ਜੀ-7 ''ਚ ਭਾਰਤ, ਰੂਸ, ਆਸਟ੍ਰੇਲੀਆ, ਕੋਰੀਆ ਨੂੰ ਸੱਦਾ ਦੀ ਯੋਜਨਾ ਤੋਂ ਚੀਨ ਨਾਰਾਜ਼

06/02/2020 9:12:50 PM

ਬੀਜਿੰਗ (ਭਾਸ਼ਾ): ਜੀ-7 ਸਿਖਰ ਸੰਮੇਲਨ ਲਈ ਭਾਰਤ, ਰੂਸ, ਆਸਟ੍ਰੇਲੀਆ ਤੇ ਦੱਖਣੀ ਕੋਰੀਆ ਨੂੰ ਸੱਦਾ ਦੇਣ ਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਯੋਜਨਾ 'ਤੇ ਚੀਨ ਨੇ ਮੰਗਲਵਾਰ ਨੂੰ ਨਾਰਾਜ਼ਗੀ ਭਰੀ ਪ੍ਰਤੀਕਿਰਿਆ ਜਤਾਈ ਤੇ ਕਿਹਾ ਕਿ ਬੀਜਿੰਗ ਦੇ ਖਿਲਾਫ ਕਿਸੇ ਵੀ ਗੁੱਟਬੰਦੀ ਦੀ ਕੋਸ਼ਿਸ਼ ਨਾਕਾਮ ਸਾਬਿਤ ਹੋਵੇਗੀ।

ਜੀ-7 ਦੁਨੀਆ ਦੀ ਚੋਟੀ ਦੀਆਂ 7 ਵਿਕਸਿਤ ਅਰਥਵਿਵਸਥਾਵਾਂ ਦਾ ਸਮੂਹ ਹੈ। ਇਸ ਵਿਚ ਅਮਰੀਕਾ, ਬ੍ਰਿਟੇਨ, ਫਰਾਂਸ, ਜਰਮਨੀ, ਇਟਲੀ, ਜਾਪਾਨ ਤੇ ਕੈਨੇਡਾ ਸ਼ਾਮਲ ਹਨ। ਜਲਵਾਯੂ ਪਰਿਵਰਤਨ, ਸੁਰੱਖਿਆ ਤੇ ਅਰਥਵਿਵਸਥਾ ਸਣੇ ਵੱਖ-ਵੱਖ ਗਲੋਬਲ ਮੁੱਦਿਆਂ 'ਤੇ ਚਰਚਾ ਲਈ ਇਨ੍ਹਾਂ ਦੇਸ਼ਾਂ ਦੇ ਮੁਖੀਆਂ ਦੀ ਹਰ ਸਾਲ ਬੈਠਕ ਹੁੰਦੀ ਹੈ। ਟਰੰਪ ਨੇ ਜੀ-7 ਬੈਠਕ ਸਤੰਬਰ ਤੱਕ ਲਈ ਟਾਲ ਦਿੱਤੀ ਹੈ। ਉਨ੍ਹਾਂ ਨੇ ਇੱਛਾ ਵਿਅਕਤ ਕੀਤੀ ਹੈ ਕਿ ਇਸ ਪੁਰਾਣੇ ਹੋ ਗਏ ਸੰਗਠਨ ਦਾ ਵਿਸਥਾਰ ਕੀਤਾ ਜਾਵੇ ਤੇ ਇਸ ਵਿਚ ਭਾਰਤ ਤੇ ਤਿੰਨ ਹੋਰ ਦੇਸ਼ਾਂ ਨੂੰ ਸ਼ਾਮਲ ਕੀਤਾ ਜਾਵੇ ਤੇ ਇਸ ਨੂੰ ਜੀ-10 ਜਾਂ ਜੀ-11 ਬਣਾਇਆ ਜਾਵੇ। 

ਭਾਰਤ ਤੇ ਤਿੰਨ ਹੋਰ ਦੇਸ਼ਾਂ ਨੂੰ ਜੀ-7 ਸਿਖਰ ਸੰਮੇਲਨ ਵਿਚ ਸੱਦਾ ਦੇਣ ਦੀਆਂ ਟਰੰਪ ਦੀਆਂ ਯੋਜਨਾਵਾਂ ਬਾਰੇ ਵਿਚ ਪੁੱਛੇ ਜਾਣ 'ਤੇ ਚੀਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਝਾਓ ਲਿਜਿਆਨ ਨੇ ਇਥੇ ਮੀਡੀਆ ਬ੍ਰੀਫਿੰਗ ਵਿਚ ਕਿਹਾ ਕਿ ਚੀਨ ਦਾ ਮੰਨਣਾ ਹੈ ਕਿ ਸਾਰੇ ਅੰਤਰਰਾਸ਼ਟਰੀ ਸੰਗਠਨਾਂ ਤੇ ਸੰਮੇਲਨਾਂ ਨੂੰ ਵੱਖ-ਵੱਕ ਦੇਸ਼ਾਂ ਵਿਚਾਲੇ ਆਪਸੀ ਵਿਸ਼ਵਾਸ ਵਧਾਉਣ ਵਾਲਾ ਹੋਣਾ ਚਾਹੀਦਾ ਹੈ, ਜਿਸ ਨਾਲ ਬਹੁ-ਪੱਖੀ ਸਾਂਝੇਦਾਰੀ ਕਾਇਮ ਰਹਿ ਸਕੇ ਤੇ ਵਿਸ਼ਵ ਸ਼ਾਂਤੀ ਤੇ ਵਿਕਾਸ ਨੂੰ ਬੜਾਵਾ ਮਿਲ ਸਕੇ। ਉਨ੍ਹਾਂ ਕਿਹਾ ਕਿ ਸਾਡਾ ਮੰਨਣਾ ਹੈ ਕਿ ਇਹ ਦੁਨੀਆ ਭਰ ਦੇ ਦੇਸ਼ਾਂ ਦੀ ਭਾਰੀ ਬਹੁਮਤ ਦੀ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਚੀਨ ਦੇ ਖਿਲਾਫ ਕੋਈ ਵੀ ਗੁੱਟਬੰਦੀ ਦੀ ਕੋਸ਼ਿਸ਼ ਅਸਫਲ ਰਹੇਗੀ। ਟਰੰਪ ਵਲੋਂ ਭਾਰਤ ਤੇ ਤਿੰਨ ਹੋਰ ਦੇਸ਼ਾਂ ਨੂੰ ਸੱਦੇ ਨਾਲ ਚੀਨ ਵਿਚ ਬੇਚੈਨੀ ਦੀ ਭਾਵਨਾ ਹੈ।


Baljit Singh

Content Editor

Related News