ਸਮੁੰਦਰ 'ਚ ਡੁੱਬ ਜਾਵੇਗੀ ਇੰਡੋਨੇਸ਼ੀਆ ਦੀ ਰਾਜਧਾਨੀ, ਇਹ ਹੈ ਵੱਡੀ ਵਜ੍ਹਾ
Wednesday, May 01, 2019 - 12:28 PM (IST)

ਜਕਾਰਤਾ— ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਬਦਲ ਕੇ ਕਿਸੇ ਹੋਰ ਸ਼ਹਿਰ ਲਿਜਾਈ ਜਾ ਸਕਦੀ ਹੈ। ਇਸ ਦਾ ਕਾਰਨ ਇਹ ਹੈ ਇਸ ਸ਼ਹਿਰ ਦਾ ਵੱਡਾ ਹਿੱਸਾ 2050 ਤੱਕ ਸਮੁੰਦਰ 'ਚ ਡੁੱਬ ਸਕਦਾ ਹੈ। ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ 'ਤੇ ਗਲੋਬਲ ਵਾਰਮਿੰਗ ਦਾ ਵੱਡਾ ਖਤਰਾ ਮੰਡਰਾ ਰਿਹਾ ਹੈ। ਅਸਲ 'ਚ ਇੰਡੋਨੇਸ਼ੀਆ ਦਲਦਲੀ ਜ਼ਮੀਨ ਦੇ ਕਿਨਾਰੇ 'ਤੇ ਸਥਿਤ ਹੈ, ਜਿੱਥੇ 13 ਨਦੀਆਂ ਇਕ-ਦੂਜੇ ਨੂੰ ਕੱਟਦੀਆਂ ਹਨ।ਖੋਜਕਾਰਾਂ ਅਨੁਸਾਰ ਗਲੋਬਲ ਵਾਰਮਿੰਗ ਕਾਰਨ 2050 ਤੱਕ ਇਸ ਸ਼ਹਿਰ ਦਾ ਇਕ ਵੱਡਾ ਹਿੱਸਾ ਸਮੁੰਦਰ 'ਚ ਡੁੱਬ ਸਕਦਾ ਹੈ।
ਵਰਲਡ ਇਕੋਨੋਮਿਕ ਫੋਰਮ ਮੁਤਾਬਕ ਜਕਾਰਤਾ ਦੁਨੀਆ ਦਾ ਸਭ ਤੋਂ ਤੇਜ਼ੀ ਨਾਲ ਡੁੱਬ ਰਿਹਾ ਸ਼ਹਿਰ ਹੈ।ਇਸ ਉੱਤਰੀ ਹਿੱਸਾ ਹਰ ਸਾਲ ਔਸਤਨ 1-15 ਸੈਂਟੀਮੀਟਰ ਜ਼ਮੀਨ 'ਚ ਧੱਸਦਾ ਜਾ ਰਿਹਾ ਹੈ।ਨਵੀਂ ਰਾਜਧਾਨੀ ਨੂੰ ਕਿੱਥੇ ਵਸਾਇਆ ਜਾਵੇਗਾ, ਇਸ ਸਬੰਧੀ ਅਜੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ।ਫਿਲਹਾਲ ਪਲੰਕਰਯਾ ਸ਼ਹਿਰ ਦੇ ਨਾਂ ਦੀ ਚਰਚਾ ਹੈ।ਪਲੰਕਰਯਾ ਬੋਰਨੀਆ ਟਾਪੂ 'ਤੇ ਹੈ।
ਇੰਡੋਨੇਸ਼ੀਆ ਦੇ ਯੋਜਨਾ ਮੰਤਰੀ ਬੰਬਾਂਗ ਬ੍ਰਾਡਜੋਨੇਗੋਰੋ ਨੇ ਕਿਹਾ ਕਿ ਰਾਸ਼ਟਰਪਤੀ ਜੋਕੋ ਵਿਡੋਡੋ ਨੇ ਇਕ ਮਹੱਤਵਪੂਰਨ ਫੈਸਲੇ 'ਚ ਰਾਜਧਾਨੀ ਨੂੰ ਦੂਜੀ ਜਗ੍ਹਾ ਲਿਜਾਣ ਬਾਰੇ ਕਿਹਾ ਹੈ। ਹਾਲਾਂਕਿ ਜਿੱਥੋਂ ਤਕ ਰਾਜਧਾਨੀ ਨੂੰ ਦੂਜੀ ਥਾਂ ਵਸਾਉਣ ਦੀ ਗੱਲ ਹੈ ਤਾਂ ਇਸ 'ਚ ਤਕਰੀਬਨ 10 ਸਾਲ ਦਾ ਸਮਾਂ ਲੱਗੇਗਾ ਤੇ ਤਕਰੀਬਨ 2.31 ਲੱਖ ਕਰੋੜ ਰੁਪਏ ਖਰਚ ਹੋਣਗੇ ਕਿਉਂਕਿ ਇਹ ਰਾਸ਼ੀ ਦੂਜੀ ਥਾਂ 'ਤੇ ਲੋਕਾਂ ਦੇ ਰਹਿਣ ਲਈ ਬਣਾਏ ਜਾਣ ਵਾਲੇ ਢਾਂਚੇ ਅਤੇ ਉਨ੍ਹਾਂ ਦੀਆਂ ਸੁਵਿਧਾਵਾਂ 'ਤੇ ਖਰਚ ਹੋਵੇਗੀ। ਸੰਯੁਕਤ ਰਾਸ਼ਟਰ ਮੁਤਾਬਕ, ਜਕਾਰਤਾ ਤਕਰੀਬਨ ਇਕ ਕਰੋੜ ਲੋਕਾਂ ਦਾ ਘਰ ਹੈ। ਹੜ੍ਹ ਕਾਰਨ ਸ਼ਹਿਰ ਦਾ ਕਾਫੀ ਹਿੱਸਾ ਡੁੱਬਿਆ ਰਹਿੰਦਾ ਹੈ। ਇਕ ਰਿਪੋਰਟ ਮੁਤਾਬਕ, 2050 ਤਕ ਜਕਾਰਤਾ ਦਾ 95 ਫੀਸਦੀ ਹਿੱਸਾ ਪਾਣੀ 'ਚ ਡੁੱਬ ਜਾਵੇਗਾ।