾਂ ਦੇ ਬਹੁਤ ਗਹਿਰੇ ਅਰਥ ਹਨ। ਇਪਸਾ ਵੱਲੋਂ ਜੀਵਨ ਭਰ ਦੀਆਂ ਪ੍ਰਾਪਤੀਆਂ ਅਤੇ ਸਾਹਿਤਕ ਯੋਗਦਾਨ ਲਈ ਦਿੱਤਾ ਜਾਣ ਵਾਲਾ ਸਾਲਾਨਾ ਪੁਰਸਕਾਰ ਕੋਰੋਨਾ ਕਾਰਨ ਪਿਛਲੇ ਸਾਲ ਦਾ ਅਤੇ ਇਸ ਸਾਲ ਦਾ ਪੁਰਸਕਾਰ ਕ੍ਰਮਵਾਰ ਸੁਖਵਿੰਦਰ ਅੰਮ੍ਰਿਤ ਅਤੇ ਡਾ. ਹਰਭਜਨ ਸਿੰਘ ਭਾਟੀਆ ਜੀ ਨੂੰ ਇਕੱਠਿਆਂ ਇਸ ਉਤਸਵ ਵਿਚ ਦਿੱਤਾ ਗਿਆ।

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਫੈਡਰਲ ਚੋਣਾਂ : ਮੁੱਖ ਮੁਕਾਬਲਾ ਸੱਤਾਧਾਰੀ ਲੇਬਰ ਪਾਰਟੀ ਅਤੇ ਲਿਬਰਲ ਪਾਰਟੀ ਦਰਮਿਆਨ

ਸੁਖਵਿੰਦਰ ਅੰਮ੍ਰਿਤ ਨੇ ਆਪਣੀ ਸ਼ਾਇਰੀ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ, ਆਪਣੀ ਖ਼ੂਬਸੂਰਤ ਸ਼ਾਇਰੀ ਅਤੇ ਉਸ ਤੋਂ ਵੀ ਉੱਪਰ ਆਪਣੇ ਖ਼ੂਬਸੂਰਤ ਅੰਦਾਜ਼ ਨਾਲ ਮਾਹੌਲ ਦਿਲਕਸ਼ ਬਣਾ ਦਿੱਤਾ। ਨਾਮਵਰ ਆਲੋਚਕ ਡਾ ਹਰਭਜਨ ਸਿੰਘ ਭਾਟੀਆ ਜੀ ਨੇ ਆਪਣੇ ਸੰਬੋਧਨ ਵਿਚ ਇਪਸਾ ਦੇ ਕਾਰਜਾਂ, ਪਰਵਾਸੀ ਸਾਹਿਤ, ਸਾਹਿਤ ਦਾ ਮਨੋਰਥ ਅਤੇ ਮਾਤ ਭਾਸ਼ਾ ਬਾਰੇ ਬਹੁਤ ਖ਼ੂਬਸੂਰਤ ਵਿਚਾਰ ਰੱਖੇ। ਸਮਾਗਮ ਦੇ ਮੁੱਖ ਮਹਿਮਾਨ ਜਿੰਦਰ ਨੇ ਆਪਣੇ ਲੇਖਣ ਤਜਰਬਿਆਂ ਅਤੇ ਪੜ੍ਹਣ ਰੁਚੀ ਬਾਰੇ ਗੱਲ ਕੀਤੀ। ਇਸ ਉਤਸਵ ਵਿਚ ਕਵਿੱਤਰੀ ਹਰਜੀਤ ਸੰਧੂ ਦੀ ਪਲੇਠੀ ਬਾਲ ਸਾਹਿਤ ਦੀ ਪੁਸਤਕ ਵੱਡੇ ਵੱਡੇ ਸੁਪਨੇ ਲੋਕ ਅਰਪਣ ਕੀਤੀ ਗਈ। ਕਵੀ ਦਰਬਾਰ ਵਿਚ ਚੇਤਨਾ ਗਿੱਲ, ਹਰਜੀਤ ਸੰਧੂ, ਨਿਰਮਲ ਦਿਓਲ, ਇਕਬਾਲ ਸਿੰਘ ਧਾਮੀ ਆਦਿ ਕਵੀਆਂ ਨੇ ਬਹੁਤ ਵਧੀਆ ਰੰਗ ਬੰਨਿਆ। ਸਮਾਗਮ ਦੇ ਅੰਤ ਵਿਚ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਮਨਜੀਤ ਬੋਪਾਰਾਏ ਜੀ ਨੇ ਬ੍ਰਿਸਬੇਨ ਵਿਚ ਹੋਏ ਮੁੱਢਲੇ ਕਾਰਜਾਂ ਦੇ ਬਾਰੇ ਚਾਨਣਾ ਪਾਇਆ ਅਤੇ ਇੰਡੋਜ਼ ਦੀ ਬਹੁਪੱਖੀ ਸੋਚ ਅਤੇ ਕਾਰਜਾਂ ਬਾਰੇ ਵਿਚਾਰ ਸਾਂਝੇ ਕੀਤੇ। 

ਇਸ ਮੌਕੇ ਇਪਸਾ ਦੇ ਸਰਪ੍ਰਸਤ ਜਰਨੈਲ ਬਾਸੀ, ਅਜੇਪਾਲ ਥਿੰਦ, ਜਗਦੀਪ ਗਿੱਲ, ਐਡਵੋਕੇਟ ਗੁਰਪ੍ਰੀਤ ਬੱਲ, ਸ਼ਮਸ਼ੇਰ ਸਿੰਘ ਚੀਮਾਬਾਠ, ਗੁਰਵਿੰਦਰ ਖੱਟੜਾ, ਤਜਿੰਦਰ ਭੰਗੂ, ਭੁਪਿੰਦਰ ਜਟਾਣਾ, ਸੁਖਮੰਦਰ ਸੰਧੂ, ਸੈਮੀ ਸਿੱਧੂ, ਪਾਲ ਰਾਊਕੇ, ਮੀਤ ਧਾਲੀਵਾਲ, ਮਨਮੋਹਨ ਰੰਧਾਵਾ, ਬਿਕਰਮਜੀਤ ਸਿੰਘ ਚੰਦੀ ਆਦਿ ਹਾਜ਼ਰ ਸਨ। ਸਟੇਜ ਸੈਕਟਰੀ ਦੀ ਭੂਮਿਕਾ ਸਰਬਜੀਤ ਸੋਹੀ ਨੇ ਅਤੇ ਰੁਪਿੰਦਰ ਸੋਜ਼ ਨੇ ਬਾਖੂਬੀ ਨਿਭਾਈ।
 


Vandana

Content Editor

Related News