ਸਿੰਗਾਪੁਰ ਦੇ ਕਰੂਜ਼ ਜਹਾਜ਼ ਤੋਂ ਲਾਪਤਾ ਹੋਈ ਭਾਰਤੀ ਔਰਤ ਦੀ ਮੌਤ

Wednesday, Aug 02, 2023 - 01:33 PM (IST)

ਸਿੰਗਾਪੁਰ ਦੇ ਕਰੂਜ਼ ਜਹਾਜ਼ ਤੋਂ ਲਾਪਤਾ ਹੋਈ ਭਾਰਤੀ ਔਰਤ ਦੀ ਮੌਤ

ਸਿੰਗਾਪੁਰ (ਭਾਸ਼ਾ)- ਮਲੇਸ਼ੀਆ ਦੇ ਉੱਤਰੀ ਟਾਪੂ ਰਾਜ ਪੇਨਾਂਗ ਤੋਂ ਸਿੰਗਾਪੁਰ ਦੇ ਜਲ ਖੇਤਰ ਤੋਂ ਲੰਘਦੇ ਸਮੇਂ ਕਰੂਜ਼ ਜਹਾਜ਼ ਤੋਂ ਡਿੱਗਣ ਤੋਂ ਬਾਅਦ ਸੋਮਵਾਰ ਨੂੰ ਲਾਪਤਾ ਹੋਈ ਭਾਰਤੀ ਔਰਤ ਦੀ ਮੌਤ ਹੋ ਗਈ ਹੈ। ਔਰਤ ਦੇ ਪੁੱਤਰ ਨੇ ਸੋਸ਼ਲ ਮੀਡੀਆ ਰਾਹੀਂ ਇਸ ਦੀ ਜਾਣਕਾਰੀ ਦਿੱਤੀ। ਮਹਿਲਾ ਦੇ ਪੁੱਤਰ ਵਿਵੇਕ ਸਾਹਨੀ ਨੇ 'ਸਪੈਕਟ੍ਰਮ ਆਫ਼ ਦਿ ਸੀਜ਼' ਕਰੂਜ਼ ਦੀ ਸੀਸੀਟੀਵੀ ਫੁਟੇਜ ਦੇਖਣ ਤੋਂ ਬਾਅਦ ਕਿਹਾ, "ਫੁਟੇਜ ਦੇਖਣ ਤੋਂ ਬਾਅਦ, ਸਾਨੂੰ ਬਦਕਿਸਮਤੀ ਨਾਲ ਪਤਾ ਲੱਗਾ ਹੈ ਕਿ ਸਾਡੀ ਮਾਂ ਨਹੀਂ ਰਹੀ।" ਵਿਵੇਕ ਦੀ ਮਾਂ ਰੀਟਾ ਸਾਹਨੀ ਅਤੇ ਪਿਤਾ ਜੈਕੇਸ਼ ਸਾਹਨੀ 'ਸਪੈਕਟ੍ਰਮ ਆਫ ਦਿ ਸੀਜ਼' 'ਤੇ ਸਨ। ਇਸ ਤੋਂ ਪਹਿਲਾਂ ਜੋੜੇ ਦੇ ਇਕ ਹੋਰ ਪੁੱਤਰ ਅਪੂਰਵਾ ਸਾਹਨੀ ਨੇ ਸੋਮਵਾਰ ਨੂੰ ਦੱਸਿਆ ਸੀ ਕਿ ਉਸ ਦੀ ਮਾਂ ਨੂੰ ਤੈਰਨਾ ਨਹੀਂ ਆਉਂਦਾ ਸੀ। ਸਿੰਗਾਪੁਰ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਉਹ ਔਰਤ ਦੇ ਪਰਿਵਾਰ ਦੇ ਸੰਪਰਕ ਵਿੱਚ ਹੈ। ਇਹ ਘਟਨਾ ਸੋਮਵਾਰ ਨੂੰ ਵਾਪਰੀ ਜਦੋਂ ਰੀਟਾ (64) ਅਤੇ ਜੈਕੇਸ਼ (70) 'ਸਪੈਕਟ੍ਰਮ ਆਫ਼ ਦਿ ਸੀਜ਼' 'ਤੇ ਸਵਾਰ ਹੋ ਕੇ ਪੇਨਾਗ ਤੋਂ ਸਿੰਗਾਪੁਰ ਵਾਪਸ ਜਾ ਰਹੇ ਸਨ। ਸੋਮਵਾਰ ਨੂੰ ਜੋੜੇ ਦੀ 4 ਦਿਨ ਦੀ ਕਰੂਜ਼ ਯਾਤਰਾ ਦਾ ਆਖ਼ਰੀ ਦਿਨ ਸੀ। ਔਰਤ ਕਰੂਜ਼ ਜਹਾਜ਼ ਤੋਂ ਹੇਠਾਂ ਡਿੱਗ ਗਈ ਸੀ।

ਟਵੀਟ ਦੀ ਇੱਕ ਲੜੀ ਵਿੱਚ, ਭਾਰਤੀ ਹਾਈ ਕਮਿਸ਼ਨ ਨੇ ਕਿਹਾ ਕਿ ਮੰਦਭਾਗੀ ਘਟਨਾ ਦੀ ਖ਼ਬਰ ਮਿਲਣ ਤੋਂ ਬਾਅਦ ਉਹ ਸਾਹਨੀ ਪਰਿਵਾਰ ਨਾਲ ਲਗਾਤਾਰ ਸੰਪਰਕ ਵਿੱਚ ਹੈ। ਹਾਈ ਕਮਿਸ਼ਨ ਨੇ ਕਿਹਾ ਕਿ ਉਹ ਸਬੰਧਤ ਮੁੱਦਿਆਂ ਨੂੰ ਸੁਲਝਾਉਣ ਲਈ ਸਿੰਗਾਪੁਰ ਦੇ ਅਧਿਕਾਰੀਆਂ ਨਾਲ ਵੀ ਸੰਪਰਕ ਵਿੱਚ ਹੈ ਅਤੇ ਕਾਨੂੰਨੀ ਪ੍ਰਕਿਰਿਆਵਾਂ ਨੂੰ ਆਸਾਨ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਮਿਸ਼ਨ ਨੇ ਕਿਹਾ ਕਿ ਉਸਨੇ ਰਾਇਲ ਕੈਰੇਬੀਅਨ ਕਰੂਜ਼ ਕੰਪਨੀ ਦੇ ਭਾਰਤ ਮਾਮਲਿਆਂ ਦੇ ਮੁਖੀ ਨਾਲ ਵੀ ਸੰਪਰਕ ਕੀਤਾ ਹੈ। ਹਾਈ ਕਮਿਸ਼ਨ ਨੇ ਕਿਹਾ, ''ਅਸੀਂ ਇਸ ਮੁਸ਼ਕਲ ਸਮੇਂ 'ਚ ਪਰਿਵਾਰ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਵਚਨਬੱਧ ਹਾਂ।'' ਸੋਮਵਾਰ ਨੂੰ ਜਦੋਂ ਜੈਕੇਸ਼ ਜਾਗਿਆ ਤਾਂ ਉਸ ਨੇ ਆਪਣੀ ਪਤਨੀ ਨੂੰ ਆਪਣੇ ਕਮਰੇ 'ਚੋਂ ਗਾਇਬ ਦੇਖਿਆ। ਜੈਕੇਸ਼ ਨੇ ਕਰੂਜ਼ 'ਤੇ ਆਪਣੀ ਪਤਨੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਿਹਾ। ਉਸ ਨੇ ਬਾਅਦ ਵਿੱਚ ਜਹਾਜ਼ ਦੇ ਅਮਲੇ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਉਸ ਨੂੰ ਦੱਸਿਆ ਕਿ ਜਹਾਜ਼ ਵਿੱਚੋਂ ਕੁੱਝ ਸਿੰਗਾਪੁਰ ਜਲ ਖੇਤਰ ਵਿੱਚ ਡਿੱਗਾ ਹੈ।


author

cherry

Content Editor

Related News