ਜਾਂਚ ਰਿਪੋਰਟ ’ਚ ਕਿਹਾ-ਇਮਰਾਨ ’ਤੇ ਹਮਲਾ ਕੋਈ ਸਾਜਿਸ਼ ਨਹੀਂ ਸੀ
Sunday, Nov 13, 2022 - 06:37 PM (IST)

ਇਸਲਾਮਾਬਾਦ (ਅਨਸ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਹੱਤਿਆ ਦੀ ਕੋਸ਼ਿਸ਼ ’ਤੇ ਪਾਕਿਸਤਾਨ ਦੀ ਸਰਕਾਰ ਨੂੰ ਸੌਂਪੀ ਗਈ ਖੁਫੀਆ ਏਜੰਸੀ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਵਿਚ ਕੋਈ ਸਾਜਿਸ਼ ਸ਼ਾਮਲ ਨਹੀਂ ਹੈ ਅਤੇ ਇਸਨੂੰ ‘ਲੇਨ ਵੁਲਫ’ (ਕਿਸੇ ਇਕੱਲੇ ਵਿਅਕਤੀ ਦਾ ਕਾਰਾ) ਹਮਲਾ ਦੱਸਿਆ ਗਿਆ ਹੈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਰੈਲੀ ਵਿਚ ਹਮਲਾਵਰ ਦੇ ਕਿਸੇ ਹੋਰ ਸਹਿਯੋਗੀ ਦਾ ਅਜੇ ਤੱਕ ਪਤਾ ਨਹੀਂ ਲੱਗਾ ਹੈ। ਇਕ ਹਮਲਾਵਰ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਮੁਖੀ ਇਮਰਾਨ ਖਾਨ ਅਤੇ ਹੋਰ ਨੇਤਾਵਾਂ ਨੂੰ ਲੈ ਕੇ ਜਾ ਰਹੇ ਕੰਟੇਨਰ ’ਤੇ ਗੋਲੀਆਂ ਚਲਾਈਆਂ ਸਨ। ਇਸ ਵਿਚ ਇਮਰਾਨ ਖਾਨ ਸਮੇਤ 13 ਲੋਕ ਜ਼ਖਮੀ ਹੋਏ ਸਨ ਅਤੇ ਇਕ ਵਰਕਰ ਦੀ ਮੌਤ ਹੋ ਗਈ ਸੀ। ਹਮਲਾਵਰ ਮੁਹੰਮਦ ਨਵੀਦ ਨੂੰ ਘਟਨਾ ਸਥਾਨ ’ਤੇ ਪਿਸਤੌਲ ਸਮੇਤ ਫੜ ਲਿਆ ਗਿਆ ਸੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਹੁਣ ਤੱਕ ਮੁਹੱਈਆ ਜਾਣਕਾਰੀ ਦੇ ਆਧਾਰ ’ਤੇ ਨਵੀਦ ਇਕ ਸਵੈ-ਪ੍ਰੇਰਿਤ ਹਮਲਾਵਰ ਸੀ।