ਅਮਰੀਕਾ ਆਉਣ ਵਾਲੇ ਕੌਮਾਂਤਰੀ ਯਾਤਰੀਆਂ ਲਈ ਲਾਗੂ ਹੋਈ ਇਹ ਸ਼ਰਤ

01/14/2021 11:44:01 AM

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਵਿਚ ਵੱਧ ਰਹੀ ਕੋਰੋਨਾ ਵਾਇਰਸ ਦੀ ਲਾਗ ਨੂੰ ਘੱਟ ਕਰਨ ਲਈ ਬੀਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰ (ਸੀ.ਡੀ.ਸੀ ) ਨੇ ਮੰਗਲਵਾਰ ਐਲਾਨ ਕਰਦਿਆਂ ਦੱਸਿਆ ਕਿ ਹਵਾਈ ਸਫ਼ਰ ਕਰਕੇ ਅਮਰੀਕਾ ਵਿਚ ਆਉਣ ਵਾਲੇ ਯਾਤਰੀਆਂ ਨੂੰ ਦੇਸ਼ ਲਈ ਉਡਾਣ ਭਰਨ ਤੋਂ ਪਹਿਲਾਂ ਕੋਵਿਡ-19 ਲਈ ਨੈਗੇਟਿਵ ਟੈਸਟ ਕਰਵਾਉਣਾ ਜ਼ਰੂਰੀ ਹੋਵੇਗਾ। ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਇਨ੍ਹਾਂ ਨਵੇਂ ਨਿਯਮਾਂ ਦਾ ਉਦੇਸ਼ ਕੋਰੋਨਾ ਵਾਇਰਸ ਦੇ ਫੈਲਣ 'ਤੇ ਰੋਕ ਲਗਾਉਣਾ ਹੈ। 

ਸੀ. ਡੀ. ਸੀ. ਅਨੁਸਾਰ 26 ਜਨਵਰੀ ਤੋਂ ਲਾਗੂ ਹੋ ਰਹੇ ਇਨ੍ਹਾਂ ਨਿਯਮਾਂ ਤਹਿਤ ਅਮਰੀਕਾ ਆਉਣ ਵਾਲੇ ਯਾਤਰੀਆਂ ਨੂੰ ਆਪਣੀ ਉਡਾਣ ਤੋਂ ਤਿੰਨ ਦਿਨਾਂ ਦੇ ਅੰਦਰ ਕਰਵਾਏ ਕੋਰੋਨਾ ਟੈਸਟ ਦੀ ਨੈਗੇਟਿਵ ਰਿਪੋਰਟ ਦੇਣੀ ਪਵੇਗੀ। ਸੀ. ਡੀ. ਸੀ. ਦੇ ਡਾਇਰੈਕਟਰ ਰੌਬਰਟ ਰੈਡਫੀਲਡ ਅਨੁਸਾਰ ਟੈਸਟਿੰਗ ਸਾਰੇ ਜ਼ੋਖ਼ਮਾਂ ਨੂੰ ਖ਼ਤਮ ਨਹੀਂ ਕਰਦੀ ਪਰ ਇਹ ਹਵਾਈ ਜਹਾਜ਼ਾਂ, ਹਵਾਈ ਅੱਡਿਆਂ 'ਤੇ ਵਾਇਰਸ ਦੇ ਫੈਲਣ ਨੂੰ ਘਟਾ ਕੇ ਯਾਤਰਾ ਨੂੰ ਵਧੇਰੇ ਸੁਰੱਖਿਅਤ ਅਤੇ ਵਧੇਰੇ ਜ਼ਿੰਮੇਵਾਰ ਬਣਾ ਸਕਦੀ ਹੈ। 

ਇਸ ਤੋਂ ਪਹਿਲਾਂ ਪਿਛਲੇ ਮਹੀਨੇ ਸੰਯੁਕਤ ਰਾਜ ਨੇ ਯੂ. ਕੇ. ਤੋਂ ਉਡਾਣ ਭਰਨ ਵਾਲੇ ਯਾਤਰੀਆਂ ਲਈ ਨੈਗੇਟਿਵ ਕੋਵਿਡ ਟੈਸਟਾਂ ਦੀ ਜ਼ਰੂਰਤ ਨੂੰ ਜ਼ਰੂਰੀ ਕੀਤਾ ਸੀ। ਏਅਰ ਲਾਈਨਜ਼ ਫ਼ਾਰ ਅਮਰੀਕਾ ਅਨੁਸਾਰ, ਸੰਯੁਕਤ ਰਾਜ ਵਿਚ ਇਕ ਸਾਲ ਪਹਿਲਾਂ ਦੇ ਮੁਕਾਬਲੇ ਦਸੰਬਰ ਵਿਚ ਕੌਮਾਂਤਰੀ ਯਾਤਰੀਆਂ ਦੀ ਆਮਦ "ਚ 76 ਫ਼ੀਸਦੀ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ।


Lalita Mam

Content Editor

Related News