ਭਾਰਤੀ ਰਤਨ ਅਤੇ ਗਹਿਣਿਆਂ ਬਾਰੇ ਬ੍ਰਿਟਿਸ਼ ਸ਼ਾਹੀ ਖਜ਼ਾਨੇ 'ਚ ਭੇਜੀਆਂ ਬਸਤੀਵਾਦੀ ਫਾਈਲਾਂ ਤੋਂ ਮਿਲੀ ਜਾਣਕਾਰੀ
Friday, Apr 07, 2023 - 06:14 PM (IST)

ਲੰਡਨ (ਭਾਸ਼ਾ)- ਭਾਰਤੀ ਉਪ-ਮਹਾਂਦੀਪ 'ਤੇ ਸ਼ਾਸਨ ਕਰਨ ਵਿਚ ਸਹਾਇਤਾ ਕਰਨ ਵਾਲੇ ਬ੍ਰਿਟਿਸ਼ ਸਰਕਾਰ ਦੇ ਤਤਕਾਲੀ ਵਿਭਾਗ ਇੰਡੀਆ ਆਫਿਸ ਦੇ ਆਰਕਾਈਵਜ਼ ਤੋਂ ਬਸਤੀਵਾਦੀ ਯੁੱਗ ਦੀ ਇਕ ਫਾਈਲ ਵਿਚ ਖੁਲਾਸਾ ਹੋਇਆ ਹੈ ਕਿ ਬਹੁਤ ਸਾਰੇ ਕੀਮਤੀ ਹੀਰੇ ਅਤੇ ਗਹਿਣੇ ਭਾਰਤ ਤੋਂ ਬ੍ਰਿਟਿਸ਼ ਸ਼ਾਹੀ ਖਜ਼ਾਨੇ ਨੂੰ ਭੇਜੇ ਗਏ ਸਨ। 'ਕਾਸਟ ਆਫ ਦਿ ਕਰਾਊਨ' ਲੜੀ ਦੇ ਹਿੱਸੇ ਵਜੋਂ ਗਾਰਡੀਅਨ ਅਖ਼ਬਾਰ ਅਗਲੇ ਮਹੀਨੇ ਕਿੰਗ ਚਾਰਲਸ III ਦੀ ਤਾਜਪੋਸ਼ੀ ਤੋਂ ਪਹਿਲਾਂ ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ ਦੌਲਤ ਅਤੇ ਵਿੱਤ ਦੀ ਜਾਂਚ ਕਰ ਰਿਹਾ ਹੈ। ਇਸ ਹਫ਼ਤੇ ਇਕ ਰਿਪੋਰਟ ਵਿਚ ਅਖਬਾਰ ਨੇ 'ਇੰਡੀਆ ਆਫਿਸ' ਦੇ ਆਰਕਾਈਵਜ਼ ਤੋਂ 46 ਪੰਨਿਆਂ ਦੀ ਫਾਈਲ ਦਾ ਹਵਾਲਾ ਦਿੱਤਾ ਹੈ।
ਇਸ ਵਿਚ ਕੀਤੀ ਗਈ ਜਾਂਚ ਦਾ ਇਕ ਵੇਰਵਾ ਹੈ ਜਿਸ ਵਿਚ ਮਹਾਰਾਣੀ ਮੈਰੀ (ਮਰਹੂਮ ਮਹਾਰਾਣੀ ਐਲਿਜ਼ਾਬੈਥ II ਦੀ ਦਾਦੀ) ਦੁਆਰਾ ਉਸਦੇ ਸ਼ਾਹੀ ਗਹਿਣਿਆਂ ਦੇ ਸਰੋਤ ਦਾ ਜ਼ਿਕਰ ਕੀਤਾ ਗਿਆ ਹੈ। ਇਸ ਦੇ ਸੰਦਰਭਾਂ ਵਿੱਚ ਪੰਜਾਬ ਦੇ ਤਤਕਾਲੀ ਮਹਾਰਾਜਾ ਰਣਜੀਤ ਸਿੰਘ ਦੇ ਤਬੇਲੇ ਵਿੱਚ ਘੋੜਿਆਂ ਨੂੰ ਸਜਾਉਣ ਲਈ ਵਰਤੀ ਜਾਣ ਵਾਲੀ ਇੱਕ ਪੰਨਾ ਜੜੀ ਸੋਨੇ ਦੀ ਪੇਟੀ ਹੈ, ਜੋ ਹੁਣ ਕਿੰਗ ਚਾਰਲਸ ਦੇ ਸ਼ਾਹੀ ਸੰਗ੍ਰਹਿ ਦਾ ਹਿੱਸਾ ਹੈ। ਅਖਬਾਰ ਦੀ ਜਾਂਚ ਤੋਂ ਖੁਲਾਸਾ ਹੋਇਆ ਕਿ "1912 ਦੀ ਇੱਕ ਰਿਪੋਰਟ ਵਿੱਚ ਦੱਸਦੀ ਹੈ ਕਿ ਕਿਵੇਂ ਚਾਰਲਸ ਦੇ ਸ਼ਾਹੀ ਸੰਗ੍ਰਹਿ ਵਿੱਚ ਇੱਕ ਬੈਲਟ ਸਮੇਤ ਬੇਸ਼ਕੀਮਤੀ ਰਤਨ ਭਾਰਤ ਤੋਂ ਜਿੱਤ ਦੀ ਵਸਤੂ ਦੇ ਰੂਪ ਵਿੱਚ ਲਿਆਂਦੇ ਗਏ ਸਨ ਅਤੇ ਬਾਅਦ ਵਿੱਚ ਮਹਾਰਾਣੀ ਵਿਕਟੋਰੀਆ ਨੂੰ ਦਿੱਤੇ ਗਏ ਸਨ।"
ਪੜ੍ਹੋ ਇਹ ਅਹਿਮ ਖ਼ਬਰ-ਇਸ ਦੇਸ਼ 'ਚ ਅੰਗਰੇਜ਼ੀ 'ਤੇ ਬੈਨ ਦੀ ਤਿਆਰੀ, ਸਥਾਨਕ 'ਪਕਵਾਨ' ਦਾ ਨਾਮ ਗ਼ਲਤ ਲੈਣ 'ਤੇ ਲੱਗੇਗਾ 1 ਕਰੋੜ ਦਾ ਜੁਰਮਾਨਾ
ਇਸ ਵਿੱਚ ਕਿਹਾ ਗਿਆ ਕਿ "ਵਰਣਿਤ ਵਸਤੂਆਂ ਹੁਣ ਬ੍ਰਿਟਿਸ਼ ਸ਼ਾਹੀ ਘਰਾਣੇ ਦੀ ਸੰਪਤੀ ਦੇ ਰੂਪ ਵਿੱਚ ਕਿੰਗ ਦੀ ਮਲਕੀਅਤ ਵਿੱਚ ਹਨ।" ਬਾਅਦ ਵਿਚ 19ਵੀਂ ਸਦੀ ਦੌਰਾਨ ਰਣਜੀਤ ਸਿੰਘ ਦੇ ਪੁੱਤਰ ਦਲੀਪ ਸਿੰਘ ਨੂੰ ਪੰਜਾਬ ਵੱਲੋਂ 'ਈਸਟ ਇੰਡੀਆ ਕੰਪਨੀ' ਨੂੰ ਸੌਂਪਣ ਲਈ ਮਜਬੂਰ ਕੀਤਾ ਗਿਆ ਸੀ। ਮੰਨਿਆ ਜਾਂਦਾ ਹੈ ਕਿ ਈਸਟ ਇੰਡੀਆ ਕੰਪਨੀ ਦੇ ਅਧਿਕਾਰੀਆਂ ਦੁਆਰਾ ਇਸੇ ਤਰ੍ਹਾਂ ਦੀ ਲੁੱਟ ਦੇ ਨਤੀਜੇ ਵਜੋਂ ਕੋਹਿਨੂਰ ਹੀਰਾ ਮਹਾਰਾਣੀ ਵਿਕਟੋਰੀਆ ਦੇ ਕਬਜ਼ੇ ਵਿੱਚ ਆਇਆ ਸੀ। ਜ਼ਿਕਰਯੋਗ ਹੈ ਕਿ ਕੂਟਨੀਤਕ ਵਿਵਾਦ ਤੋਂ ਬਚਣ ਲਈ 6 ਮਈ ਨੂੰ ਮਹਾਰਾਣੀ ਕੈਮਿਲਾ ਦੀ ਤਾਜਪੋਸ਼ੀ ਦੌਰਾਨ ਕੋਹਿਨੂਰ ਹੀਰੇ ਨਾਲ ਜੜੇ ਤਾਜ ਦੀ ਵਰਤੋਂ ਨਾ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਬਕਿੰਘਮ ਪੈਲੇਸ ਦੇ ਬੁਲਾਰੇ ਨੇ ਅਖ਼ਬਾਰ ਨੂੰ ਦੱਸਿਆ ਕਿ ਗੁਲਾਮੀ ਅਤੇ ਬਸਤੀਵਾਦ ਅਜਿਹੇ ਵਿਸ਼ੇ ਹਨ ਜਿਨ੍ਹਾਂ ਨੂੰ ਕਿੰਗ ਚਾਰਲਸ III ਬਹੁਤ ਗੰਭੀਰਤਾ ਨਾਲ ਲੈਂਦਾ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।