ਕੈਨੇਡਾ ’ਚ ਚੀਨ ਖ਼ਿਲਾਫ਼ ਭਾਰਤੀ ਸਮੱਰਥਕਾਂ ਨੇ ਕੀਤਾ ਪ੍ਰਦਰਸ਼ਨ

Monday, Jul 06, 2020 - 02:21 AM (IST)

ਕੈਨੇਡਾ ’ਚ ਚੀਨ ਖ਼ਿਲਾਫ਼ ਭਾਰਤੀ ਸਮੱਰਥਕਾਂ ਨੇ ਕੀਤਾ ਪ੍ਰਦਰਸ਼ਨ

ਓਟਾਵਾ - ‘ਫ੍ਰੈਂਡਸ ਆਫ ਇੰਡੀਆ’ ਨਾਂ ਦੇ ਸੰਗਠਨ ਨਾਲ ਜੁੜੇ ਲੋਕਾਂ ਨੇ ਸ਼ਨੀਵਾਰ ਨੂੰ ਕੈਨੇਡਾ ਦੇ ਵੈਂਕੂਵਰ ਸ਼ਹਿਰ ’ਚ ਚੀਨੀ ਵਪਾਰਕ ਦੂਤਘਰ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੌਰਾਨ ਚੀਨ ’ਚ ਹਿਰਾਸਤ ’ਚ ਲਏ ਗਏ ਕੈਨੇਡਾਈ ਲੋਕਾਂ ਦੀ ਰਿਹਾਈ ਦੀ ਮੰਗ ਕੀਤੀ ਗਈ।

ਚੀਨ ਨੇ ਰਾਸ਼ਟਰੀ ਸੁਰੱਖਿਆ ਸਬੰਧੀ ਦੋਸ਼ਾਂ ’ਚ 2 ਕੈਨੇਡਾਈ ਨਾਗਰਿਕਾਂ ਮਾਈਕਲ ਕੋਵਰਿਗ ਅਤੇ ਮਾੀਕਲ ਸਪਾਵਰ ਨੂੰ ਹਿਰਾਸਤ ’ਚ ਰੱਖਿਆ ਹੈ। ਕੈਨੇਡਾ ਦਾ ਮੰਨਣਾ ਹੈ ਕਿ 2018 ’ਚ ਵੈਂਕੂਵਰ ’ਚ ਹੁਆਵੇ ਦੀ ਮੁੱਖ ਵਿੱਤੀ ਅਧਿਕਾਰੀ ਮੇਂਗ ਵਾਨਝੋਉ ਦੀ ਅਮਰੀਕੀ ਹਵਾਨਗੀ ਵਾਰੰਟ ’ਤੇ ਗ੍ਰਿਫਤਾਰੀ ਦਾ ਬਦਲਾ ਲੈਣ ਲਈ ਚੀਨ ਨੇ ਇਨ੍ਹਾਂ ਦੋਨਾਂ ਲੋਕਾਂ ਨੂੰ ਹਿਰਾਸਤ ’ਚ ਲਿਆ ਹੈ। ਗਲੋਬਲ ਨਿਊਜ ਕੈਨੇਡਾ ਮੁਤਾਬਕ ਫ੍ਰੈਂਡਸ ਆਫ ਇੰਡੀਆ’ ਨਾਲ ਜੁੜੇ ਮਨਿੰਦਰ ਸਿੰਘ ਗਿੱਲ ਨੇ ਕਿਹਾ ਕਿ ਸਪਾਵਰ ਅਤੇ ਕੋਵਰਿਗ ਨੂੰ ਤੁਰੰਤ ਰਿਹਾਅ ਕੀਤਾ ਜਾਣਾ ਚਾਹੀਦਾ ਹੈ। 42 ਸਾਲ ਪਹਿਲਾਂ ਕੈਨੇਡਾ ’ਚ ਵਸੇ ਗਿੱਲ ਨੇ ਕਿਹਾ ਕਿ ਇਨ੍ਹਾਂ ਦੋਨਾਂ ਦੀ ਰਿਹਾਈ ਕੈਨੇਡਾਈ ਮੁੱਲਾਂ ਨੂੰ ਬਣਾਏ ਰੱਖਣ ਲਈ ਅਹਿਮ ਹੈ। ਗਿੱਲ ਨੇ ਕਿਹਾ ਕਿ ਚੀਨ ਹਰ ਕਿਸੇ ਨੂੰ ਦੁਨੀਆਭਰ ’ਚ ਧਮਕਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਚੀਨੀ ਸਰਕਾਰ ਨੂੰ ਇਕ ਮਜ਼ਬੂਤ ਸੁਨੇਹਾ ਭੇਜਣਾ ਚਾਹੁੰਦੇ ਹਾਂ, ਇਸ ਲਈ ਅਸੀਂ ਚੀਨੀ (ਵਪਾਰਕ ਦੂਤਘਰ) ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ।

ਚੀਨ ਨੇ ਹਿਰਾਸਤ ’ਚ ਲਏ ਗਏ ਦੋਨੋਂ ਲੋਕਾਂ ’ਤੇ ਦੇਸ਼ ਦੀ ਅਹਿਮ ਖੁਫੀਆ ਜਾਣਕਾਰੀ ਚੋਰੀ ਕਰਨ ਦਾ ਦੋਸ਼ ਲਗਾਇਆ ਹੈ। ਦੋਨਾਂ ਦੇ ਖਿਲਾਫ ਜੂਨ ’ਚ ਰਸਮੀ ਤੌਰ ’ਤੇ ਦੋਸ਼ ਲਗਾਏ ਗਏ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 24 ਜੂਨ ਨੂੰ ਕੈਨੇਡਾ ’ਚ ਚੀਨ ਦੇ ਖਿਲਾਫ ਭਾਰਤੀ ਨਾਗਰਿਕਾਂ ਨੇ ਪ੍ਰਦਰਸ਼ਨ ਕੀਤਾ ਸੀ। ਕੈਨੇਡਾ ਦੇ ਵੈਂਕੂਵਰ ’ਚ ਚੀਨੀ ਵਪਾਰਕ ਦੂਤਘਰ ਦਫਤਰ ਦੇ ਬਾਹਰ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਇਕੱਠੇ ਹੋ ਕੇ ਪ੍ਰਦਰਸ਼ਨ ਕੀਤਾ ਸੀ। ਇਸ ਦੌਰਾਨ ਲੋਕ ਹੱਥਾਂ ’ਚ ‘ਸਟਾਪ ਕਿਲਿੰਗ ਪੀਪੁਲ ਇਨ ਇੰਡੀਆ’, ‘ਬੈਕ ਆਫ ਚਾਈਨਾ’ ਅਤੇ ‘ਡੋਂਟ ਥ੍ਰੇਟਨ’ ਵਰਗੇ ਹੋਰਡਿੰਗਸ ਫੜ੍ਹੀ ਨਜ਼ਰ ਆਏ ਸਨ। ਪ੍ਰਦਰਸ਼ਨ ਦੌਰਾਨ ਕੁਝ ਲੋਕਾਂ ਨੇ ਹੱਥਾਂ ’ਚ ਭਾਰਤ ਦਾ ਝੰਡਾ ਵੀ ਫੜ੍ਹਿਆ ਹੋਇਆ ਸੀ।


author

Khushdeep Jassi

Content Editor

Related News