ਇੰਡੋਨੇਸ਼ੀਆ ਤੇ ਆਸਟ੍ਰੇਲੀਆ ਨੇ ਤਾਲਿਬਾਨ ਨੂੰ ਜਨਾਨੀਆਂ ਦੇ ਅਧਿਕਾਰਾਂ ਦਾ ਸਨਮਾਨ ਕਰਨ ਦੀ ਕੀਤੀ ਅਪੀਲ

09/09/2021 5:46:03 PM

ਜਕਾਰਤਾ (ਏ. ਪੀ.)-ਦੁਨੀਆ ਦੇ ਸਭ ਤੋਂ ਵੱਧ ਮੁਸਲਿਮ ਆਬਾਦੀ ਵਾਲੇ ਦੇਸ਼ ਇੰਡੋਨੇਸ਼ੀਆ ਦੇ ਵਿਦੇਸ਼ ਮੰਤਰੀ ਰੇਟਨੋ ਮਰਸੁਦੀ ਨੇ ਤਾਲਿਬਾਨ ਨੂੰ ਜਨਾਨੀਆਂ ਦੇ ਅਧਿਕਾਰਾਂ ਦਾ ਸਨਮਾਨ ਕਰਨ ਅਤੇ ਅਫ਼ਗਾਨਿਸਤਾਨ ਨੂੰ ਕੱਟੜਪੰਥੀ ਗਤੀਵਿਧੀਆਂ ਪੈਦਾ ਹੋਣ ਦਾ ਮੈਦਾਨ ਨਾ ਬਣਨ ਦੇਣ ਦੀ ਵੀਰਵਾਰ ਅਪੀਲ ਕੀਤੀ। ਵਿਦੇਸ਼ ਮੰਤਰੀ ਮਰਸੁਦੀ ਨੇ ਆਸਟ੍ਰੇਲੀਆ ਦੇ ਵਿਦੇਸ਼ ਅਤੇ ਰੱਖਿਆ ਮੰਤਰੀਆਂ ਨਾਲ ਇੱਕ ਬੈਠਕ ਤੋਂ ਬਾਅਦ ਇਹ ਟਿੱਪਣੀ ਕੀਤੀ ਹੈ, ਜੋ ਸੁਰੱਖਿਆ ਸਬੰਧਾਂ ਨੂੰ ਵਧਾਉਣ ਲਈ ਜਕਾਰਤਾ ’ਚ ਆਏ ਹਨ। ਮਰਸੁਦੀ ਨੇ ਕਿਹਾ ਕਿ ਇੰਡੋਨੇਸ਼ੀਆ ਅਫ਼ਗਾਨਿਸਤਾਨ ’ਚ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਅਤੇ ਉਮੀਦ ਕਰਦਾ ਹੈ ਕਿ ਦੇਸ਼ ਦੀ ਵਰਤੋਂ ‘‘ਅਫ਼ਗਾਨਿਸਤਾਨ ਨੂੰ ਅੱਤਵਾਦੀ ਸੰਗਠਨਾਂ ਅਤੇ ਗਤੀਵਿਧੀਆਂ ਪੈਦਾ ਹੋਣ ਤੇ ਸਿਖਲਾਈ ਦੇ ਮੈਦਾਨ ਵਜੋਂ ਨਾ ਵਰਤਿਆ ਜਾਵੇ, ਜੋ ਇਸ ਖੇਤਰ ’ਚ ਸ਼ਾਂਤੀ ਅਤੇ ਸਥਿਰਤਾ ਲਈ ਖਤਰਾ ਹਨ।’’ ਤਾਲਿਬਾਨ ਨੇ ਮੰਗਲਵਾਰ ਇੱਕ ਅੰਤ੍ਰਿਮ ਸਰਕਾਰ ਦਾ ਐਲਾਨ ਕੀਤਾ, ਜਿਸ ’ਚ ਸਾਰੇ ਪੁਰਸ਼ ਮੈਂਬਰ ਹਨ।

ਇਸ ਸਰਕਾਰ ’ਚ 1990 ਦੇ ਦਹਾਕੇ ’ਚ ਉਸ ਦੇ ਕੱਟੜਪੰਥੀ ਸ਼ਾਸਨ ਅਤੇ ਅਮਰੀਕਾ ਦੀ ਅਗਵਾਈ ਵਾਲੀਆਂ ਫੌਜਾਂ ਵਿਰੁੱਧ 20 ਸਾਲਾਂ ਦੀ ਲੰਬੀ ਲੜਾਈ ’ਚ ਸ਼ਾਮਲ ਲੋਕ ਮੌਜੂਦ ਹਨ। ਇੰਡੋਨੇਸ਼ੀਆ ਨੇ 2002 ਤੋਂ ਬਾਅਦ ਕਈ ਅੱਤਵਾਦੀ ਹਮਲਿਆਂ ਦਾ ਸਾਹਮਣਾ ਕੀਤਾ ਹੈ। 2002 ’ਚ ਬਾਲੀ ਟਾਪੂ ਉੱਤੇ ਹੋਏ ਹਮਲੇ ’ਚ 202 ਲੋਕ ਮਾਰੇ ਗਏ ਸਨ, ਜਿਨ੍ਹਾਂ ’ਚ ਜ਼ਿਆਦਾਤਰ ਵਿਦੇਸ਼ੀ ਸਨ ਤੇ 88 ਆਸਟ੍ਰੇਲੀਆਈ ਵੀ ਸ਼ਾਮਲ ਸਨ। ਅਲ-ਕਾਇਦਾ ਨਾਲ ਸਬੰਧਿਤ ਜੇਮਾਹ ਇਸਲਾਮੀਆ ਨੈੱਟਵਰਕ ਨੂੰ ਬਾਲੀ ’ਚ ਹੋਏ ਧਮਾਕੇ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਮਰਸੁਦੀ ਅਤੇ ਉਨ੍ਹਾਂ ਦੇ ਆਸਟਰੇਲੀਆਈ ਹਮਰੁਤਬਾ ਮਾਰਿਸੇ ਪਾਇਨੇ ਨੇ ਤਾਲਿਬਾਨ ਨੂੰ ਮਨੁੱਖੀ ਅਧਿਕਾਰਾਂ, ਖਾਸ ਕਰਕੇ ਔਰਤਾਂ ਅਤੇ ਲੜਕੀਆਂ ਦੇ ਅਧਿਕਾਰਾਂ ਦਾ ਸਨਮਾਨ ਕਰਨ ਦੀ ਅਪੀਲ ਕੀਤੀ। ਪਾਇਨੋ ਨੇ ਮਰਸੁਦੀ ਅਤੇ ਆਸਟਰੇਲੀਆ ਦੇ ਰੱਖਿਆ ਮੰਤਰੀ ਪੀਟਰ ਡਟਨ ਅਤੇ ਇੰਡੋਨੇਸ਼ੀਆ ਦੇ ਰੱਖਿਆ ਮੰਤਰੀ ਪ੍ਰਬੋਵੋ ਸੁਬਿਆਂਤੋ ਨਾਲ ਸਾਂਝੀ ਪ੍ਰੈੱਸ ਬ੍ਰੀਫਿੰਗ ’ਚ ਕਿਹਾ, ‘‘ਇਨ੍ਹਾਂ ਮੁੱਦਿਆਂ ਉੱਤੇ ਇਕ ਮਜ਼ਬੂਤ ​​ਆਵਾਜ਼ ਦੇ ਨਾਲ ਇੱਕ ਮੁਸਲਿਮ ਦੇਸ਼ ਹੋਣ ਦੇ ਨਾਤੇ ਇੰਡੋਨੇਸ਼ੀਆ ਨੇ ਅਹਿਮ ਭੂਮਿਕਾ ਨਿਭਾਉਣੀ ਹੈ।”

ਪਾਇਨੋ ਅਤੇ ਡਟਨ ਬੁੱਧਵਾਰ ਨੂੰ ਜਕਾਰਤਾ ਪਹੁੰਚੇ ਸਨ। ਉਹ ਇੰਡੋਨੇਸ਼ੀਆ ਤੋਂ ਇਲਾਵਾ ਹਿੰਦ-ਪ੍ਰਸ਼ਾਂਤ ਖੇਤਰ ’ਚ ਆਸਟਰੇਲੀਆ ਦੀ ਭੂਮਿਕਾ ਨੂੰ ਰੇਖਾਂਕਿਤ ਕਰਨ ਲਈ ਭਾਰਤ, ਦੱਖਣੀ ਕੋਰੀਆ ਅਤੇ ਅਮਰੀਕਾ ਦੇ ਵਿਦੇਸ਼ ਅਤੇ ਰੱਖਿਆ ਮੰਤਰੀਆਂ ਨਾਲ ਮੀਟਿੰਗਾਂ ਕਰੇਗਾ। ਚੀਨ ਹਿੰਦ-ਪ੍ਰਸ਼ਾਂਤ ਖੇਤਰ ’ਚ ਆਪਣਾ ਪ੍ਰਭਾਵ ਅਤੇ ਫੌਜੀ ਸ਼ਕਤੀ ਵਧਾ ਰਿਹਾ ਹੈ। ਇਸ ਮਹੀਨੇ ਦੇ ਅੰਤ ’ਚ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਅਮਰੀਕਾ ਜਾਣਗੇ, ਜਿੱਥੇ ਉਹ ‘ਕਵਾਡ੍ਰੀਲੇਟਰਲ ਸਕਿਓਰਿਟੀ ਡਾਇਲਾਗ’ਵਿੱਚ ਅਮਰੀਕਾ, ਭਾਰਤ ਅਤੇ ਜਾਪਾਨ ਦੇ ਨੇਤਾਵਾਂ ਨੂੰ ਮਿਲਣਗੇ। 


Manoj

Content Editor

Related News