ਟਰੰਪ ਦੇ ਬਿਆਨ ਮਗਰੋਂ ਧੜੰਮ ਡਿੱਗਾ ਸ਼ੇਅਰ ਬਾਜ਼ਾਰ ! 1500 ਅੰਕ ਦਾ ਗੋਤਾ ਲਾ ਗਿਆ Sensex
Thursday, Apr 02, 2026 - 09:43 AM (IST)
ਨਵੀਂ ਦਿੱਲੀ- ਵੀਰਵਾਰ ਸਵੇਰੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਰਾਨ ਜੰਗ ਅਤੇ ਅਮਰੀਕੀ ਚੋਣ ਨਿਯਮਾਂ ਵਿੱਚ ਵੱਡੇ ਬਦਲਾਅ ਬਾਰੇ ਦਿੱਤੇ ਗਏ ਬਿਆਨਾਂ ਨੇ ਗਲੋਬਲ ਬਾਜ਼ਾਰਾਂ ਸਮੇਤ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਭੂਚਾਲ ਲਿਆ ਦਿੱਤਾ ਹੈ। ਇਸ ਕਾਰਨ ਬਾਜ਼ਾਰ ਖੁੱਲਦਿਆਂ ਹੀ ਬੀ.ਐੱਸ.ਈ. ਸੈਂਸੈਕਸ ਅਤੇ ਨਿਫਟੀ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ।
ਖੁੱਲ੍ਹਦੇ ਸਾਰ ਹੀ ਸੈਂਸੈਕਸ ਲਗਭਗ 1,550 ਅੰਕ ਹੇਠਾਂ ਡਿੱਗ ਕੇ 71,700 ਦੇ ਨੇੜੇ 'ਤੇ ਕਾਰੋਬਾਰ ਕਰ ਰਿਹਾ ਹੈ, ਜਦਕਿ ਨਿਫਟੀ ਵੀ 400 ਤੋਂ ਵੱਧ ਅੰਕ ਟੁੱਟ ਕੇ 22,250 ਦੇ ਨੇੜੇ ਚੱਲ ਰਿਹਾ ਹੈ। ਇਸ ਵੱਡੀ ਗਿਰਾਵਟ ਕਾਰਨ ਕੁਝ ਹੀ ਮਿੰਟਾਂ ਵਿੱਚ ਨਿਵੇਸ਼ਕਾਂ ਦੇ ਲੱਖਾਂ-ਕਰੋੜਾਂ ਰੁਪਏ ਸਵਾਹ ਹੋ ਗਏ ਹਨ।
ਇਹ ਵੀ ਪੜ੍ਹੋ- ਜੰਗ 'ਚ ਇਕੱਲੇ ਪੈਣ ਲੱਗੇ ਟਰੰਪ ਸਾਬ੍ਹ ! ਸਪੇਨ, ਬ੍ਰਿਟੇਨ ਮਗਰੋਂ ਇਕ ਹੋਰ ਦੇਸ਼ ਨੇ ਛੱਡਿਆ ਸਾਥ
ਜ਼ਿਕਰਯੋਗ ਹੈ ਕਿ ਅੱਜ ਆਪਣੇ ਸੰਬੋਧਨ ਦੌਰਾਨ ਟਰੰਪ ਨੇ ਕਿਹਾ ਕਿ ਅਮਰੀਕਾ ਇਰਾਨ ਖਿਲਾਫ਼ ਜੰਗ 'ਚ ਜਿੱਤ ਰਿਹਾ ਹੈ। ਇਸ ਜੰਗ 'ਚ ਇਰਾਨ ਦੀ ਨੇਵੀ ਤੇ ਏਅਰ ਫੋਰਸ ਪੂਰੀ ਤਰ੍ਹਾਂ ਖ਼ਤਮ ਹੋ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਅਮਰੀਕਾ ਆਪਣੇ ਨਾਗਰਿਕਾਂ ਨੂੰ ਇਰਾਨ 'ਚੋਂ ਕੱਢ ਰਿਹਾ ਹੈ ਤੇ ਜਦੋਂ ਇਹ ਕੰਮ ਪੂਰਾ ਹੋ ਜਾਵੇਗਾ ਤਾਂ ਅਗਲੇ 2-3 ਹਫ਼ਤਿਆਂ ਦੌਰਾਨ ਇਰਾਨ 'ਤੇ ਹੋਰ ਭਿਆਨਕ ਹਮਲੇ ਕੀਤੇ ਜਾਣਗੇ। ਟਰੰਪ ਦੇ ਇਸ ਬਿਆਨ ਨੇ ਕਿ ਜੰਗ ਹਾਲੇ ਖ਼ਤਮ ਨਹੀਂ ਹੋਵੇਗੀ, ਨੇ ਸ਼ੇਅਰ ਬਾਜ਼ਾਰ 'ਚ ਤੜਥੱਲੀ ਮਚਾ ਦਿੱਤੀ ਹੈ, ਜਿਸ ਕਾਰਨ ਇਹ ਵੱਡੀ ਗਿਰਾਵਟ ਦੇਖੀ ਗਈ ਹੈ।
ਇਸ ਤੋਂ ਪਹਿਲਾਂ ਜਦੋਂ ਟਰੰਪ ਨੇ ਸੰਕੇਤ ਦਿੱਤੇ ਸੀ ਕਿ ਇਹ ਜੰਗ ਗੱਲਬਾਤ ਰਾਹੀਂ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤਾਂ ਸ਼ੇਅਰ ਬਾਜ਼ਾਰ ਨੇ ਆਪਣੀ ਵਾਪਸੀ ਸ਼ੁਰੂ ਕਰ ਦਿੱਤੀ ਸੀ, ਪਰ ਇਸ ਤਾਜ਼ਾ ਬਿਆਨ ਨੇ ਇਕ ਵਾਰ ਫ਼ਿਰ ਤੋਂ ਨਿਵੇਸ਼ਕਾਂ 'ਚ ਹਾਹਾਕਾਰ ਮਚਾ ਦਿੱਤੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
