ਯੂਕੇ ਦੇ ਹਜ਼ਾਰਾਂ ਬੰਦੂਕ ਮਾਲਕਾਂ ਦੀ ਜਾਣਕਾਰੀ ਇੰਟਰਨੈੱਟ ''ਤੇ ਲੀਕ
Friday, Sep 03, 2021 - 02:56 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਹਜ਼ਾਰਾਂ ਬੰਦੂਕ ਰੱਖਣ ਵਾਲੇ ਲੋਕਾਂ ਦੀ ਜਾਣਕਾਰੀ ਦੇ ਇੰਟਰਨੈੱਟ 'ਤੇ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਉਹਨਾਂ ਦਾ ਨਾਮ ਅਤੇ ਪਤੇ ਸ਼ਾਮਲ ਹਨ। ਇਸ ਸਬੰਧੀ ਜਾਣਕਾਰੀ ਅਨੁਸਾਰ ਯੂਕੇ ਦੇ 110,000 ਤੋਂ ਵੱਧ ਬੰਦੂਕ ਮਾਲਕਾਂ ਦੇ ਨਾਮ ਅਤੇ ਘਰ ਦੇ ਪਤੇ ਆਨਲਾਈਨ ਲੀਕ ਹੋ ਗਏ ਹਨ, ਜਿਸ ਨਾਲ ਇਹਨਾਂ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਡਰ ਪੈਦਾ ਹੋਇਆ ਹੈ। ਯੂਕੇ ਦੀ ਨੈਸ਼ਨਲ ਕਰਾਈਮ ਰਾਸ਼ਟਰੀ ਏਜੰਸੀ (ਐਨ ਸੀ ਏ) ਅਤੇ ਹੋਰ ਮਾਹਰ ਪੁਲਸ ਅਧਿਕਾਰੀ 'ਗੰਨਟਰੇਡਰ ਵੈਬਸਾਈਟ' ਦੇ ਡੇਟਾਬੇਸ ਵਿੱਚੋਂ ਚੋਰੀ ਹੋਈ ਬੰਦੂਕ ਧਾਰਕਾਂ ਦੀ ਜਾਣਕਾਰੀ ਬਾਰੇ ਜਾਂਚ ਕਰ ਰਹੇ ਹਨ।
ਇਸ ਹਫਤੇ ਸਾਹਮਣੇ ਆਈ ਰਿਪੋਰਟ ਅਨੁਸਾਰ ਗੰਨਟਰੇਡਰ ਵੈੱਬਸਾਈਟ ਤੋਂ ਡਾਟੇ ਨੂੰ ਚੋਰੀ ਕਰਕੇ ਇੱਕ ਪਸ਼ੂ ਅਧਿਕਾਰ ਕਾਰਕੁਨ ਦੇ ਬਲੌਗ ਰਾਹੀਂ ਆਨਲਾਈਨ ਲੀਕ ਕੀਤਾ ਗਿਆ ਹੈ। ਇੱਥੇ ਇਹ ਵੀ ਖਦਸ਼ਾ ਪ੍ਰਗਟਾਇਆ ਗਿਆ ਹੈ ਕਿ ਬੰਦੂਕ ਧਾਰਕਾਂ ਦੇ ਪਤੇ ਦੀ ਜਾਣਕਾਰੀ ਗੂਗਲ ਅਰਥ ਰਾਹੀਂ ਪਹੁੰਚਯੋਗ ਹੈ। ਜਿਸ ਕਰਕੇ ਪਸ਼ੂ ਅਧਿਕਾਰਾਂ ਦੇ ਕਾਰਕੁਨਾਂ ਤੋਂ ਇਲਾਵਾ, ਕੁਝ ਬੰਦੂਕ ਮਾਲਕਾਂ ਨੇ ਡਰ ਜਤਾਇਆ ਹੈ ਕਿ ਉਨ੍ਹਾਂ ਨੂੰ ਅਪਰਾਧੀਆਂ ਦੁਆਰਾ ਨਿਸ਼ਾਨਾ ਬਣਾਇਆ ਜਾ ਸਕਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਇਟਲੀ 'ਚ ਪਹਿਲਾਂ ਤਾਲਾਬੰਦੀ ਫਿਰ ਵੈਕਸੀਨ ਤੇ ਹੁਣ ਗ੍ਰੀਨ ਪਾਸ ਦੇ ਵਿਰੋਧ 'ਚ ਲੋਕ ਸੜਕਾਂ 'ਤੇ ਉਤਰੇ
ਇਹ ਮੰਨਿਆ ਜਾਂਦਾ ਹੈ ਕਿ ਗੂਗਲ ਨੇ ਗੂਗਲ ਡਰਾਈਵ ਤੋਂ ਕਾਰਕੁਨ ਦੇ ਬਲੌਗ ਨਾਲ ਜੁੜੀ ਫਾਈਲ ਨੂੰ ਹਟਾ ਦਿੱਤਾ ਹੈ। ਹਾਲਾਂਕਿ ਡੇਟਾ ਨੂੰ ਸ਼ੁਰੂਆਤੀ ਤੌਰ 'ਤੇ ਡਾਰਕ ਵੈਬ 'ਤੇ ਵੀ ਪ੍ਰਕਾਸ਼ਿਤ ਕੀਤੇ ਜਾਣ ਦੀ ਰਿਪੋਰਟ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਗੰਨਟਰੇਡਰ ਦੁਆਰਾ ਨਵੀਆਂ ਅਤੇ ਵਰਤੀਆਂ ਗਈਆਂ ਸ਼ਾਟਗਨ, ਰਾਈਫਲਾਂ ਅਤੇ ਸ਼ੂਟਿੰਗ ਉਪਕਰਣਾਂ ਨੂੰ ਖਰੀਦਣ ਜਾਂ ਵੇਚਣ ਲਈ ਯੂਕੇ ਦੀ ਪ੍ਰਮੁੱਖ ਕੰਪਨੀ ਵਜੋਂ ਇਸ਼ਤਿਹਾਰ ਦਿੱਤਾ ਜਾਂਦਾ ਹੈ।