ਇਪਸਾ ਵੱਲੋਂ ਡਾ. ਸੁਖਪਾਲ ਸਿੰਘ ਦਾ ਸਨਮਾਨ, ਸੀਰਾ ਗਰੇਵਾਲ਼ ਦੀ ਕਿਤਾਬ ਲੋਕ ਅਰਪਣ

03/09/2020 3:52:32 PM

ਬ੍ਰਿਸਬੇਨ,(ਸਤਵਿੰਦਰ ਟੀਨੂੰ)— ਆਸਟਰੇਲੀਆ ਦੀ ਨਾਮਵਰ ਸੰਸਥਾ 'ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟਰੇਲੀਆ' ਵੱਲੋਂ ਇਨ੍ਹੀਂ ਦਿਨੀਂ ਆਸਟਰੇਲੀਆ ਆਏ ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨਾਲ ਸੰਬੰਧਿਤ ਉੱਘੇ ਚਿੰਤਕ ਅਤੇ ਅਰਥ ਸ਼ਾਸਤਰੀ ਡਾ. ਸੁਖਪਾਲ ਸਿੰਘ ਦੀ ਪ੍ਰਧਾਨਗੀ ਹੇਠ ਇਕ ਸਮਾਗਮ ਆਯੋਜਿਤ ਕੀਤਾ ਗਿਆ। ਜਿਸ ਵਿੱਚ ਸਥਾਨਕ ਲੇਖਕਾਂ ਅਤੇ ਪੀ. ਏ. ਯੂ. ਦੇ ਪੁਰਾਣੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਸਮਾਗਮ ਦੇ ਪਹਿਲੇ ਭਾਗ ਵਿੱਚ ਡਾ. ਸੁਖਪਾਲ ਸਿੰਘ ਹੁਰਾਂ ਦਾ ਤੁਆਰਫ਼ ਕਰਵਾਉਂਦਿਆਂ ਸਰਬਜੀਤ ਸੋਹੀ ਨੇ ਸੰਖੇਪ ਵਿੱਚ ਉਨ੍ਹਾਂ ਬਾਰੇ ਜਾਣਕਾਰੀ ਦਿੱਤੀ। ਇਸ ਉਪਰੰਤ ਸੈਕਟਰੀ ਦਲਵੀਰ ਹਲਵਾਰਵੀ ਨੇ ਸਟੇਜ ਦੀ ਕਾਰਵਾਈ ਸੰਭਾਲ਼ ਲਈ। ਇਪਸਾ ਦੇ ਕੋਆਰਡੀਨੇਟਰ ਮਨਜੀਤ ਬੋਪਾਰਾਏ ਨੇ ਆਪਣੇ ਸਵਾਗਤੀ ਸ਼ਬਦਾਂ ਵਿੱਚ ਡਾ. ਸੁਖਪਾਲ ਸਿੰਘ ਨੂੰ 'ਜੀ ਆਇਆਂ' ਕਿਹਾ ਅਤੇ ਇਪਸਾ ਦੀਆਂ ਸਰਗਰਮੀਆਂ ਬਾਰੇ ਚਾਨਣਾ ਪਾਇਆ। ਇਸ ਤੋਂ ਬਾਅਦ ਕਵੀ ਦਰਬਾਰ ਵਿੱਚ ਰੁਪਿੰਦਰ ਸੋਜ਼, ਜਸਵੰਤ ਵਾਗਲਾ, ਸਰਬਜੀਤ ਸੋਹੀ, ਮਿਸਜ਼ ਰੀਟਾ ਆਦਿ ਕਲਮਕਾਰਾਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।
PunjabKesari

ਪ੍ਰੋਗਰਾਮ ਦੇ ਦੂਸਰੇ ਭਾਗ ਵਿੱਚ ਡਾ. ਸੁਖਪਾਲ ਸਿੰਘ ਹੁਰਾਂ ਨੇ ਪੰਜਾਬੀ ਦੇ ਕਿਸਾਨੀ ਸੰਕਟ ਅਤੇ ਖੇਤੀਬਾੜੀ ਦੇ ਧੰਦੇ ਵਿੱਚ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਬਾਰੇ ਗੱਲ ਕੀਤੀ। ਪੰਜਾਬ ਵਿੱਚ ਖੇਤੀਬਾੜੀ ਦੀਆਂ ਸਮੱਸਿਆਵਾਂ ਅਤੇ ਸੀਮਾਵਾਂ ਬਾਰੇ ਬਹੁਤ ਸਾਰੇ ਨੁਕਤੇ ਸਰੋਤਿਆਂ ਨਾਲ ਸਾਂਝੇ ਕਰਦਿਆਂ ਉਨ੍ਹਾਂ ਨੇ ਯੁਵਾ ਵਰਗ ਵਿੱਚ ਪ੍ਰਵਾਸ ਦੇ ਰੁਝਾਣ ਨੂੰ ਇਸ ਨਾਲ ਜੋੜਿਆ। ਡਾ. ਸੁਖਪਾਲ ਸਿੰਘ ਨੇ ਪਿਛਲੇ ਸਰਵਿਆਂ ਅਤੇ ਅੰਕੜਿਆਂ ਦੇ ਆਧਾਰ 'ਤੇ ਜ਼ਮੀਨੀ ਹਕੀਕਤਾਂ ਨੂੰ ਪੇਸ਼ ਕੀਤਾ। ਮੰਡੀ ਦੀ ਵਿਵਸਥਾ ਵਿੱਚ ਕਿਸਾਨੀ ਦੀ ਮੰਦੇਹਾਲੀ ਦੇ ਅਸਲ ਕਾਰਨਾਂ ਦੀ ਨਿਸ਼ਾਨਦੇਹੀ ਕਰਦਿਆਂ ਬਹੁਤ ਨਵੀਂ ਅਤੇ ਤੱਥਾਂ ਭਰਪੂਰ ਜਾਣਕਾਰੀ ਦਿੱਤੀ।

 PunjabKesari

ਅੰਤ ਵਿੱਚ ਇਪਸਾ ਵੱਲੋਂ ਡਾ. ਸੁਖਪਾਲ ਸਿੰਘ ਨੂੰ ਆਪਣੇ ਜੀਵਨ ਭਰ ਦੇ ਖੋਜ ਅਤੇ ਲੇਖਣ ਕਾਰਜਾਂ ਲਈ 'ਅਵਾਰਡ ਆਫ਼ ਆਨਰ' ਦਿੱਤਾ ਗਿਆ ਅਤੇ ਕਵੀ ਸੀਰਾ ਗਰੇਵਾਲ਼ ਰੌਂਤਾ ਦੀ ਪੁਸਤਕ 'ਤੂੰ ਚਾਨਣੀ ਬਿਖੇਰੀ' ਲੋਕ ਅਰਪਣ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਘਬੀਰ ਸਿੰਘ ਸਰਾਏ, ਅਜਾਇਬ ਸਿੰਘ ਵਿਰਕ, ਜਗਦੀਸ਼ ਔਜ਼ਲਾ, ਬਲਵਿੰਦਰ ਸਿੰਘ ਮੌਰੋਂ, ਜਗਦੀਪ ਸਿੰਘ ਗਿੱਲ, ਸ਼ੈਲੀ ਕਾਹਲੋਂ, ਸੁਰਜੀਤ ਸਿੰਘ ਸੰਧੂ, ਪਾਲ ਰਾਊਕੇ, ਹਰਦੀਪ ਵਾਗਲਾ, ਸ੍ਰੀ ਰਾਕੇਸ਼ ਆਦਿ ਹਾਜ਼ਰ ਸਨ। ਸਟੇਜ ਸੈਕਟਰੀ ਦੀ ਭੂਮਿਕਾ ਦਲਵੀਰ ਹਲਵਾਰਵੀ ਵੱਲੋਂ ਬਾਖੂਬੀ ਨਿਭਾਈ ਗਈ।


Related News