ਇੰਡੀਆਨਾ 'ਚ ਪਿੱਜ਼ਾ ਡਿਲਿਵਰੀ ਕਰਨ ਵਾਲੇ ਨੂੰ ਟਿਪ 'ਚ ਮਿਲੀ ਨਵੀਂ ਕਾਰ

01/25/2021 9:09:05 AM

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਜੇਕਰ ਕਿਸੇ ਵਿਅਕਤੀ ਵਿਚ ਆਪਣੇ ਕੰਮ ਪ੍ਰਤੀ ਲਗਨ ਅਤੇ ਵਿਸ਼ਵਾਸ ਹੋਵੇ ਤਾਂ ਇਕ ਦਿਨ ਸਫ਼ਲਤਾ ਜ਼ਰੂਰ ਮਿਲਦੀ ਹੈ। ਅਜਿਹਾ ਹੀ ਇਕ ਵਾਕਿਆ ਇੰਡੀਆਨਾ ਦੇ ਟਿਪਟਨ ਵਿਚ ਇਕ ਪਿੱਜ਼ਾ ਡਿਲਿਵਰੀ ਕਰਨ ਵਾਲੇ ਕਰਮਚਾਰੀ ਨਾਲ ਹੋਇਆ ਹੈ। 

ਰਾਬਰਟ ਪੀਟਰਜ਼ ਨਾਮ ਦਾ ਇਹ ਪਿੱਜ਼ਾ ਹੱਟ ਦਾ ਕਰਮਚਾਰੀ 31 ਸਾਲਾਂ ਤੋਂ ਆਪਣਾ ਕੰਮ ਸ਼ਿੱਦਤ ਨਾਲ ਕਰ ਰਿਹਾ ਹੈ, ਨੂੰ ਇਸ ਮਹੀਨੇ ਟਿਪ ਦੇ ਰੂਪ ਵਿਚ ਇਕ ਨਵੀਂ ਕਾਰ ਮਿਲੀ ਹੈ। ਰਾਬਰਟ ਪੀਟਰਜ਼ ਅਨੁਸਾਰ ਉਸ ਨੂੰ ਆਪਣੀ ਕਿਸਮਤ 'ਤੇ ਯਕੀਨ ਨਹੀਂ ਹੋਇਆ। 

ਇਸ ਸੰਬੰਧੀ ਪਿੱਜ਼ਾ ਹੱਟ ਨੇ ਦੱਸਿਆ ਕਿ ਰਾਬਰਟ ਸਭ ਤੋਂ ਲੰਬੇ ਸਮੇਂ ਤੋਂ ਉਨ੍ਹਾਂ ਕੋਲ ਕੰਮ ਕਰਦਾ ਹੈ ਜੋ ਆਪਣਾ ਕੰਮ ਈਮਾਨਦਾਰੀ ਨਾਲ ਕਰਦਾ ਹੈ ਅਤੇ ਗਾਹਕਾਂ ਨੂੰ ਹਮੇਸ਼ਾ ਖੁਸ਼ ਰੱਖਦਾ ਹੈ। ਰਾਬਰਟ ਨੂੰ ਮਿਲੀ ਕਾਰ ਲਈ ਉਸ ਦੀ ਗਾਹਕ ਸੇਵਾ ਦਾ ਫਲ ਹੈ, ਜਿਸ ਕਰਕੇ ਪੀਟਰਜ਼ ਨੇ ਆਪਣੇ ਕਸਬੇ ਵਿਚ ਨਾਮਣਾ ਖੱਟਿਆ ਹੈ। 

ਇਹ ਵੀ ਪੜ੍ਹੋ-' ਮਾਝਾ ਯੂਥ ਕਲੱਬ ਬ੍ਰਿਸਬੇਨ' ਵਲੋਂ ਕਿਸਾਨੀ ਸੰਘਰਸ਼ ਦੀ ਹਿਮਾਇਤ ਕਰਨ ਦੀ ਅਪੀਲ
ਇਸ ਪੀਜ਼ਾ ਹੱਟ ਦੇ ਇਕ ਨਿਯਮਤ ਗਾਹਕ ਟੈਨਰ ਲੈਂਗਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀਟਰਸ ਹਮੇਸ਼ਾ ਇਹ ਸੁਨਿਸ਼ਚਿਤ ਕਰਦਾ ਹੈ ਕਿ ਉਸ ਦੇ ਗਾਹਕਾਂ ਨੂੰ ਬਿੱਲ ਵਿਚਲੇ ਵਧੇ ਪੈਸਿਆਂ ਦੀ ਸਹੀ ਵਾਪਸੀ ਹੋਵੇ ਅਤੇ ਇਸ ਲਈ ਉਹ ਸਿਰਫ਼ 15 ਸੈਂਟ ਵਾਪਸ ਕਰਨ ਲਈ ਵੀ 3 ਜਾਂ 4 ਮੀਲ ਦੀ ਤੱਕ ਖ਼ਰਾਬ ਮੌਸਮ ਵਿਚ ਵੀ ਜਾਂਦਾ ਹੈ। ਇਸ ਲਈ ਲੈਂਗਲੀ ਨੇ ਰਾਬਰਟ ਦੀ ਚੰਗੀ ਕਾਰਗੁਜ਼ਾਰੀ ਬਦਲੇ ਉਸ ਦੀ ਮਦਦ ਕਰਨ ਲਈ ਭਾਈਚਾਰੇ ਵਿਚ ਪਹੁੰਚ ਕਰਕੇ ਨਵੀਂ ਕਾਰ ਖਰੀਦਣ ਦੀ ਗੱਲ ਕੀਤੀ। ਇਸ ਦੇ ਬਾਅਦ ਸਿਰਫ ਦੋ ਦਿਨਾਂ ਵਿਚ ਟਿਪਟਨ ਦੇ ਲੋਕਾਂ ਨੇ ਇਕ ਲਾਲ ਚੈਵੀ ਮਾਲਿਬੂ ਕਾਰ ਲਈ ਸਹਾਇਤਾ ਦਿੱਤੀ, ਜਿਸ ਵਿਚ ਬੀਮਾ ਅਤੇ ਗੈਸ ਦੇ ਪੈਸੇ ਵੀ ਸ਼ਾਮਲ ਸਨ ਤੇ ਇਸ ਦੀ ਕੁੱਲ ਕੀਮਤ 19,000 ਡਾਲਰ ਹੈ। 
► ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਇ


Lalita Mam

Content Editor

Related News