ਮਾਮਲਾ ਤਿਰੰਗੇ ਦੇ ਅਪਮਾਨ ਦਾ : UK ਪੁਲਸ ਦੀ ਵੱਡੀ ਕਾਰਵਾਈ, ਦਲ ਖ਼ਾਲਸਾ ਦਾ ਪੰਚ ਪ੍ਰਧਾਨ ਗ੍ਰਿਫ਼ਤਾਰ

Sunday, Aug 06, 2023 - 10:09 PM (IST)

ਲੰਡਨ (ਏਜੰਸੀਆਂ)-ਭਾਰਤ ਦਾ ਯੂ. ਕੇ. ’ਤੇ ਭਾਰੀ ਦਬਾਅ ਤੋਂ ਬਾਅਦ ਲੰਡਨ ਪੁਲਸ ਨੇ ਭਾਰਤੀ ਦੂਤਘਰ ਦੇ ਬਾਹਰ ਝੂਲਦੇ ਤਿਰੰਗੇ ਨੂੰ ਉਤਾਰ ਖਾਲਿਸਤਾਨੀ ਝੰਡਾ ਲਹਿਰਾਉਣ ਦੇ ਮੁੱਖ ਸਾਜ਼ਿਸ਼ਕਰਤਾ ਦਲ ਖਾਲਸਾ ਦੇ ਪ੍ਰਧਾਨ ਗੁਰਚਰਨ ਸਿੰਘ ਨੂੰ ਘਰੋਂ ਗ੍ਰਿਫ਼ਤਾਰ ਕਰਨ ਦਾ ਸਮਾਚਾਰ ਹੈ। ਸੂਤਰਾਂ ਮੁਤਾਬਕ ਦੇਰ ਰਾਤ ਯੂ.ਕੇ. ਪੁਲਸ ਨੇ ਕਾਰਵਾਈ ਕਰਦਿਆਂ ਗੁਰਚਰਨ ਸਿੰਘ ਨੂੰ ਘਰੋਂ ਗ੍ਰਿਫ਼ਤਾਰ ਕੀਤਾ ਤੇ ਪੁੱਛਗਿੱਛ ਉਪਰੰਤ ਜ਼ਮਾਨਤ ’ਤੇ ਛੱਡ ਦਿੱਤਾ ਗਿਆ। NIA ਵੱਲੋਂ ਪੰਜਾਬ ਤੇ ਹਰਿਆਣਾ ਵਿਚ ਕਾਰਵਾਈ ਤੋਂ ਬਾਅਦ ਲੰਡਨ ਘਟਨਾ ਵਿਚ ਸ਼ਾਮਿਲ ਹੋਰ ਮੁਲਜ਼ਮਾਂ ’ਤੇ ਵੀ ਛੇਤੀ ਕਾਰਵਾਈ ਹੋਣ ਦੀਆਂ ਸੰਭਾਵਨਾਵਾਂ ਨੂੰ ਚਾਰ ਮਹੀਨੇ ਬੀਤਣ ’ਤੇ ਬੂਰ ਪੈਂਦਾ ਨਜ਼ਰ ਆ ਰਿਹਾ ਹੈ।

ਤਿਰੰਗਾ ਭਾਰਤ ਦੀ ਆਨ ਤੇ ਸ਼ਾਨ ਦਾ ਪ੍ਰਤੀਕ ਹੈ। ਦੁਨੀਆ ਦੇ ਹਰ ਭਾਰਤੀ ਦੂਤਘਰ ’ਤੇ ਝੂਲਦੇ ਤਿਰੰਗੇ ਵਿਦੇਸ਼ਾਂ ਵਿਚ ਵਸਦੇ ਕਰੋੜਾਂ ਭਾਰਤੀਆਂ ਲਈ ਮਾਣ ਦੀ ਗੱਲ ਹੈ ਪਰ ਲੰਡਨ ਭਾਰਤੀ ਦੂਤਘਰ ਉੱਪਰ ਝੂਲਦੇ ਤਿਰੰਗੇ ਨੂੰ ਖਾਲਿਸਤਾਨ ਅੱਤਵਾਦੀਆਂ ਸਮੇਤ ਭਾਰਤ ’ਚੋਂ ਪੜ੍ਹਨ ਲਈ ਆ ਰਹੇ ਗੁੰਮਰਾਹ ਵਿਦਿਆਰਥੀਆਂ ਦੀ ਜਲਦੀ ਪੱਕੇ ਹੋਣ ਦੀ ਲਾਲਸਾ ਨੇ ਤਿਰੰਗੇ ਦਾ ਅਪਮਾਨ ਕੀਤਾ ਤੇ ਕਰੋੜਾਂ ਭਾਰਤੀਆਂ ਦੀਆਂ ਭਾਵਨਾਵਾਂ ਨੂੰ ਡੂੰਘੀ ਸੱਟ ਵੱਜੀ ਸੀ। ਮਾਰਚ ਮਹੀਨੇ ਦੀ ਵਾਪਰੀ ਘਟਨਾ ਤੋਂ ਬਾਅਦ ਭਾਰਤ ਤੇ ਵਿਦੇਸ਼ਾਂ ਵਿਚ ਨਿਸ਼ਾਨਦੇਹੀ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ।

ਇਸ ਅਪਮਾਨ ਬਦਲੇ NIA ਨੇ ਭਾਰਤ ਅੰਦਰ ਛੁਪੇ ਦੁਸ਼ਮਣਾਂ ਦੇ ਅਣਗਿਣਤ ਟਿਕਾਣਿਆਂ ਨੂੰ ਲੱਭ ਕੇ ਕਾਰਵਾਈ ਆਰੰਭੀ। ਲੰਡਨ ਦੂਤਘਰ ਦੇ ਬਾਹਰ ਝੂਲਦੇ ਤਿਰੰਗੇ ਦੇ ਅਪਮਾਨ ਦੀ ਸਾਜ਼ਿਸ਼ ਕਰਨ ਵਾਲੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਚੀਫ਼ ਅਵਤਾਰ ਖੰਡਾ ਉਰਫ ਰਣਯੋਧ ਸਿੰਘ ਦੀ ਇਕ ਹਸਪਤਾਲ ਵਿਚ ਮੌਤ ਹੋ ਗਈ ਸੀ, ਜਿਸ ਦੀ ਮੌਤ ਨੂੰ ਸ਼ੱਕੀ ਵੇਖਿਆ ਜਾ ਰਿਹਾ ਹੈ। ਇਸ ਘਟਨਾ ਵਿਚ 45 ਦੇ ਕਰੀਬ ਸ਼ੱਕੀ ਲੋਕਾਂ ਦੀਆਂ NIA ਨੇ ਤਸਵੀਰਾਂ ਜਾਰੀ ਕਰ ਆਮ ਲੋਕਾਂ ਕੋਲੋਂ ਮਦਦ ਮੰਗੀ ਸੀ। ਇਨ੍ਹਾਂ ਵਿਚ ਭਾਰਤ ਤੋਂ ਪੜ੍ਹਨ ਆਏ ਵਿਦਿਆਰਥੀਆਂ ਤੋਂ ਇਲਾਵਾ ਸਿੱਖ ਫਾਰ ਜਸਟਿਸ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੋਹਰੀ ਆਗੂ ਸ਼ਾਮਿਲ ਸਨ। ਯੂ.ਕੇ. ਪੁਲਸ ਵੱਲੋਂ ਕੀਤੀ ਕਾਰਵਾਈ ਤੋਂ ਬਾਅਦ 15 ਅਗਸਤ ਨੂੰ ਹੋਣ ਵਾਲੇ ਰੋਸ ਮੁਜ਼ਾਹਰੇ ਵਿਚ ਖਾਲਿਸਤਾਨੀ ਆਗੂਆਂ ਤੇ ਸ਼ਾਮਿਲ ਹੋਣ ਵਾਲੇ ਲੋਕਾਂ ਨੇ ਆਪਣੀ ਦੂਰ ਵਧਾ ਲਈ ਦਿਖ ਰਹੀ ਹੈ।
 


Manoj

Content Editor

Related News